ਟੀ-20 ਵਿਸ਼ਵ ਕੱਪ: ਭਾਰਤੀ ਕੁੜੀਆਂ ਕੋਲ ਇਤਿਹਾਸ ਸਿਰਜਣ ਦਾ ਮੌਕਾ

ਮੈਲਬਰਨ- ਭਾਰਤੀ ਮਹਿਲਾ ਟੀਮ ਇੱਥੇ ਮੈਲਬਰਨ ਕ੍ਰਿਕਟ ਗਰਾਊਂਡ ਵਿੱਚ ਰਿਕਾਰਡ ਦਰਸ਼ਕਾਂ ਸਾਹਮਣੇ ਮੌਜੂਦਾ ਚੈਂਪੀਅਨ ਆਸਟਰੇਲੀਆ ਖ਼ਿਲਾਫ਼ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ ਵਿੱਚ ਐਤਵਾਰ ਨੂੰ ਨਵਾਂ ਇਤਿਹਾਸ ਸਿਰਜਣ ਦੇ ਇਰਾਦੇ ਨਾਲ ਉਤਰੇਗੀ। ਪਹਿਲੀ ਵਾਰ ਖ਼ਿਤਾਬੀ ਮੁਕਾਬਲੇ ਵਿੱਚ ਉਤਰ ਰਹੀ ਭਾਰਤੀ ਟੀਮ ਨੇ ਗਰੁੱਪ ਗੇੜ ਦੇ ਆਪਣੇ ਚਾਰੇ ਮੁਕਾਬਲੇ ਜਿੱਤੇ ਹਨ। ਉਸ ਨੇ ਟੂਰਨਾਮੈਂਟ ਦੇ ਉਦਘਾਟਨੀ ਮੈਚ ਵਿੱਚ ਚਾਰ ਵਾਰ ਦੀ ਚੈਂਪੀਅਨ ਆਸਟਰੇਲੀਆ ਨੂੰ 17 ਦੌੜਾਂ ਨਾਲ ਸ਼ਿਕਸਤ ਦਿੱਤੀ ਸੀ।
ਇੰਗਲੈਂਡ ਖ਼ਿਲਾਫ਼ ਸੈਮੀਫਾਈਨਲ ਮੀਂਹ ਦੀ ਭੇਟ ਚੜ੍ਹਨ ਮਗਰੋਂ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਟੀਮ ਗਰੁੱਪ ‘ਏ’ ਵਿੱਚ ਚੋਟੀ ’ਤੇ ਰਹਿਣ ਕਾਰਨ ਪਹਿਲੀ ਵਾਰ ਫਾਈਨਲ ਵਿੱਚ ਪਹੁੰਚੀ ਹੈ। ਭਾਰਤ ਦੀ ਇਸ ਕਾਰਗੁਜ਼ਾਰੀ ਵਿੱਚ 16 ਸਾਲ ਦੀ ਸ਼ੈਫਾਲੀ ਵਰਮਾ ਦੀ ਹਮਲਾਵਰ ਬੱਲੇਬਾਜ਼ੀ ਅਤੇ ਸਪਿੰਨਰਾਂ ਦਾ ਦਬਦਬਾ ਅਹਿਮ ਰਿਹਾ ਹੈ। ਜੇਕਰ ਭਾਰਤ ਨੇ ਪਹਿਲੀ ਵਾਰ ਆਈਸੀਸੀ ਟਰਾਫ਼ੀ ਜਿੱਤ ਕੇ ਇਤਿਹਾਸ ਲਿਖਣਾ ਹੈ ਤਾਂ ਸਮ੍ਰਿਤੀ ਮੰਧਾਨਾ ਅਤੇ ਹਰਮਨਪ੍ਰੀਤ ਵਰਗੀਆਂ ਸਟਾਰ ਬੱਲੇਬਾਜ਼ਾਂ ਨੂੰ ਵੀ ਸ਼ਾਨਦਾਰ ਪਾਰੀਆਂ ਖੇਡਣੀਆਂ ਹੋਣਗੀਆਂ। ਮੱਧ ਕ੍ਰਮ ਦੇ ਬੱਲੇਬਾਜ਼ਾਂ ਨੂੰ ਚੰਗਾ ਪ੍ਰਦਰਸ਼ਨ ਕਰਨ ਦੀ ਲੋੜ ਹੈ।
