ਟੈਸਟ: ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਪਾਰੀ ਤੇ 106 ਦੌੜਾਂ ਨਾਲ ਹਰਾਇਆ

ਸਪਿੰਨਰ ਨਈਮ ਹਸਨ ਦੀਆਂ ਪੰਜ ਵਿਕਟਾਂ ਦੀ ਬਦੌਲਤ ਬੰਗਲਾਦੇਸ਼ ਨੇ ਅੱਜ ਇਥੇ ਜ਼ਿੰਬਾਬਵੇ ਨੂੰ ਇਕਲੌਤੇ ਟੈਸਟ ਮੈਚ ਦੇ ਚੌਥੇ ਦਿਨ ਪਾਰੀ ਅਤੇ 106 ਦੌੜਾਂ ਨਾਲ ਸ਼ਿਕਸਤ ਦਿੱਤੀ। ਜ਼ਿੰਬਾਬਵੇ ਦੀ ਟੀਮ ਪਹਿਲੀ ਪਾਰੀ ਵਿਚ 295 ਦੌੜਾਂ ਨਾਲ ਪੱਛੜ ਰਹੀ ਸੀ। ਉਸਨੇ ਸਵੇਰੇ ਦੋ ਵਿਕਟਾਂ ’ਤੇ ਨੌਂ ਦੌੜਾਂ ਨਾਲ ਆਪਣੀ ਦੂਜੀ ਪਾਰੀ ਅੱਗੇ ਵਧਾਈ, ਪਰ ਪੂਰੀ ਟੀਮ 189 ਦੌੜਾਂ ’ਤੇ ਸਿਮਟ ਗਈ। ਆਫ ਸਪਿੰਨਰ ਨਈਮ ਨੇ ਮੈਚ ਵਿੱਚ 152 ਦੌੜਾਂ ਦੇ ਕੇ ਨੌਂ ਵਿਕਟਾਂ ਲਈਆਂ।
ਨਈਮ ਨੂੰ ਸਾਥੀ ਸਪਿੰਨਰ ਤਾਇਜ਼ੁਲ ਹਸਨ ਦਾ ਚੰਗਾ ਸਾਥ ਮਿਲਿਆ, ਜਿਸ ਨੇ ਜ਼ਿੰਬਾਬਵੇ ਦੀ ਦੂਜੀ ਪਾਰੀ ਵਿੱਚ ਚਾਰ ਵਿਕਟਾਂ ਲਈਆਂ। ਜ਼ਿੰਬਾਬਵੇ ਵੱਲੋਂ ਕਪਤਾਨ ਕ੍ਰੈਗ ਇਰਵਿਨ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਟਿਮਿਸਨ ਮਾਰੂਮਾ (41 ਦੌੜਾਂ) ਅਤੇ ਸਿਕੰਦਰ ਰਜ਼ਾ (37 ਦੌੜਾਂ) ਹੀ ਕੁੱਝ ਯੋਗਦਾਨ ਪਾ ਸਕੇ। ਜ਼ਿੰਬਾਬਵੇ ਨੇ ਆਪਣੀ ਪਹਿਲੀ ਪਾਰੀ ਵਿੱਚ 265 ਦੌੜਾਂ ਬਣਾਈਆਂ ਸਨ। ਇਸ ਦੇ ਜਵਾਬ ਵਿੱਚ ਬੰਗਲਾਦੇਸ਼ ਨੇ ਆਪਣੀ ਪਾਰੀ ਛੇ ਵਿਕਟਾਂ ’ਤੇ 560 ਦੌੜਾਂ ਬਣਾ ਖ਼ਤਮ ਐਲਾਨੀ। ਉਸ ਵੱਲੋਂ ਮਾਹਿਰ ਮੁਸ਼ਫਿਕੁਰ ਰਹੀਮ ਨੇ ਨਾਬਾਦ 203 ਦੌੜਾਂ ਅਤੇ ਕਪਤਾਨ ਮੋਮਿਨੁਲ ਹੱਕ ਨੇ 132 ਦੌੜਾਂ ਬਣਾਈਆਂ। ਰਹੀਮ ਨੂੰ ‘ਮੈਨ ਆਫ ਦਿ ਮੈਚ’ ਚੁਣਿਆ ਗਿਆ।

Previous articleਓਲੰਪਿਕ ਤੋਂ ਪਹਿਲਾਂ ਹਾਕੀ ’ਤੇ ਹੋਰ ਕੰਮ ਕਰਨ ਦੀ ਲੋੜ: ਹਰਮਨਪ੍ਰੀਤ
Next articleਉਮਰ ਗੁਜ਼ਰ ਜਾਂਦੀ ਹੈ ਇਕ ਘਰ ਬਣਾਉਣ ’ਚ, ਤੁਸੀਂ ਤਰਸ ਨਹੀਂ ਖਾਂਦੇ ਬਸਤੀਆਂ ਢਾਹੁਣ ’ਚ