ਡਾਕ ਘਰ ਦਾ ਨਾਂ ਸੰਦੀਪ ਧਾਲੀਵਾਲ ਨੂੰ ਸਮਰਪਿਤ ਕਰਨ ਬਾਰੇ ਬਿੱਲ ਪੇਸ਼

ਹਿਊਸਟਨ -ਅਮਰੀਕੀ ਸਦਨ (ਕਾਂਗਰਸ) ਵਿਚ ਹਿਊਸਟਨ ਦੇ ਇਕ ਡਾਕ ਘਰ ਦਾ ਨਾਂ ਭਾਰਤੀ-ਅਮਰੀਕੀ ਪੁਲੀਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਨੂੰ ਸਮਰਪਿਤ ਕਰਨ ਸਬੰਧੀ ਬਿੱਲ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਧਾਲੀਵਾਲ ਦੀ ਟੈਕਸਸ ਵਿਚ ਡਿਊਟੀ ਦੌਰਾਨ ਇਕ ਟਰੈਫ਼ਿਕ ਸਟੌਪ ਉੱਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੇ ਬਲਿਦਾਨ ਨੂੰ ਸਿਜਦਾ ਕਰਨ ਲਈ ਸਦਨ ’ਚ ਇਹ ਬਿੱਲ ਖ਼ਾਸ ਤੌਰ ’ਤੇ ਲਿਆਂਦਾ ਗਿਆ ਹੈ। ਧਾਲੀਵਾਲ (42) ਹੈਰਿਸ ਕਾਊਂਟੀ ਵਿਚ ਪਹਿਲੇ ਸਿੱਖ ਡਿਪਟੀ ਸ਼ੈਰਿਫ਼ ਸਨ। ਇੱਥੇ ਕਰੀਬ 10,000 ਸਿੱਖ ਰਹਿੰਦੇ ਹਨ। ਸੰਦੀਪ ਉਸ ਵੇਲੇ ਕੌਮੀ ਸੁਰਖ਼ੀ ਬਣ ਗਏ ਸਨ ਜਦ ਉਨ੍ਹਾਂ ਨੂੰ ਡਿਊਟੀ ਕਰਦਿਆਂ ਦਾੜ੍ਹੀ ਰੱਖਣ ਤੇ ਪੱਗ ਬੰਨ੍ਹਣ ਦੀ ਇਜਾਜ਼ਤ ਦਿੱਤੀ ਗਈ ਸੀ।

ਕਾਂਗਰਸ ਮੈਂਬਰ ਲਿਜ਼ੀ ਫਲੈਚਰ ਨੇ ਬਿੱਲ ਪੇਸ਼ ਕਰਦਿਆਂ ਕਿਹਾ ‘ਡਿਪਟੀ ਧਾਲੀਵਾਲ ਨੇ ਸਾਡੇ ਸਮਾਜ ਦੀ ਬੇਹੱਦ ਸੁਚੱਜੇ ਢੰਗ ਨਾਲ ਨੁਮਾਇੰਦਗੀ ਕੀਤੀ, ਉਨ੍ਹਾਂ ਆਪਣੀਆਂ ਸੇਵਾਵਾਂ ਰਾਹੀਂ ਸਮਾਨਤਾ, ਤਾਲਮੇਲ ਤੇ ਭਾਈਚਾਰਕ ਸਾਂਝ ਲਈ ਸੰਘਰਸ਼ ਕੀਤਾ।’ ਪੇਸ਼ ਕੀਤੇ ਗਏ ਬਿੱਲ ’ਚ 315 ਐਡਿਕਸ ਹੌਵੈੱਲ ਰੋਡ ਦੇ ਡਾਕ ਘਰ ਦਾ ਨਾਂ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਡਾਕ ਘਰ’ ਰੱਖਣ ਦਾ ਸੱਦਾ ਦਿੱਤਾ ਗਿਆ ਹੈ। ਫਲੈਚਰ ਨੇ ਕਿਹਾ ਕਿ ਇਸ ਤਰ੍ਹਾਂ ਧਾਲੀਵਾਲ ਦੀਆਂ ਸੇਵਾਵਾਂ, ਸੰਘਰਸ਼ ਤੇ ਉਦਾਹਰਨ ਨੂੰ ਹਮੇਸ਼ਾ ਲਈ ਸੰਜੋ ਕੇ ਰੱਖਿਆ ਜਾ ਸਕੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਬਿੱਲ ਨੂੰ ਟੈਕਸਸ ਦੇ ਉਨ੍ਹਾਂ ਦੇ ਸਹਿਯੋਗੀ ਮੈਂਬਰ ਜਲਦੀ ਪਾਸ ਕਰ ਦੇਣਗੇ। ਹੈਰਿਸ ਕਾਊਂਟੀ ਦੇ ਸ਼ੈਰਿਫ਼ ਨੇ ਫਲੈਚਰ ਦਾ ਧੰਨਵਾਦ ਕੀਤਾ ਹੈ। ਪਿਛਲੇ ਮਹੀਨੇ ਹਿਊਸਟਨ ਪੁਲੀਸ ਵਿਭਾਗ ਨੇ ਆਪਣੇ ਅਧਿਕਾਰੀਆਂ ਨੂੰ ਡਿਊਟੀ ਵੇਲੇ ਧਾਰਮਿਕ ਚਿੰਨ੍ਹ ਪਹਿਣਨ ਦੀ ਇਜਾਜ਼ਤ ਦੇ ਦਿੱਤੀ ਸੀ।

Previous articleਜਿਨਸੀ ਸ਼ੋਸ਼ਣ: ਪੁਲੀਸ ਨੇ ਪੀੜਤ ਡਾਕਟਰ ਨੂੰ ਹਿਰਾਸਤ ’ਚ ਲਿਆ
Next articleਕੈਪਟਨ ਵੱਲੋਂ ਨਿਵੇਸ਼ਕਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