ਇਸ ਤੋਂ ਪਹਿਲਾਂ ਤਿਕੋਣੀ ਲੜੀ ਦੇ ਫਾਈਨਲ ਵਿੱਚ ਭਾਰਤ ਨੂੰ ਹਰਾਉਣ ਵਾਲੀ ਮੇਜ਼ਬਾਨ ਟੀਮ ਨੂੰ ਖ਼ਿਤਾਬੀ ਮੁਕਾਬਲੇ ਖੇਡਣ ਦੀ ਕਾਫ਼ੀ ਮੁਹਾਰਤ ਹੈ। ਆਸਟਰੇਲੀਆ ਲਗਾਤਾਰ ਛੇਵੀਂ ਵਾਰ ਫਾਈਨਲ ਵਿੱਚ ਪਹੁੰਚਿਆ ਹੈ। ਇਸ ਲਈ ਉਹ ਜਾਣਦੇ ਹਨ ਕਿ ਦਬਾਅ ਦੇ ਅਹਿਮ ਪਲਾਂ ਵਿੱਚ ਕਿਹੋ ਜਿਹਾ ਪ੍ਰਦਰਸ਼ਨ ਕਰਨਾ ਹੈ, ਜਦਕਿ ਭਾਰਤੀ ਟੀਮ ਵੱਡੇ ਮੈਚਾਂ ’ਚ ਦਬਾਅ ਵਿੱਚ ਆ ਜਾਂਦੀ ਹੈ। ਉਸ ਨੂੰ ਸਾਲ 2017 ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਤੇ ਸਾਲ 2018 ਵਿਸ਼ਵ ਟੀ-20 ਦੇ ਸੈਮੀਫਾਈਨਲ ਵਿੱਚ ਇੰਗਲੈਂਡ ਨੇ ਹਰਾਇਆ ਸੀ। ਭਾਰਤੀ ਟੀਮ ਨੂੰ ਸ਼ੈਫਾਲੀ ਵਰਮਾ ਤੋਂ ਮੁੜ ਤੂਫ਼ਾਨੀ ਸ਼ੁਰੂਆਤ ਦੀ ਉਮੀਦ ਰਹੇਗੀ ਅਤੇ ਉਸ ਨੂੰ ਮੰਧਾਨਾ ਤੋਂ ਵੀ ਤੇਜ਼ਤਰਾਰ ਪਾਰੀ ਦੀ ਆਸ ਹੈ। ਹਰਮਨਪ੍ਰੀਤ ਲਈ ਫਿਰ ਤੋਂ ਲੈਅ ਵਿੱਚ ਪਰਤਣ ਅਤੇ ਅੱਗੇ ਵਧ ਕੇ ਅਗਵਾਈ ਕਰਨ ਲਈ ਇਸ ਤੋਂ ਵੱਡਾ ਮੰਚ ਨਹੀਂ ਹੋ ਸਕਦਾ। ਟੂਰਨਾਮੈਂਟ ਵਿੱਚ ਜੇਕਰ ਸ਼ੈਫਾਲੀ ਨਾਕਾਮ ਰਹਿੰਦੀ ਤਾਂ ਭਾਰਤ ਲਈ ਗਰੁੱਪ ਗੇੜ ਵਿੱਚ ਚੁਣੌਤੀਪੂਰਨ ਸਕੋਰ ਬਣਾਉਣਾ ਮੁਸ਼ਕਲ ਹੋ ਜਾਂਦਾ ਕਿਉਂਕਿ ਮੱਧ ਅਤੇ ਹੇਠਲੇ ਕ੍ਰਮ ਦੇ ਬੱਲੇਬਾਜ਼ ਖ਼ਾਸ ਯੋਗਦਾਨ ਨਹੀਂ ਪਾ ਸਕੇ। ਟੀਮ ਗਰੁੱਪ ਗੇੜ ਵਿੱਚ ਕਿਸੇ ਵੀ ਮੈਚ ਵਿੱਚ 150 ਦੌੜਾਂ ਤੱਕ ਨਹੀਂ ਪਹੁੰਚੀ। ਇਸ ਦੇ ਬਾਵਜੂਦ ਮੈਚ ਜਿੱਤਣ ਦਾ ਸਿਹਰਾ ਅਨੁਸ਼ਾਸਿਤ ਗੇਂਦਬਾਜ਼ੀ ਸਿਰ ਬੱਝਦਾ ਹੈ। ਲੈੱਗ ਸਪਿੰਨਰ ਪੂਨਮ ਯਾਦਵ ਨੇ ਸੱਟ ਮਗਰੋਂ ਸ਼ਾਨਦਾਰ ਵਾਪਸੀ ਕੀਤੀ ਹੈ। ਉਸ ਨੇ ਹੁਣ ਤੱਕ ਨੌਂ ਵਿਕਟਾਂ ਲਈਆਂ ਹਨ ਅਤੇ ਉਹ ਆਸਟਰੇਲੀਆ ਦੀ ਤੇਜ਼ ਗੇਂਦਬਾਜ਼ ਮੇਗਨ ਸ਼ੱਟ ਨਾਲ ਸਭ ਤੋਂ ਵੱਧ ਵਿਕਟਾਂ ਲੈਣ ਵਾਲੀਆਂ ਗੇਂਦਬਾਜ਼ਾਂ ਵਿੱਚ ਚੋਟੀ ’ਤੇ ਹੈ। ਤੇਜ਼ ਗੇਂਦਬਾਜ਼ ਸ਼ਿਖਾ ਪਾਂਡੇ ਨੇ ਵੀ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਹੈ, ਜਦਕਿ ਖੱਬੇ ਹੱਥ ਦੀਆਂ ਸਪਿੰਨਰਾਂ ਰਾਧਾ ਯਾਦਵ ਅਤੇ ਰਾਜੇਸ਼ਵਰੀ ਗਾਇਕਵਾੜ ਦੀ ਕਿਫ਼ਾਇਤੀ ਗੇਂਦਬਾਜ਼ੀ ਰਹੀ।
ਇਹ ਵੇਖਣਾ ਦਿਲਚਸਪ ਹੋਵੇਗਾ ਕਿ ਆਸਟਰੇਲਿਆਈ ਬੱਲੇਬਾਜ਼ ਪੂਨਮ ਦਾ ਸਾਹਮਣਾ ਕਿਵੇਂ ਕਰਦੇ ਹਨ, ਜੋ ਪਹਿਲੇ ਮੈਚ ਵਿੱਚ ਉਸਦਾ ਸਾਹਮਣਾ ਨਹੀਂ ਕਰ ਸਕੇ ਸਨ। ਫਾਈਨਲ ਮੈਚ ਦੀਆਂ 75 ਹਜ਼ਾਰ ਤੋਂ ਵੱਧ ਟਿਕਟਾਂ ਵਿਕ ਚੁੱਕੀਆਂ ਹਨ ਅਤੇ ਕੁੱਲ 90 ਹਜ਼ਾਰ ਦਰਸ਼ਕਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਮੈੱਗ ਲੈਨਿੰਗ ਦੀ ਕਪਤਾਨੀ ਵਾਲੀ ਆਸਟਰੇਲਿਆਈ ਟੀਮ ਘਰੇਲੂ ਦਰਸ਼ਕਾਂ ਸਾਹਮਣੇ ਚੰਗਾ ਪ੍ਰਦਰਸ਼ਨ ਕਰਨ ਲਈ ਵਚਨਬੱਧ ਹੈ। ਦਰਸ਼ਕਾਂ ਵਿੱਚ ਉਸਦੀ ਪੁਰਸ਼ ਟੀਮ ਦਾ ਪ੍ਰਮੁੱਖ ਗੇਂਦਬਾਜ਼ ਮਿਸ਼ੇਲ ਸਟਾਰਕ ਵੀ ਸ਼ਾਮਲ ਹੋਵੇਗਾ, ਜੋ ਆਪਣੀ ਘਰੇਲੂ ਟੀਮ ਅਤੇ ਆਪਣੀ ਪਤਨੀ ਐਲਿਸਾ ਹੀਅਲੀ ਦਾ ਉਤਸ਼ਾਹ ਵਧਾਉਣ ਲਈ ਦੱਖਣੀ ਅਫਰੀਕਾ ਦਾ ਦੌਰਾ ਅੱਧ-ਵਿਚਾਲੇ ਛੱਡ ਕੇ ਇੱਥੇ ਪਹੁੰਚਿਆ ਹੈ। ਆਸਟਰੇਲੀਆ ਦੀਆਂ ਖਿਡਾਰਨਾਂ ਵੀ ਸੱਟ ਨਾਲ ਜੂਝ ਰਹੀਆਂ ਹਨ। ਤੇਜ਼ ਗੇਂਦਬਾਜ਼ ਤਾਇਲਾ ਵਲਾਏਮਿੰਕ ਸ਼ੁਰੂ ਵਿੱਚ ਹੀ ਜ਼ਖਮੀ ਹੋ ਗਈ ਸੀ, ਜਦੋਂਕਿ ਸਟਾਰ ਹਰਫ਼ਨਮੌਲਾ ਐਲਿਸੀ ਪੈਰੀ ਦੱਖਣੀ ਅਫਰੀਕਾ ਖ਼ਿਲਾਫ਼ ਸੈਮੀਫਾਈਨਲ ਤੋਂ ਪਹਿਲਾਂ ਹੀ ਬਾਹਰ ਹੋ ਗਈ। ਇਸਦੇ ਬਾਵਜੂਦ ਆਸਟਰੇਲੀਆ ਮੁੜ ਫਾਈਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਿਹਾ। ਮੈੱਗ ਲੈਨਿੰਗ ਨੇ ਕਿਹਾ, “ਇੱਥੇ ਅਸੀਂ ਸਿਰਫ਼ ਚੰਗਾ ਪ੍ਰਦਰਸ਼ਨ ਕਰਨ ਨਹੀਂ ਆਏ। ਅਸੀਂ ਜਿੱਤਣ ਲਈ ਆਏ ਹਾਂ ਅਤੇ ਇਸੇ ਇਰਾਦੇ ਨਾਲ ਮੈਦਾਨ ਵਿੱਚ ਉਤਰਾਂਗੇ। ਇਹ ਮੇਰੇ ਕਰੀਅਰ ਦਾ ਸਭ ਤੋਂ ਵੱਡਾ ਪਲ ਹੋਵੇਗਾ।’’

Previous articleਸਾਬਕਾ ਸੀਬੀਆਈ ਡਾਇਰੈਕਟਰ ਅਸਥਾਨਾ ਨੂੰ ਤਲਬ ਨਹੀਂ ਕਰੇਗੀ ਅਦਾਲਤ
Next articleਕਠਾਰ ਵਿਖੇ ਕਰਵਾਏ ਗਏ ਸਮਾਜਿਕ ਚੇਤਨਾ ਅਤੇ ਚਿੰਤਨ ਸਮਾਰੋਹ ਨੇ ਹਾਜ਼ਰੀਨ ਨੂੰ ਕੀਤਾ ਜਾਗਰੂਕ