ਡਾ. ਅੰਬੇਡਕਰ ਵਿਸ਼ਵ ਦੇ ਮਹਾਨ ਚਿੰਤਕ : ਸ਼ਮਸ਼ੇਰ ਸਿੰਘ ਦੂਲੋ

ਅਛੂਤਾਂ ਤੇ ਔਰਤ ਨੂੰ ਸਦੀਆਂ  ਦੀ ਗੁਲਾਮੀ ਤੋਂ ਆਜ਼ਾਦ ਕਰਵਾਇਆ

ਜਲੰਧਰ : ਭਾਰਤ ਰਤਨ  ਡਾ. ਅੰਬੇਡਕਰ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਭੂਮੀ ਅੰਬੇਡਕਰ ਭਵਨ ਵਿਖੇ ਅੰਬੇਡਕਰ ਭਵਨ ਟਰੱਸਟ ਵੱਲੋਂ ਅੰਬੇਡਕਰ  ਮਿਸ਼ਨ ਸੋਸਾਇਟੀ ਪੰਜਾਬ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ ਦੇ  ਸਹਿਯੋਗ ਨਾਲ ਬਾਬਾ ਸਾਹਿਬ ਦੇ 64ਵੇਂ ਮਹਾਪਰਿਨਿਰਵਾਣ ਦਿਵਸ ‘ਤੇ ਸ਼ਰਧਾਂਜਲੀ ਸਭਾ ਆਯੋਜਿਤ ਕੀਤੀ ਗਈ, ਜਿਸ ਵਿਚ  ਸ਼ਮਸ਼ੇਰ ਸਿੰਘ ਦੂਲੋ ਮੇਂਬਰ ਪਾਰਲੀਮੈਂਟ (ਰਾਜਸਭਾ) ਬਤੌਰ ਮੁਖ ਮਹਿਮਾਨ ਸ਼ਾਮਲ  ਹੋਏ.

           ਇਸ  ਮੌਕੇ ਤੇ ਇਕੱਤਰ ਹੋਏ ਜਨ-ਸਮੂਹ ਨੂੰ ਸੰਬੋਧਨ ਕਰਦਿਆਂ ਸ਼੍ਰੀ ਦੂਲੋ ਨੇ ਕਿਹਾ ਕਿ ਡਾ. ਅੰਬੇਡਕਰ  ਵਿਸ਼ਵ ਦੇ ਮਹਾਨ ਇਨਕਲਾਬੀ ਚਿੰਤਕ ਸਨ, ਉਨ੍ਹਾਂ ਦੇ ਨਿਰੰਤਰ ਸੰਘਰਸ਼ ਤੇ ਜੱਦੋ-ਜਹਿਦ ਸਦਕਾ ਭਾਰਤ ਦੇ ਕਰੋੜਾਂ ਅਛੂਤਾਂ ਅਤੇ ਇਸਤਰੀ ਵਰਗ ਨੂੰ ਸਦੀਆਂ  ਉਪਰੰਤ ਸਮਾਜਿਕ ਤੇ ਧਾਰਮਿਕ ਗੁਲਾਮੀ ਤੋਂ ਛੁਟਕਾਰਾ ਪ੍ਰਾਪਤ ਹੋਇਆ.  ਡਾ. ਅੰਬੇਡਕਰ  ਨੇ ਭਾਰਤੀ ਸੰਵਿਧਾਨ ਅਤੇ ਹਿੰਦੂ ਕੋਡਬਿੱਲ ਦੀ ਸਿਰਜਣਾ ਕਰਕੇ ਔਰਤਾਂ ਸਮੇਤ ਹਰ ਭਾਰਤੀ ਨੂੰ ਬਰਾਬਰ ਦੇ ਅਧਿਕਾਰ ਪ੍ਰਦਾਨ ਕੀਤੇ. ਰਿਜ਼ਰਵ ਬੈਂਕ ਦੀ ਸਥਾਪਨਾ, ਸੁਤੰਤਰ ਚੋਣ ਕਮਿਸ਼ਨ ਅਤੇ ਨਿਆਂਪਾਲਿਕਾ , ਹਰ ਬਾਲਗ ਨੂੰ ਚੋਣ ਲੜਨ ਅਤੇ ਵੋਟ ਦਾ ਅਧਿਕਾਰ ਦੇ ਕੇ ਬਾਬਾਸਾਹਿਬ ਨੇ ਭਾਰਤ ਵਿਚ ਇੱਕ ਨਵੀਂ ਕ੍ਰਾਂਤੀ ਦਾ ਆਗਾਜ਼ ਕੀਤਾ. ਡਾ. ਅੰਬੇਡਕਰ ਵੱਲੋਂ ਸਿਰਜਤ ਭਾਰਤੀ ਸੰਵਿਧਾਨ ਦੁਨੀਆਂ ਦੇ ਸਰਵੋਤਮ ਸੰਵਿਧਾਨਾਂ ਵਿਚ ਪ੍ਰਮੁੱਖ ਸਥਾਨ ਰਖਦਾ ਹੈ. ਸ਼੍ਰੀ ਦੂਲੋ ਨੇ ਇਸ ਗੱਲ ਤੇ ਦੁੱਖ ਪ੍ਰਗਟ ਕੀਤਾ ਕਿ ਸੰਵਿਧਾਨ ਦੇ ਲਾਗੂ ਹੋਣ ਤੋਂ 70 ਸਾਲ ਬਾਅਦ ਵੀ ਸਰਕਾਰਾਂ ਦੀ ਬੇਰੁਖੀ ਦੇ ਕਾਰਣ ਦੇਸ਼ ਵਿਚੋਂ ਗ਼ਰੀਬੀ, ਅਨਪੜ੍ਹਤਾ, ਭੁੱਖ-ਮਰੀ   ਬੇਰੁਜਗਾਰੀ ਅਤੇ ਨੌਜਵਾਨ ਵਰਗ ਵਿਚ ਆਈ ਨਿਰਾਸ਼ਾ ਨੂੰ ਦੂਰ ਨਹੀਂ ਕੀਤਾ ਜਾ ਸਕਿਆ. ਦਰਅਸਲ ਸੰਵਿਧਾਨ ਨੂੰ ਮੁੱਕਮਲ ਤੌਰ ਤੇ ਲਾਗੂ ਹੀ ਨਹੀਂ ਕੀਤਾ ਗਿਆ, ਜਿਸ ਕਾਰਣ ਅੱਜ ਦੇਸ਼ ਅਨੇਕ ਸਮੱਸਿਆਵਾਂ ਨਾਲ ਜੂਝ ਰਿਹਾ ਹੈ. ਦੂਲੋ ਸਾਹਿਬ ਨੇ ਰਿਜ਼ਰਵੇਸ਼ਨ ਦੇ ਲਾਭ ਲੈਣ ਵਾਲਿਆਂ ਨੂੰ ਜਿਥੇ ਇੱਕ ਮੰਚ ਤੇ ਇਕੱਠੇ ਹੋਣ ਲਈ ਆਵਾਹਣ ਕੀਤਾ ਉਥੇ ਇਹ ਵੀ ਕਿਹਾ ਕਿ ਐਸ. ਸੀ. ਵਿਚੋਂ ਕਰੀਮੀ ਲੇਅਰ ਨੂੰ ਸਵੈ-ਇੱਛਾ ਨਾਲ ਰਿਜ਼ਰਵੇਸ਼ਨ ਤਿਆਗ ਕੇ ਲੋੜਵੰਦਾਂ ਨੂੰ ਅੱਗੇ ਆਉਣ ਦੇਣਾ ਚਾਹੀਦਾ ਹੈ.

