ਟੀ-20: ਕੋਹਲੀ ਤੇ ਪੰਤ ਏਸ਼ੀਆ ਇਲੈਵਨ ਟੀਮ ’ਚ

ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਅੱਜ ਏਸ਼ੀਆ ਇਲੈਵਨ ਟੀਮ ਵਿੱਚ ਸ਼ਾਮਲ ਕੀਤਾ ਗਿਆ। ਇਹ ਟੀਮ ਅਗਲੇ ਮਹੀਨੇ ਢਾਕਾ ਵਿੱਚ ਬੰਗਲਾਦੇਸ਼ ਦੇ ਸੰਸਥਾਪਕ ਸ਼ੇਖ ਮੁਜੀਬੁਰ ਰਹਿਮਾਨ ਦੀ ਜਨਮ ਸ਼ਤਾਬਦੀ ਸਮਾਰੋਹ ਮੌਕੇ ਹੋਣ ਵਾਲੀ ਦੋ ਟੀ-20 ਮੈਚਾਂ ਦੀ ਲੜੀ ਵਿੱਚ ਫਾਫ ਡੂ ਪਲੇਸਿਸ ਦੀ ਅਗਵਾਈ ਵਾਲੀ ਵਿਸ਼ਵ ਇਲੈਵਨ ਖ਼ਿਲਾਫ਼ ਖੇਡੇਗੀ।
ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਕੋਹਲੀ ਨੂੰ ਇੱਕ ਮੈਚ ਲਈ ਟੀਮ ਵਿੱਚ ਸ਼ਾਮਲ ਕੀਤਾ ਹੈ, ਪਰ ਇਹ ਉਸ ਦੀ ਮੌਜੂਦਗੀ ’ਤੇ ਨਿਰਭਰ ਕਰੇਗਾ। ਬੀਸੀਸੀਆਈ ਨੇ ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ। ਇਹ ਮੈਚ 21 ਅਤੇ 22 ਮਾਰਚ ਨੂੰ ਖੇਡੇ ਜਾਣਗੇ।
ਈਐੱਸਪੀਐੱਨਕ੍ਰਿਕਇੰਫੋ ਨੇ ਬੰਗਲਾਦੇਸ਼ ਕ੍ਰਿਕਟ ਬੋਰਡ ਦੇ ਪ੍ਰਧਾਨ ਨਜ਼ਮੁਲ ਦੇ ਹਵਾਲੇ ਨਾਲ ਕਿਹਾ, ‘‘ਸਾਨੂੰ ਪਹਿਲਾਂ ਹੀ ਭਾਰਤ ਤੋਂ ਚਾਰ ਨਾਮ ਮਿਲ ਗਏ ਹਨ।’’ ਉਨ੍ਹਾਂ ਕਿਹਾ, ‘‘ਅਸੀਂ ਹੁਣ ਤੱਕ ਸਮਝੌਤੇ ’ਤੇ ਦਸਤਖ਼ਤ ਨਹੀਂ ਕੀਤੇ, ਪਰ ਰਿਸ਼ਭ ਪੰਤ, ਕੁਲਦੀਪ ਯਾਦਵ, ਸ਼ਿਖਰ ਧਵਨ ਅਤੇ ਮੁਹੰਮਦ ਸ਼ਮੀ ਦੇ ਆਉਣ ਦੀ ਸੰਭਾਵਨਾ ਹੈ।’’ ਉਸ ਨੇ ਕਿਹਾ ਕਿ ਲੋਕੇਸ਼ ਰਾਹੁਲ ਅਤੇ ਵਿਰਾਟ ਕੋਹਲੀ ਇੱਕ-ਇੱਕ ਮੈਚ ਖੇਡਣਗੇ, ਪਰ ਅਜੇ ਇਹ ਤੈਅ ਨਹੀਂ ਹੋਇਆ। ਬੀਸੀਬੀ ਚਾਹੁੰਦਾ ਹੈ ਕਿ ਕੋਹਲੀ ਦੋਵਾਂ ਟੀ-20 ਮੈਚਾਂ ਵਿੱਚ ਹਿੱਸਾ ਲਵੇ, ਪਰ ਭਾਰਤੀ ਟੀਮ ਦੇ ਰੁਝੇਵੇਂ ਵਾਲੇ ਪ੍ਰੋਗਰਾਮ ਨੂੰ ਵੇਖਦਿਆਂ ਇਹ ਤੈਅ ਨਹੀਂ ਹੈ ਕਿ ਭਾਰਤੀ ਕਪਤਾਨ ਖ਼ੁਦ ਮੌਜੂਦ ਰਹੇਗਾ ਜਾਂ ਨਹੀਂ। ਬੀਸੀਸੀਆਈ ਦੇ ਸੂਤਰ ਨੇ ਕਿਹਾ, ‘‘ਕੋਹਲੀ ਦਾ ਨਾਮ ਭੇਜਿਆ ਗਿਆ ਹੈ, ਪਰ ਖੇਡਣ ਦਾ ਫ਼ੈਸਲਾ ਉਸ ਨੇ ਖ਼ੁਦ ਕਰਨਾ ਹੈ ਅਤੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਦੇ ਨਾਲ ਸਲਾਹ ਕਰਨ ਮਗਰੋਂ ਉਹ ਫ਼ੈਸਲਾ ਲਵੇਗਾ।’’

Previous articleਸ਼ਿਵ ਸੈਨਾ ਆਗੂ ਦੇ ਭਰਾ ਦਾ ਭੇਤ-ਭਰੀ ਹਾਲਤ ’ਚ ਕਤਲ
Next articleਓਲੰਪਿਕ ਤੋਂ ਪਹਿਲਾਂ ਹਾਕੀ ’ਤੇ ਹੋਰ ਕੰਮ ਕਰਨ ਦੀ ਲੋੜ: ਹਰਮਨਪ੍ਰੀਤ