ਡੀਐੱਨਏ ਰਿਪੋਰਟ ਨਾਲ ਬੀਜ ਘਪਲੇ ’ਤੇ ਮੋਹਰਡੀਐੱਨਏ ਰਿਪੋਰਟ ਨਾਲ ਬੀਜ ਘਪਲੇ ’ਤੇ ਮੋਹਰ

ਚੰਡੀਗੜ੍ਹ, (ਸਮਾਜਵੀਕਲੀ):  ਖੇਤੀ ਮਹਿਕਮੇ ਵੱਲੋਂ ਲੁਧਿਆਣਾ ’ਚੋਂ ਫੜੇ ਬੀਜਾਂ ਦੀ ਜੈਨੇਟਿਕ ਟੈਸਟ ਦੀ ਰਿਪੋਰਟ ਨੇ ਬੀਜ ਘਪਲੇ ’ਤੇ ਮੋਹਰ ਲਾ ਦਿੱਤੀ ਹੈ। ਬੀਜ ਨਮੂਨਿਆਂ ਦੀ ਡੀਐੱਨਏ ਰਿਪੋਰਟ ’ਚ ਸਾਬਿਤ ਹੋ ਗਿਆ ਹੈ ਕਿ ਪੰਜਾਬ ਖੇਤੀ ’ਵਰਸਿਟੀ ਦੇ ਸਾਹਮਣੇ ਬਰਾੜ ਬੀਜ ਸਟੋਰ ਵੱਲੋਂ ਯੂਨੀਵਰਸਿਟੀ ਵੱਲੋਂ ਜਾਰੀ ਝੋਨੇ ਦੀ ਨਵੀਂ ਕਿਸਮ ਪੀਆਰ 128 ਅਤੇ ਪੀਆਰ 129 ਦੇ ਬੀਜ ਹੀ ਅਣਅਧਿਕਾਰਤ ਤੌਰ ’ਤੇ ਵੇਚੇ ਜਾ ਰਹੇ ਸਨ।

ਪੀਏਯੂ ਨੇ ਅੱਜ ਖੇਤੀ ਮਹਿਕਮੇ ਨੂੰ ਨਮੂਨਿਆਂ ਦੀ ਜਾਂਚ ਮਗਰੋਂ ਰਿਪੋਰਟ ਦੇ ਦਿੱਤੀ ਹੈ ਕਿ ਇਹ ਬੀਜ ’ਵਰਸਿਟੀ ਵੱਲੋਂ ਜਾਰੀ ਪੀਆਰ 128 ਅਤੇ ਪੀਆਰ 129 ਨਾਲ ਬਿਲਕੁਲ ਮਿਲਦੇ ਹਨ। ’ਵਰਸਿਟੀ ਨੇ ਐਤਕੀਂ ਪਹਿਲੇ ਸਾਲ ਅਜ਼ਮਾਇਸ਼ ਲਈ ਕਿਸਾਨਾਂ ਨੂੰ ਇਹ ਬੀਜ ਦਿੱਤਾ ਸੀ। ਤਿੰਨ ਵਰ੍ਹਿਆਂ ਮਗਰੋਂ ਕਾਨੂੰਨੀ ਤੌਰ ’ਤੇ ਇਹ ਬੀਜ ਮਾਰਕੀਟ ਵਿੱਚ ਆ ਸਕਦਾ ਸੀ। ਖੇਤੀ ਮਹਿਕਮੇ ਨੇ 11 ਮਈ ਨੂੰ ਬਰਾੜ ਸੀਡ ਸਟੋਰ ’ਤੇ ਛਾਪਾ ਮਾਰ ਕੇ ਨਵੀਆਂ ਕਿਸਮਾਂ ਦਾ ਬੀਜ ਬਰਾਮਦ ਕੀਤਾ ਸੀ।

ਪੁਲੀਸ ਨੇ ਉਸੇ ਦਿਨ ਬਰਾੜ ਸੀਡ ਸਟੋਰ ਦੇ ਹਰਵਿੰਦਰ ਸਿੰਘ ਅਤੇ ਗੁਰਦਿਆਲ ਸਿੰਘ ’ਤੇ ਕੇਸ ਦਰਜ ਕਰ ਲਿਆ ਸੀ। ਮਾਮਲਾ ਸਿਆਸੀ ਤੌਰ ’ਤੇ ਉਛਲ ਗਿਆ ਤਾਂ ਪੰਜਾਬ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਵੀ ਬਣਾ ਦਿੱਤੀ ਹੈ। ’ਵਰਸਿਟੀ ਦੀਆਂ ਇਨ੍ਹਾਂ ਕਿਸਮਾਂ ਨੂੰ ਸਟੇਟ ਸੀਡ ਸਬ-ਕਮੇਟੀ ਅਤੇ ਕੇਂਦਰੀ ਕਮੇਟੀ ਨੇ ਸੀਡ ਐਕਟ ਦੀ ਧਾਰਾ 6 ਤਹਿਤ ਨੋਟੀਫਾਈ ਨਹੀਂ ਕੀਤਾ ਸੀ।

ਅੱਜ ਨੂਮਨਿਆਂ ਦੀ ਆਈ ਰਿਪੋਰਟ ਨੇ ਇਸ ਗੱਲ ’ਤੇ ਮੋਹਰ ਲਾਈ ਹੈ ਕਿ ਇਹ ਬੀਜ ’ਵਰਸਿਟੀ ਵੱਲੋਂ ਜਾਰੀ ਨਵੀਂ ਕਿਸਮ ਦੇ ਹੀ ਹਨ ਜੋ ਅਣਅਧਿਕਾਰਤ ਤੌਰ ’ਤੇ ਵਿਕ ਰਹੇ ਸਨ। ਜਾਂਚ ਅਨੁਸਾਰ ਬਰਾੜ ਸੀਡ ਸਟੋਰ ਨੇ ਇਹ ਬੀਜ ਪਿੰਡ ਭੂੰਦੜੀ ਦੇ ਕਿਸਾਨ ਬਲਜਿੰਦਰ ਸਿੰਘ ਤੋਂ ਲਿਆ ਸੀ ਜੋ ਖੇਤੀ ’ਵਰਸਿਟੀ ਦੇ ਫਾਰਮਰ ਕਲੱਬ (ਸਪਨਾ) ਦਾ ਮੈਂਬਰ ਸੀ।

ਬਲਜਿੰਦਰ ਸਿੰਘ ਨੇ ਮੰਨਿਆ ਕਿ ਉਸ ਨੂੰ ਟਰਾਇਲ ਲਈ ਇਹ ਬੀਜ ਦਿੱਤਾ ਗਿਆ ਸੀ। ਇਸੇ ਤਰ੍ਹਾਂ ਰਾਜਪੁਰਾ ਦੇ ਪਰਮਿੰਦਰ ਸਿੰਘ ਨੂੰ ਵੀ ਟਰਾਇਲ ਲਈ ਬੀਜ ਦਿੱਤਾ ਗਿਆ ਸੀ। ਇਨ੍ਹਾਂ ਤੋਂ ਕੁਝ ਬੀਜ ਕਰਨਾਲ ਐਗਰੀ ਸੀਡਜ਼ ਦੇ ਲੱਕੀ ਨੇ ਲਿਆ ਸੀ ਜੋ ਵਿਕਰੀ ਲਈ ਬਰਾੜ ਸੀਡ ਸਟੋਰ ’ਤੇ ਪੁੱਜ ਗਿਆ। ਫੜੇ ਬੀਜਾਂ ਦੇ ਜਰਮੀਨੇਸ਼ਨ ਟੈਸਟ ਪਹਿਲਾਂ ਹੀ ਫੇਲ੍ਹ ਹੋ ਚੁੱਕੇ ਹਨ। ਜ਼ਿਲ੍ਹਾ ਖੇਤੀਬਾੜੀ ਅਫਸਰ ਨਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਆਈ ਰਿਪੋਰਟ ’ਚ ਪੁਸ਼ਟੀ ਹੋਈ ਹੈ ਕਿ ਫੜੇ ਗਏ ਬੀਜ ’ਵਰਸਿਟੀ ਦੀ ਅਸਲ ਕਿਸਮ ਨਾਲ ਮੇਲ ਖਾਂਦੇ ਹਨ।

Previous articleਦਿਗਵਿਜੈ ਕਾਂਗਰਸ ਤੇ ਸਿੰਧੀਆ ਭਾਜਪਾ ਵੱਲੋਂ ਜਾਣਗੇ ਰਾਜ ਸਭਾ
Next articleMartyr Sepoy Gurtej Singh cremated with full honours at his village