ਅੰਬੇਡਕਰ ਭਵਨ ਦੇ ਸੰਸਥਾਪਕ ਟਰੱਸਟੀ ਸ਼੍ਰੀ ਲਾਹੌਰੀ ਰਾਮ ਬਾਲੀ, ਸੀਨੀਅਰ ਟਰੱਸਟੀ ਡਾ. ਰਾਮ ਲਾਲ ਜੱਸੀ,  ਜਨਰਲ ਸਕੱਤਰ   ਡਾ. ਜੀ. ਸੀ. ਕੌਲ ਅਤੇ ਸ਼੍ਰੀਮਤੀ ਸੁਨੀਤਾ ਰਿੰਕੂ ਕੌਂਸਲਰ ਨੇ ਆਪਣੇ ਭਾਸ਼ਣਾਂ ਵਿਚ ਕਿਹਾ ਕਿ ਦੇਸ਼ ਵਿਚ ਫੈਲਾਈ ਜਾ ਰਹੀ ਰੂੜ੍ਹੀਵਾਦੀ, ਅੰਧਵਿਸ਼ਵਾਸੀ ਅਤੇ ਗੈਰ-ਵਿਧਾਨਿਕ ਸੋਚ ਨੂੰ ਤਿਆਗ ਕੇ ਹੀ ਡਾ. ਅੰਬੇਡਕਰ ਦੇ ਸੁਪਨਿਆਂ ਅਨੁਕੂਲ ਸਮਤਾ, ਸੁਤੰਤਰਤਾ, ਸਾਂਝੀਵਾਲਤਾ, ਸਦਭਾਵਨਾ ਅਤੇ ਸੁਹਿਰਦਤਾ ਵਾਲੇ ਸਮਾਜ ਦੀ ਉਸਾਰੀ ਕਰਕੇ ਭਾਰਤ ਪ੍ਰਗਤੀ-ਪੱਥ  ਤੇ ਅੱਗੇ ਵੱਧ ਸਕਦਾ ਹੈ. ਸਾਨੂੰ ਸਾਰਿਆਂ ਨੂੰ ਸੰਵਿਧਾਨ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਸਰਕਾਰਾਂ ਵੱਲੋਂ ਇਸ ਨੂੰ ਇੰਨ-ਬਿੰਨ ਲਾਗੂ ਕਰਕੇ ਦੇਸ਼ ਵਿਚੋਂ ਗ਼ਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ ਅਤੇ ਭੁੱਖਮਰੀ ਨੂੰ ਦੂਰ ਕਰਨ ਲਈ ਜੰਗੀ ਪੱਧਰ ਤੇ ਉਪਰਾਲੇ ਕਰਨੇ ਚਾਹੀਦੇ ਹਨ.

ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਐਮ.ਐਲ.ਏ. ਕੁਝ ਅਟੱਲ ਹਾਲਾਤਾਂ ਕਰਕੇ ਸ਼ਾਮਲ ਨਹੀਂ ਹੋ ਸਕੇ, ਇਸ ਲਈ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਟਰੱਸਟ ਦੇ ਚੇਅਰਮੈਨ ਸ਼੍ਰੀ  ਆਰ ਸੀ ਸੰਗਰ ਨੇ ਕਿਹਾ ਕਿ ਅਸੀਂ ਸਾਰੇ ਭਾਰਤੀ ਬਾਬਾ ਸਾਹਿਬ ਦੇ ਰਿਣੀ ਹਾਂ ਕਿ ਉਨ੍ਹਾਂ ਨੇ ਵੱਖ-ਵੱਖ ਧਰਮਾਂ, ਜਾਤਾਂ, ਫਿਰਕਿਆਂ, ਸੱਭਿਆਚਾਰਾਂ, ਭਾਸ਼ਾਵਾਂ ਅਤੇ ਸੈਂਕੜੇ ਰਿਆਸਤਾਂ ਵਿਚ ਵੰਡੇ ਹੋਏ ਭਾਰਤ ਨੂੰ ਸੇਕੁਲਰ ਤੇ ਲੋਕ ਕਲਿਆਣਕਾਰੀ ਸੰਵਿਧਾਨ ਦੀ ਸਿਰਜਣਾ ਕਰਕੇ ਇੱਕ ਲੜੀ ਵਿਚ ਪਰੋਣ ਦਾ ਪ੍ਰਸ਼ੰਸ਼ਾਯੋਗ ਬਹੁਮੁੱਲਾ ਕਾਰਜ ਕੀਤਾ ਹੈ. ਇਹੀ ਕਾਰਣ ਹੈ ਕਿ ਅੱਜ ਪੂਰਾ ਵਿਸ਼ਵ ਬਾਬਾ ਸਾਹਿਬ ਦੀ ਮਹਾਨ ਵਿਦਵਤਾ ਨੂੰ ਮਾਨਤਾ ਦਿੰਦਾ ਹੈ.

ਇਸ ਸ਼ਰਧਾਂਜਲੀ ਸਮਾਰੋਹ ਵਿਚ ਅੰਬੇਡਕਰੀ ਵਿਚਾਰਧਾਰਾ ਨੂੰ ਸਮਰਪਿਤ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਮਿਸ਼ਨਰੀ ਗਾਇਕ ਜਗਤਾਰ ਵਰਿਆਣਵੀ  ਨੇ ਆਪਣੇ ਗੀਤਾਂ ਰਾਹੀਂ  ਬਾਬਾ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ. ਇਸ ਸਮਾਗਮ ਵਿਚ ਅੰਬੇਡਕਰ ਭਵਨ ਦੇ ਟਰੱਸਟੀਆਂ ਡਾ.  ਰਾਹੁਲ, ਪ੍ਰੋ. ਸੋਹਨ ਲਾਲ ( ਰਿਟਾ. ਡੀ. ਪੀ. ਆਈ. ਕਾਲਜਾਂ), ਵਿਤ ਸਕੱਤਰ ਬਲਦੇਵ ਰਾਜ ਭਾਰਦਵਾਜ,  ਡਾ. ਤਰਸੇਮ ਸਾਗਰ, ਅੰਬੇਡਕਰ  ਮਿਸ਼ਨ ਸੋਸਾਇਟੀ ਦੀ ਪ੍ਰਧਾਨ ਮੈਡਮ ਸੁਦੇਸ਼ ਕਲਿਆਣ,  ਆਲ ਇੰਡੀਆ ਸਮਤਾ ਸੈਨਿਕ ਦਲ ਪੰਜਾਬ ਯੂਨਿਟ ਦੇ ਪ੍ਰਧਾਨ ਜਸਵਿੰਦਰ ਵਰਿਆਣਾ, ਸ਼੍ਰੀ ਰਾਮ ਲੁਭਾਇਆ ਜੱਸੀ (ਰਿਟਾ. ਡੀ.ਜੀ.ਪੀ.), ਚਰਨ ਦੱਸ ਸੰਧੂ, ਵਰਿੰਦਰ ਕੁਮਾਰ, ਸੁਚਾ ਸਿੰਘ ਕੌਸਲਰ, ਸੁਰਿੰਦਰ ਬੁਲੰਦਪੁਰੀ, ਚੋ. ਹਰੀ ਰਾਮ,  ਐਮ ਆਰ ਸੱਲ੍ਹਣ, ਚਰਨਜੀਤ ਸਿੰਘ, ਪਰਮ ਦਾਸ ਹੀਰ ਤੋਂ ਇਲਾਵਾ ਭਾਰੀ ਗਿਣਤੀ ਵਿਚ ਸ਼ਰੋਤਿਆਂ ਨੇ ਸ਼ਿਰਕਤ ਕੀਤੀ.

ਡਾ. ਜੀ. ਸੀ. ਕੌਲ – ਜਨਰਲ ਸਕੱਤਰ

ਫੋਟੋ ਕੈਪਸ਼ਨ: ਅੰਬੇਡਕਰ ਭਵਨ ਜਲੰਧਰ ਵਿਖੇ ਸ਼ਰਧਾਂਜਲੀ ਸਮਾਗਮ ਦੇ ਦਰਿਸ਼

Previous articleਅੱਖਾਂ ਦਾ ਫ੍ਰੀ ਅਪਰੇਸ਼ਨ ਅਤੇ ਚੈੱਕਅਪ ਕੈਂਪ 12 ਨੂੰ – ਲਾਇਨ ਅਸ਼ੋਕ ਬਬਿਤਾ ਸੰਧੂ ਨੰਬਰਦਾਰ
Next articleWill the media and ‘others ask for similar justice for the accused of Unnao