ਟੀ-20 ਰੈਂਕਿੰਗ: ਰਾਹੁਲ ਸਿਖਰਲੇ ਦਸ ਬੱਲੇਬਾਜ਼ਾਂ ’ਚ ਸ਼ਾਮਲ

ਅਫ਼ਗ਼ਾਨ ਬੱਲੇਬਾਜ਼ ਹਜਰਤੁੱਲ੍ਹਾ ਨੇ ਹਾਸਲ ਕੀਤਾ ਸੱਤਵਾਂ ਰੈਂਕ

ਭਾਰਤੀ ਟੀਮ ’ਚ ਵਾਪਸੀ ਕਰਨ ਵਾਲਾ ਲੋਕੇਸ਼ ਰਾਹੁਲ ਜਾਰੀ ਹੋਈ ਤਾਜ਼ਾ ਆਈਸੀਸੀ ਟੀ-20 ਕੌਮਾਂਤਰੀ ਰੈਂਕਿੰਗ ’ਚ ਸਿਖਰਲੇ ਦਸ ਬੱਲੇਬਾਜ਼ਾਂ ’ਚ ਸ਼ਾਮਲ ਇੱਕਲੌਤਾ ਭਾਰਤੀ ਖਿਡਾਰੀ ਹੈ ਜਦਕਿ ਅਫਗਾਨਿਸਤਾਨ ਦਾ ਹਜਰਤੁੱਲ੍ਹਾ ਜਜਾਈ 31 ਥਾਵਾਂ ਦੀ ਛਾਲ ਮਾਰ ਕੇ ਆਪਣੇ ਕਰੀਅਰ ਦੀ ਸਰਵੋਤਮ ਰੈਂਕਿੰਗ ਸੱਤਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਰਾਹੁਲ ਨੇ ਹਾਲ ਹੀ ’ਚ ਆਸਟਰੇਲੀਆ ਖ਼ਿਲਾਫ ਸਮਾਪਤ ਹੋਈ ਦੋ ਮੈਚਾਂ ਦੀ ਟੀ-20 ਲੜੀ ’ਚ 47 ਤੇ 50 ਦੌੜਾਂ ਬਣਾ ਕੇ ਸ਼ਾਨਦਾਰ ਵਾਪਸੀ ਕੀਤੀ। ਇਸ ਤੋਂ ਪਹਿਲਾਂ ਉਹ ਚੈਟ ਸ਼ੋਅ ਵਿਵਾਦ ਤੋਂ ਬਾਅਦ ਖਰਾਬ ਦੌਰ ’ਚੋਂ ਲੰਘ ਰਿਹਾ ਸੀ। ਉਸ ਨੂੰ ਚਾਰ ਥਾਵਾਂ ਦਾ ਫਾਇਦਾ ਹੋਇਆ ਹੈ ਅਤੇ ਉਹ 769 ਅੰਕ ਲੈ ਕੇ ਛੇਵੇਂ ਸਥਾਨ ’ਤੇ ਪਹੁੰਚ ਗਿਆ ਹੈ। ਜਿਨ੍ਹਾਂ ਹੋਰ ਦੋ ਭਾਰਤੀ ਬੱਲੇਬਾਜ਼ਾਂ ਨੂੰ ਰੈਂਕਿੰਗ ’ਚ ਥਾਂ ਮਿਲੀ ਹੈ ਉਨ੍ਹਾਂ ’ਚ ਵਿਰਾਟ ਕੋਹਲੀ (17ਵਾਂ) ਤੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ (56ਵੇਂ) ਸ਼ਾਮਲ ਹਨ।
