ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਨੇ ‘ਕਾਲੀ ਦੀਵਾਲੀ’ ਮਨਾਈ

ਪਿਛਲੇ 53 ਦਿਨਾਂ ਤੋਂ ਟੈਂਕੀ ਉਪਰ ਚੜ੍ਹੇ ਟੈਟ ਪਾਸ ਈਟੀਟੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ ਟੈਂਕੀ ਉਪਰ ਹੀ ਕਾਲੇ ਝੰਡੇ ਲਹਿਰਾ ਕੇ ਦੀਵਾਲੀ ਦਾ ਤਿਉਹਾਰ ‘ਕਾਲੀ ਦੀਵਾਲੀ’ ਵਜੋਂ ਮਨਾਇਆ ਗਿਆ। ਸੰਘਰਸ਼ਕਾਰੀ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੇਰੁਜ਼ਗਾਰ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਗੁਪਤ ਐਕਸ਼ਨ ਕੀਤੇ ਜਾਣਗੇ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।
ਜ਼ਿਕਰਯੋਗ ਹੈ ਕਿ ਬੀਤੀ 4 ਸਤੰਬਰ ਤੋਂ ਇੱਥੇ ਸੁਨਾਮ ਰੋਡ ’ਤੇ 90 ਫੁੱਟ ਉਚੀ ਪਾਣੀ ਦੀ ਟੈਂਕੀ ਉੱਪਰ ਪੰਜ ਬੇਰੁਜ਼ਗਾਰ ਅਧਿਆਪਕ ਚੜ੍ਹੇ ਹੋਏ ਹਨ ਜਦਕਿ ਬਾਕੀ ਸਾਥੀ ਅਧਿਆਪਕਾਂ ਵੱਲੋਂ ਟੈਂਕੀ ਹੇਠਾਂ ਰੋਸ ਧਰਨਾ ਲਗਾਤਾਰ ਜਾਰੀ ਹੈ। ਬੇਰੁਜ਼ਗਾਰ ਅਧਿਆਪਕਾਂ ਦਾ ਸੰਘਰਸ਼ 53ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ ਪਰ ਪੰਜਾਬ ਸਰਕਾਰ ਨੇ ਮੰਗਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਿਸ ਕਾਰਨ ਅਧਿਆਪਕਾਂ ’ਚ ਰੋਸ ਪਾਇਆ ਜਾ ਰਿਹਾ ਹੈ। ਟੈਂਕੀ ਉੱਪਰ ਚੜ੍ਹੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਕਾਲੀਆਂ ਝੰਡੀਆਂ ਚੁੱਕ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਅਤੇ ਦੀਵਾਲੀ ਦਾ ਤਿਉਹਾਰ ‘ਕਾਲੀ ਦੀਵਾਲੀ’ ਦੇ ਰੂਪ ਵਿੱਚ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਭਲਕੇ ਦੀਵਾਲੀ ਦਾ ਤਿਉਹਾਰ ਵੀ ‘ਕਾਲੀ ਦੀਵਾਲੀ’ ਦੇ ਰੂਪ ਵਿੱਚ ਮਨਾਇਆ ਜਾਵੇਗਾ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਅਤੇ ਪ੍ਰੈੱਸ ਸਕੱਤਰ ਦੀਪ ਬਨਾਰਸੀ ਨੇ ਦੋਸ਼ ਲਾਇਆ ਕਿ ਬੇਰੁਜ਼ਗਾਰ ਅਧਿਆਪਕ 53 ਦਿਨ ਪਹਿਲਾਂ ਟੈਂਕੀ ਉੱਪਰ ਚੜ੍ਹੇ ਸੀ ਅਤੇ ਠੰਢ ਦਾ ਮੌਸਮ ਵੀ ਸ਼ੁਰੂ ਹੋ ਚੁੱਕਿਆ ਹੈ ਪਰ ਸਰਕਾਰ ਨੂੰ ਬੇਰੁਜ਼ਗਾਰ ਅਧਿਆਪਕਾਂ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੇ ਮਾੜੇ ਰਵੱਈਏ ਖ਼ਿਲਾਫ਼ ਭਲਕੇ ਦੀਵਾਲੀ ਦਾ ਤਿਉਹਾਰ ‘ਕਾਲੀ ਦੀਵਾਲੀ’ ਵਜੋਂ ਮਨਾਇਆ ਜਾਵੇਗਾ ਅਤੇ ਆਉਣ ਵਾਲੇ ਦਿਨਾਂ ਵਿਚ ਸਰਕਾਰ ਖ਼ਿਲਾਫ਼ ਗੁਪਤ ਐਕਸ਼ਨ ਕੀਤੇ ਜਾਣਗੇ।
ਇਸ ਮੌਕੇ ਯੂਨੀਅਨ ਆਗੂ ਮਨੀ ਸੰਗਰੂਰ, ਮੋਨੂੰ ਫਿਰੋਜ਼ਪੁਰ, ਪ੍ਰਿਥੀ ਅਬੋਹਰ, ਰਵਿੰਦਰ ਅਬੋਹਰ ਆਦਿ ਮੌਜੂਦ ਸਨ।

Previous articleਗਿਆਨ ਦਾ ਦੀਵਾ ਬਾਲਣ ਲਈ ਸਵਾ ਮੀਲ ਤੁਰਦੇ ਨੇ ਬੱਚੇ
Next articleਅਮਰੀਕੀ ਸੰਸਦ ਮੈਂਬਰਾਂ ਨੇ ਦੀਵਾਲੀ ਮਨਾਈ