ਡੀਸੀ ਨਾਲ ਬਦਸਲੂਕੀ ਦੇ ਦੋਸ਼ ਹੇਠ ਵਿਧਾਇਕ ਬੈਂਸ ਖ਼ਿਲਾਫ਼ ਕੇਸ ਦਰਜ

ਪਟਾਕਾ ਫੈਕਟਰੀ ਧਮਾਕੇ ਤੋਂ ਬਾਅਦ ਪੀੜਤਾਂ ਅਤੇ ਜ਼ਖਮੀਆਂ ਦੀ ਸਾਰ ਲੈਣ ਆਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸਿਵਲ ਹਸਪਤਾਲ ਬਟਾਲਾ ’ਚ ਗੁਰਦਾਸਪੁਰ ਦੇ ਡੀਸੀ ਵਿਪੁਲ ਉਜਵਲ ਨੂੰ ਧਮਕਾਉਣ, ਬਦਸਲੂਕੀ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਬਟਾਲਾ ਪੁਲੀਸ ਨੇ ਅੱਜ ਵਿਧਾਇਕ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਹ ਘਟਨਾ 5 ਸਤੰਬਰ ਦੀ ਹੈ। ਥਾਣਾ ਸਿਟੀ ਬਟਾਲਾ ਦੀ ਪੁਲੀਸ ਨੇ ਬਟਾਲਾ ਦੇ ਐੱਸਡੀਐੱਮ ਬਲਬੀਰ ਰਾਜ ਸਿੰਘ ਦੇ ਬਿਆਨਾਂ ’ਤੇ ਇਹ ਕੇਸ ਦਰਜ ਕੀਤਾ ਹੈ।
ਡੀਐੱਸਪੀ ਸਿਟੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਐੱਸਡੀਐੱਮ ਬਟਾਲਾ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ 4 ਸਤੰਬਰ ਨੂੰ ਬਟਾਲਾ ਸ਼ਹਿਰ ’ਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਣ ਦੀ ਘਟਨਾ ਤੋਂ ਬਾਅਦ 5 ਸਤੰਬਰ ਨੂੰ ਬਾਅਦ ਦੁਪਹਿਰ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਅਤੇ ਲਾਸ਼ਾਂ ਦੀ ਸ਼ਨਾਖਤ ਕਰਨ ਲਈ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਸੀ ਜਿਸ ਵਿੱਚ ਐੱਸਐੱਸਪੀ ਬਟਾਲਾ ਓਪਿੰਦਰਜੀਤ ਸਿੰਘ ਘੁੰਮਣ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਤਜਿੰਦਰਪਾਲ ਸਿੰਘ ਸੰਧੂ, ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ, ਐੱਸਐੱਮਓ ਬਟਾਲਾ ਡਾ. ਸੰਜੀਵ ਭੱਲਾ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਇਸੇ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ਕਰੀਬ 20 ਸਾਥੀਆਂ ਸਮੇਤ ਐੱਸਐੱਮਓ ਦਫ਼ਤਰ ਵਿੱਚ ਜ਼ਬਰਦਸਤੀ ਦਾਖਲ ਹੋਏ ਅਤੇ ਮ੍ਰਿਤਕ ਸਤਨਾਮ ਸਿੰਘ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਦੀ ਸ਼ਨਾਖਤ ਨੂੰ ਲੈ ਕੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਡਿਪਟੀ ਕਮਿਸ਼ਨਰ ਨੂੰ ਅਪਸ਼ਬਦ ਕਹੇ। ਉਨ੍ਹਾਂ ਦੱਸਿਆ ਕਿ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਆਏ ਉਸ ਦੇ ਸਾਥੀਆਂ ਨੇ ਮੋਬਾਈਲ ਫੋਨ ’ਚ ਵੀਡਿਓ ਬਣਾ ਕੇ ਉਸ ਨੂੰ ਐਡਿਟ ਕਰਕੇ ਵਾਇਰਲ ਕਰ ਦਿੱਤਾ ਜਿਸ ਨਾਲ ਡਿਪਟੀ ਕਮਿਸ਼ਨਰ ਦਾ ਅਕਸ ਖਰਾਬ ਹੋਇਆ ਹੈ।
ਥਾਣਾ ਸਿਟੀ ਬਟਾਲਾ ਪੁਲੀਸ ਨੇ ਅੱਜ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਦੀਆਂ ਟੀਮਾਂ ਰਵਾਨਾ ਕਰ ਦਿੱਤੀਆਂ ਹਨ। ਕੇਸ ਦਰਜ ਕਰਨ ਵਿੱਚ ਹੋਈ ਦੇਰੀ ਦਾ ਕਾਰਨ ਜਾਣਨ ਲਈ ਜਦ ਐੱਸਐੱਸਪੀ ਬਟਾਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਉਸ ਦਿਨ ਬਚਾਅ ਕਾਰਜਾਂ ਵਿੱਚ ਰੁੱਝੇ ਹੋਣ ਕਾਰਨ ਪੁਲੀਸ ਨੂੰ ਕੇਸ ਦਰਜ ਕਰਨ ਵਿੱਚ ਦੇਰੀ ਹੋਈ ਹੈ।

Previous articleਬੱਦਲ ਫਟਣ ਕਾਰਨ ਬਜ਼ੁਰਗ ਦੀ ਮੌਤ, ਦੋ ਔਰਤਾਂ ਜ਼ਖ਼ਮੀ
Next articleShami doesn’t need to surrender anymore, we have stay: Lawyer