ਤੇਜ਼ ਗੇਂਦਬਾਜ਼ਾਂ ’ਚ ਜਸਪ੍ਰੀਤ ਬਮਰਾਹ (12 ਸਥਾਨ ਦੇ ਫਾਇਦੇ ਨਾਲ 15ਵੇਂ ਸਥਾਨ ’ਤੇ) ਅਤੇ ਖੱਬੇ ਹੱਥ ਦਾ ਸਪਿੰਨਰ ਕ੍ਰਨਾਲ ਪਾਂਡਿਆ (18 ਸਥਾਨ ਦੇ ਫਾਇਦੇ ਨਾਲ 43ਵੇਂ ਸਥਾਨ ’ਤੇ) ਨੂੰ ਵੀ ਫਾਇਦਾ ਮਿਲਿਆ ਹੈ ਹਾਲਾਂਕਿ ਚਾਈਨਾਮੈਨ ਕੁਲਦੀਪ ਯਾਦਵ ਦੋ ਸਥਾਨ ਦੇ ਨੁਕਸਾਨ ਨਾਲ ਚੌਥੇ ਸਥਾਨ ’ਤੇ ਹੈ। ਹੋਰਨਾਂ ਖਿਡਾਰੀਆਂ ’ਚ ਆਸਟਰੇਲਿਆਈ ਬੱਲੇਬਾਜ਼ ਗਲੇਨ ਮੈਕਸਵੈੱਲ ਭਾਰਤ ਖ਼ਿਲਾਫ਼ ਲੜੀ ’ਚ ਕੀਤੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਦੋ ਸਥਾਨ ਦੇ ਫਾਇਦੇ ਨਾਲ ਤੀਜੇ ਸਥਾਨ ’ਤੇ ਪਹੁੰਚ ਗਿਆ ਹੈ।
ਇਸੇ ਤਰ੍ਹਾਂ ਹਜਰਤੁੱਲ੍ਹਾ ਨੂੰ ਅਫਗਾਨਿਸਤਾਨ ਦੀ ਆਇਰਲੈਂਡ ਖ਼ਿਲਾਫ਼ ਲੜੀ ’ਚ 3-0 ਦੀ ਜਿੱਤ ਦੌਰਾਨ ਕੁੱਲ 204 ਦੌੜਾਂ ਬਣਾਉਣ ਬਦਲੇ 31 ਸਥਾਨ ਦਾ ਫਾਇਦਾ ਹੋਇਆ ਅਤੇ ਉਹ ਕਰੀਅਰ ਦੀ ਸਰਵੋਤਮ ਰੈਂਕਿੰਗ 7ਵੇਂ ਸਥਾਨ ’ਤੇ ਪਹੁੰਚ ਗਿਆ। ਇਸ ਲੜੀ ’ਚ ਉਸ ਨੇ ਨਾਬਾਦ 162 ਦੌੜਾਂ ਦੀ ਪਾਰੀ ਵੀ ਖੇਡੀ ਜੋ ਟੀ-20 ਕੌਮਾਂਤਰੀ ਕ੍ਰਿਕਟ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਆਸਟਰੇਲੀਆ ਦੇ ਡਾਰਸੀ ਸ਼ਾਰਟ ਨੂੰ ਅੱਠ ਸਥਾਨ ਦਾ ਫਾਇਦਾ ਹੋਇਆ ਹੈ ਤੇ ਉਹ ਬੱਲੇਬਾਜ਼ਾਂ ਦੀ ਸੂਚੀ ’ਚ ਅੱਠਵੇਂ ਸਥਾਨ ’ਤੇ ਹੈ ਜਦਕਿ ਨਾਥਨ ਕੂਲਟਰ ਨਾਈਲ ਗੇਂਦਬਾਜ਼ਾਂ ਦੀ ਸੂਚੀ ’ਚ ਚਾਰ ਸਥਾਨ ਦੇ ਫਾਇਦੇ ਨਾਲ 45ਵੇਂ ਸਥਾਨ ’ਤੇ ਹੈ।

Previous articleਭਾਰਤ ਤੇ ਆਸਟਰੇਲੀਆ ਵਿਚਾਲੇ ਇੱਕ ਰੋਜ਼ਾ ਮੈਚਾਂ ਦੀ ਲੜੀ ਅੱਜ ਤੋਂ
Next articleBanning Jamaat-e-Islami can have dangerous ramifications: Mehbooba