ਟਰੰਪ ਹਮਾਇਤੀ ਸਿੱਖਾਂ ਵੱਲੋਂ ਬਾਇਡਨ ਦੀ ਮੁਹਿੰਮ ਦਾ ਵਿਰੋਧ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਅਧੀਨ ਸਿੱਖਾਂ ਦੇ ਸੁਰੱਖਿਅਤ ਹੋਣ ਦਾ ਦਾਅਵਾ ਕਰਦਿਆਂ ਇੱਕ ਮੁੱਖ ਸਿੱਖ-ਅਮਰੀਕੀ ਗਰੁੱਪ ਨੇ ਦੋਸ਼ ਲਾਇਆ ਕਿ ਜੋਅ ਬਾਇਡਨ ਦੀ ਮੁਹਿੰਮ ਸਿੱਖ ਭਾਈਚਾਰੇ ਦਾ ਹੌਸਲਾ ਢਾਹੁਣ ਤੇ ਉਸ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਜੋਅ ਬਾਇਡਨ ਰਾਸ਼ਟਰਪਤੀ ਚੋਣਾਂ ’ਚ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਹਨ।

ਸਿੱਖ-ਅਮਰੀਕੀ ਵਕੀਲ ਤੇ ਟਰੰਪ ਦੇ ਵਕੀਲਾਂ ’ਚੋਂ ਇੱਕ (ਕੋ-ਚੇਅਰ) ਹਰਮੀਤ ਢਿੱਲੋਂ ਨੇ ਕਿਹਾ ਧਾਰਮਿਕ ਆਜ਼ਾਦੀ ਤੇ ਖੁਦਮੁਖਤਿਆਰੀ ਯਕੀਨੀ ਬਣਾਉਣ ਲਈ ਰਾਸ਼ਟਰਪਤੀ ਡੋਨਲਡ ਟਰੰਪ ਦੀ ਪਹਿਲ ਕਾਰਨ ਹੀ ਇੰਨੇ ਸਾਰੇ ਸਿੱਖ ਨੌਜਵਾਨ ਅੱਜ ਅਮਰੀਕੀ ਫੌਜ ’ਚ ਪੱਗ ਤੇ ਦਾੜ੍ਹੀ ਨਾਲ ਸੇਵਾ ਦੇ ਰਹੇ ਹਨ।

ਟਰੰਪ ਦੀ ਮੁਹਿੰਮ ਨਾਲ ਜੁੜੇ ਸਿੱਖਾਂ ’ਚੋਂ ਇੱਕ (ਕੋ-ਚੇਅਰ) ਜਸਦੀਪ ਸਿੰਘ ਨੇ ਦੱਸਿਆ ਕਿ ਸਿੱਖ ਭਾਈਚਾਰੇ ਦੇ ਮੈਂਬਰ ਪਹਿਲਾਂ ਕਦੀ ਵੀ ਇੰਨੇ ਸੁਰੱਖਿਅਤ ਨਹੀਂ ਸੀ ਜਿੰਨੇ ਰਾਸ਼ਟਰਪਤੀ ਟਰੰਪ ਦੇ ਪ੍ਰਸ਼ਾਸਨ ਦੌਰਾਨ ਹਨ। ਉਨ੍ਹਾਂ ਕਿਹਾ, ‘ਅਸੀਂ ਬਹਾਦਰ ਕੌਮ ਹਾਂ। ਸਾਨੂੰ ਕੋਈ ਪ੍ਰੇਸ਼ਾਨ ਨਹੀਂ ਕਰ ਸਕਦਾ। ਅਜਿਹਾ ਕਹਿ ਕੇ ਕਿ ਸਿੱਖ ਭਾਈਚਾਰਾ ਅਮਰੀਕਾ ’ਚ ਸੁਰੱਖਿਅਤ ਨਹੀਂ ਹੈ, ਬਾਇਡਨ ਦੀ ਮੁਹਿੰਮ ਟੀਮ ਸਾਡਾ ਹੌਸਲਾ ਤੋੜਨ ਤੇ ਸਾਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।’ ਉਨ੍ਹਾਂ ਦਾਅਵਾ ਕੀਤਾ ਕਿ ਬਾਇਡਨ-ਹੈਰਿਸ ਪ੍ਰਸ਼ਾਸਨ ਸਿੱਖ ਵਿਰੋਧੀ ਹੋਵੇਗਾ।

Previous articleਭਾਰਤ ਸਣੇ ਚਾਰ ਮੁਲਕਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਤੇ ਚੀਨ ਨੂੰ ਇਤਰਾਜ਼
Next articleਕੁਵੈਤ ਦੇ ਸ਼ਾਸਕ ਸ਼ੇਖ਼ ਸਬ੍ਹਾ ਦਾ ਦੇਹਾਂਤ