ਡਾਕਟਰਾਂ ਦੀ ਹੜਤਾਲ ਦੇਸ਼ ਭਰ ’ਚ ਫੈਲੀ

ਭਾਰਤੀ ਮੈਡੀਕਲ ਕੌਂਸਲ ਵੱਲੋਂ ਤਿੰਨ ਰੋਜ਼ਾ ਪ੍ਰਦਰਸ਼ਨਾਂ ਦੀ ਸ਼ੁਰੂਆਤ, 17 ਨੂੰ ਹੜਤਾਲ ਦਾ ਸੱਦਾ

ਪੱਛਮੀ ਬੰਗਾਲ ਵਿੱਚ ਹੜਤਾਲ ’ਤੇ ਗਏ ਜੂਨੀਅਰ ਡਾਕਟਰਾਂ ਦੇ ਰੋਹ ਦੀ ਲਹਿਰ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਫ਼ੈਲ ਗਈ ਹੈ। ਚੰਡੀਗੜ੍ਹ ਤੇ ਪਟਿਆਲਾ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਅੱਜ ਡਾਕਟਰਾਂ ਨੇ ਕੋਲਕਾਤਾ ਹਸਪਤਾਲ ਵਿੱਚ ਹੋਈ ਹਿੰਸਾ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਇਨ੍ਹਾਂ ਪ੍ਰਦਰਸ਼ਨਾਂ ਕਰਕੇ ਓਪੀਡੀ ਸਮੇਤ ਹੋਰ ਸੇਵਾਵਾਂ ਅਸਰਅੰਦਾਜ਼ ਹੋਈਆਂ। ਇਸ ਦੌਰਾਨ ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਪੱਛਮੀ ਬੰਗਾਲ ਦੇ ਆਪਣੇ ਸਾਥੀ ਡਾਕਟਰਾਂ ਨਾਲ ਇਕਜੁੱਟਤਾ ਦਾ ਮੁਜ਼ਾਹਰਾ ਕਰਦਿਆਂ ਤਿੰਨ ਰੋਜ਼ਾ ਦੇਸ਼-ਵਿਆਪੀ ਪ੍ਰਦਰਸ਼ਨਾਂ ਦੀ ਸ਼ੁਰੂਆਤ ਕੀਤੀ। ਐਸੋਸੀਏਸ਼ਨ ਨੇ 17 ਜੂਨ ਨੂੰ ਹੜਤਾਲ ਦਾ ਸੱਦਾ ਦਿੰਦਿਆਂ ਗੈਰ-ਜ਼ਰੂਰੀ ਸਿਹਤ ਸੇਵਾਵਾਂ ਬੰਦ ਰੱਖਣ ਲਈ ਕਿਹਾ। ਉਧਰ ਕੋਲਕਾਤਾ ਦੇ ਹੜਤਾਲੀ ਡਾਕਟਰਾਂ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਕੋਲੋਂ ਬਿਨਾਂ ਸ਼ਰਤ ਮੁਆਫ਼ੀ ਦੀ ਮੰਗ ਕਰਦਿਆਂ ਚੌਥੇ ਦਿਨ ਵਿੱਚ ਪੁੱਜੀ ਹੜਤਾਲ ਵਾਪਸ ਲੈਣ ਲਈ ਰਾਜ ਸਰਕਾਰ ਅੱਗੇ ਛੇ ਸ਼ਰਤਾਂ ਰੱਖੀਆਂ ਹਨ। ਇਸ ਦੌਰਾਨ ਬੰਗਾਲ ਵਿੱਚ ਸਰਕਾਰੀ ਹਸਪਤਾਲਾਂ ਦੇ ਸੌ ਤੋਂ ਵਧ ਸੀਨੀਅਰ ਡਾਕਟਰਾਂ ਨੇ ਅੱਜ ਅਸਤੀਫ਼ੇ ਦੇ ਦਿੱਤੇ। ਆਈਐੱਮਏ ਨੇ ਤਿੰਨ ਰੋਜ਼ਾ ਦੇਸ਼-ਵਿਆਪੀ ਪ੍ਰਦਰਸ਼ਨਾਂ ਦੀ ਸ਼ੁਰੂਆਤ ਕਰਦਿਆਂ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਨਾਲ ਜੁੜੇ ਕਾਮਿਆਂ ਦੀ ਸੁਰੱਖਿਆ (ਹਿੰਸਾ ਖ਼ਿਲਾਫ) ਲਈ ਕੇਂਦਰੀ ਕਾਨੂੰਨ ਬਣਾਏ ਜਾਣ ਦੀ ਮੰਗ ਦੁਹਰਾਈ। ਆਈਐਮਏ ਨੇ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਘੱਟੋ-ਘੱਟ ਸੱਤ ਸਾਲ ਸਜ਼ਾ ਦੀ ਵਿਵਸਥਾ ਰੱਖੀ ਜਾਵੇ। ਸੰਸਥਾ ਨੇ ਕਿਹਾ ਕਿ ਰੈਜ਼ੀਡੈਂਟ ਡਾਕਟਰਾਂ ਨੂੰ ਦਰਪੇਸ਼ ਮੁਸ਼ਕਲਾਂ ਤੇ ਅਜਿਹੀਆਂ ਘਟਨਾਵਾਂ ਦੇ ਲਗਾਤਾਰ ਵਾਪਰਨ ਦੇ ਚਲਦਿਆਂ ਅਗਲੇ ਦੋ ਦਿਨ (ਸ਼ਨਿਚਰਵਾਰ ਤੇ ਐਤਵਾਰ) ਰੋਸ ਪ੍ਰਦਰਸ਼ਨ ਜਾਰੀ ਰਹਿਣਗੇ। ਆਈਐਮਏ ਮੁਤਾਬਕ ਪ੍ਰਦਰਸ਼ਨਾਂ ਦੌਰਾਨ ਡਾਕਟਰ ਕਾਲੀਆਂ ਪੱਟੀਆਂ ਬੰਨ੍ਹਣ ਦੇ ਨਾਲ ਅਮਨ ਅਮਾਨ ਨਾਲ ਧਰਨੇ ਦੇਣਗੇ ਤੇ ਮਾਰਚ ਕਰਨਗੇ। ਸੰਸਥਾ ਨੇ ਸਬੰਧਤ ਐਸੋਸੀਏਸ਼ਨਾਂ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਆਈਐੱਮਏ ਨੇ ਹਸਪਤਾਲਾਂ ਵਿੱਚ ਡਾਕਟਰਾਂ ਖ਼ਿਲਾਫ਼ ਹਿੰਸਾ ਲਈ ਕੇਂਦਰੀ ਕਾਨੂੰਨ ਦੀ ਮੰਗ ਕਰਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਵੀ ਲਿਖਿਆ ਹੈ। ਆਈਐਮਏ ਦੇ ਸਕੱਤਰ ਜਨਰਲ ਆਰ.ਵੀ.ਅਸੋਕਨ ਨੇ ਕਿਹਾ, ‘ਆਈਐਮਏ ਐਨਆਰਐਸ ਮੈਡੀਕਲ ਕਾਲਜ ਵਿੱਚ ਡਾ.ਪਰੀਬਾਹਾ ਮੁਖਰਜੀ ’ਤੇ ਹੋਏ ਹਮਲੇ ਦੀ ਨਿਖੇਧੀ ਕਰਦਿਆਂ ਰਾਜ ਸਰਕਾਰ ਤੋਂ ਮਿਸਾਲੀ ਕਾਰਵਾਈ ਦੀ ਮੰਗ ਕਰਦੀ ਹੈ। ਪੱਛਮੀ ਬੰਗਾਲ ਦੇ ਸਾਰੇ ਰੈਜ਼ੀਡੈਂਟ ਡਾਕਟਰਾਂ ਦੀਆਂ ਉਚਿਤ ਮੰਗਾਂ ਬਿਨਾਂ ਸ਼ਰਤ ਮੰਗੀਆਂ ਜਾਣ।’ਕੋਲਕਾਤਾ ਵਿੱਚ ਜੂਨੀਅਰ ਡਾਕਟਰਾਂ ਦੇ ਸਾਂਝੇ ਫੋਰਮ ਦੀ ਤਰਜਮਾਨ ਡਾ.ਅਰਿੰਦਮ ਦੱਤਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਮਮਤਾ ਬੈਨਰਜੀ ਕੋਲੋਂ ਬਿਨਾਂ ਸ਼ਰਤ ਮੁਆਫ਼ੀ ਦੀ ਮੰਗ ਕਰਦੇ ਹਨ। ਪ੍ਰਦਰਸ਼ਨਕਾਰੀ ਡਾਕਟਰਾਂ ਨੇ ਛੇ ਸ਼ਰਤਾਂ ਸੂਚੀਬੱਧ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਹਸਪਤਾਲ ਵਿੱਚ ਹਿੰਸਾ ਦੌਰਾਨ ਜ਼ਖ਼ਮੀ ਹੋਏ ਡਾਕਟਰਾਂ ਦੀ ਖ਼ਬਰਸਾਰ ਲੈਣ ਤੇ ਉਨ੍ਹਾਂ ਦਾ ਦਫ਼ਤਰ ਇਕ ਬਿਆਨ ਜਾਰੀ ਕਰਕੇ ਡਾਕਟਰਾਂ ’ਤੇ ਹਮਲੇ ਦੀ ਨਿਖੇਧੀ ਕਰੇ। ਦੱਤਾ ਨੇ ਕਿਹਾ ਡਾਕਟਰਾਂ ’ਤੇ ਹਮਲਾ ਕਰਨ ਵਾਲਿਆਂ ਖਿਲਾਫ਼ ਦਸਤਾਵੇਜ਼ੀ ਸਬੂਤ ਤੇ ਕਾਰਵਾਈ ਸਬੰਧੀ ਤਫਸੀਲ ਜਾਰੀ ਕੀਤੀ ਜਾਵੇ। ਡਾਕਟਰਾਂ ਖ਼ਿਲਾਫ਼ ਦਰਜ ਫ਼ਰਜ਼ੀ ਕੇਸ ਤੇ ਦੋਸ਼ ਬਿਨਾਂ ਸ਼ਰਤ ਵਾਪਸ ਲਏ ਜਾਣ। ਮੰਗਾਂ ਵਿੱਚ ਸਿਹਤ ਸੇਵਾਵਾਂ ’ਚ ਬੁਨਿਆਦੀ ਢਾਂਚੇ ’ਚ ਸੁਧਾਰ ਤੇ ਹਸਪਤਾਲਾਂ ਵਿੱਚ ਹਥਿਆਰਬੰਦ ਪੁਲੀਸ ਅਮਲੇ ਦੀ ਤਾਇਨਾਤੀ ਵੀ ਸ਼ਾਮਲ ਹੈ।
ਇਸ ਦੌਰਾਨ ਚੰਡੀਗੜ੍ਹ ਦੇ ਪੀਜੀਆਈ, ਪਟਿਆਲਾ, ਦਿੱਲੀ, ਯੂਪੀ, ਛੱਤੀਸਗੜ੍ਹ, ਤਾਮਿਲ ਨਾਡੂ, ਤਿਲੰਗਾਨਾਂ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਡਾਕਟਰਾਂ ਨੇ ਪੱਛਮੀ ਬੰਗਾਲ ਦੇ ਜੂਨੀਅਰ ਡਾਕਟਰਾਂ ਦੀ ਹੜਤਾਲ ਦੀ ਹਮਾਇਤ ਵਿੱਚ ਪ੍ਰਦਰਸ਼ਨ ਕੀਤੇ। ਉਧਰ ਅਦਾਕਾਰ ਤੇ ਫ਼ਿਲਮਸਾਜ਼ ਅਪਰਨਾ ਸੇਨ ਨੇ ਕਿਹਾ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੰਘੇ ਦਿਨੀਂ ਜੂਨੀਅਰ ਡਾਕਟਰਾਂ ਨੂੰ ਕੰਮ ’ਤੇ ਪਰਤਣ ਲਈ ਦਿੱਤੀ ਧਮਕੀ ਬਦਲੇ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਸੇਨ ਨੇ ਕਿਹਾ ਕਿ ਮੁਆਫ਼ੀ ਮੰਗਣ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਉਧਰ ਕੋਲਕਾਤਾ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੇ ਅੱਜ ਮੁੱਖ ਮੰਤਰੀ ਨਾਲ ਮੁਲਕਾਤ ਕੀਤੀ ਤੇ ਡਾਕਟਰਾਂ ਦੀ ਹੜਤਾਲ ਨੂੰ ਲੈ ਕੇ ਬਣੇ ਜਮੂਦ ਨੂੰ ਤੋੜਨ ਦੀ ਮੰਗ ਕੀਤੀ।

Previous articleਹਰ ਕਾਮਯਾਬੀ ਤੇ ਆਪਣੇ ਪਿਛੋਕੜ ਨੂੰ ਜਰੂਰ ਯਾਦ ਰਖੇਗਾ – ਗਾਇਕ ਆਫਤਾਬ ਸਿੰਘ
Next articleਬਰਤਾਨਵੀ ਸਿੱਖ ਨੇ ਪਾਕਿਸਤਾਨੀ ਗੁਰਦੁਆਰਿਆਂ ਲਈ ਟਰੱਸਟ ਦੀ ਯੋਜਨਾ ਬਣਾਈ