ਟਰੈਕਟਰ ਪਰੇਡ ਬਾਰੇ ਟਵੀਟਾਂ ’ਤੇ ਥਰੂਰ ਅਤੇ ਛੇ ਪੱਤਰਕਾਰਾਂ ਖ਼ਿਲਾਫ਼ ਕੇਸ

ਨੋਇਡਾ (ਸਮਾਜ ਵੀਕਲੀ): ਦਿੱਲੀ ’ਚ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ’ਚ ਕੀਤੇ ਗਏ ਟਵੀਟਾਂ ਨੂੰ ‘ਗੁੰਮਰਾਹਕੁਨ’ ਦੱਸਦਿਆਂ ਮੱਧ ਪ੍ਰਦੇਸ਼ ਅਤੇ ਨੋਿੲਡਾ ਪੁਲੀਸ ਨੇ ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਅਤੇ ਛੇ ਪੱਤਰਕਾਰਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ ਜਿਸ ’ਚ ਦੇਸ਼ਧ੍ਰੋਹ ਦੀ ਧਾਰਾ ਵੀ ਜੋੜੀ ਗਈ ਹੈ। ਮਿਸਰੋੜ ਦੇ ਪੁਲੀਸ ਅਧਿਕਾਰੀ ਨਿਰੰਜਣ ਸ਼ਰਮਾ ਨੇ ਦੱਸਿਆ ਕਿ ਸੰਜੈ ਰਘੂਵੰਸ਼ੀ ਦੀ ਸ਼ਿਕਾਇਤ ’ਤੇ ਵੀਰਵਾਰ ਰਾਤ ਭੁਪਾਲ ’ਚ ਐੱਫਆਈਆਰ ਦਰਜ ਹੋਈ ਹੈ। ਐੱਫਆਈਆਰ ’ਚ ਮ੍ਰਿਣਾਲ ਪਾਂਡੇ, ਰਾਜਦੀਪ ਸਰਦੇਸਾਈ, ਵਿਨੋਦ ਜੋਸ, ਜ਼ਫ਼ਰ ਆਗਾ, ਪਰੇਸ਼ ਨਾਥ ਅਤੇ ਅਨੰਤ ਨਾਥ ਦੇ ਨਾਮ ਵੀ ਸ਼ਾਮਲ ਹਨ।

ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਵੀ ਐੱਫਆਈਆਰ ਦਰਜ ਕੀਤੀ ਗਈ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਧਾਰਾ 153ਏ, 153ਏ (1) ਬੀ ਅਤੇ 505 (2) ਤਹਿਤ ਕੇਸ ਦਰਜ ਹੋਇਆ ਹੈ। ਸ਼ਿਕਾਇਤਕਰਤਾ ਨੇ ਇਨ੍ਹਾਂ ਵਿਅਕਤੀਆਂ ’ਤੇ 26 ਜਨਵਰੀ ਨੂੰ ਕੌਮੀ ਰਾਜਧਾਨੀ ’ਚ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਝੂਠੇ ਅਤੇ ਗੁੰਮਰਾਹਕੁਨ ਟਵੀਟ ਪੋਸਟ ਕਰਨ ਦੇ ਦੋਸ਼ ਲਾਏ ਹਨ। ਸ਼ਿਕਾਇਤਕਰਤਾ ਦਾ ਮੰਨਣਾ ਹੈ ਕਿ ਇਨ੍ਹਾਂ ਵਿਅਕਤੀਆਂ ਦੀ ਹਰਕਤ ਕੌਮੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ ਅਤੇ ਦਿੱਲੀ ਅਤੇ ਹੋਰ ਥਾਵਾਂ ’ਤੇ ਕਈ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ਐੱਫਆਈਆਰ ਦਰਜ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਐਡੀਟਰਜ਼ ਗਿਲਡ ਨੇ ਮੰਗ ਕੀਤੀ ਕਿ ਐੱਫਆਈਆਰ ਤੁਰੰਤ ਵਾਪਸ ਲੈ ਕੇ ਮੀਡੀਆ ਨੂੰ ਬਿਨਾਂ ਕਿਸੇ ਭੈਅ ਅਤੇ ਆਜ਼ਾਦੀ ਦੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਇਸ ਦੌਰਾਨ ਇੰਡੀਅਨ ਜਰਨਲਿਸਟਸ ਯੂਨੀਅਨ ਨੇ ਵੀ ਛੇ ਸੀਨੀਅਰ ਪੱਤਰਕਾਰਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਐੱਫਆਈਆਰ ਪੱਤਰਕਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਹੈ। ਜਥੇਬੰਦੀ ਦੇ ਪ੍ਰਧਾਨ ਅਤੇ ਸਕੱਤਰ ਜਨਰਲ ਨੇ ਐੱਫਆਈਆਰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਪੱਤਰਕਾਰ ਸਿਰਫ਼ ਆਪਣਾ ਫਰਜ਼ ਨਿਭਾਅ ਰਹੇ ਸਨ ਅਤੇ ਉਨ੍ਹਾਂ ਨੂੰ ਇੰਜ ਸਜ਼ਾ ਨਹੀਂ ਦਿੱਤੀ ਜਾ ਸਕਦੀ ਹੈ।

Previous articleਸ਼ਾਹ ਦੀ ਬੰਗਾਲ ਫੇਰੀ ਮੁਲਤਵੀ
Next articleਉਗਰਾਹਾਂ ਵੱਲੋਂ ਮੋਦੀ ਸਰਕਾਰ ਦੇ ਹਮਲਿਆਂ ਖ਼ਿਲਾਫ਼ ਡਟਣ ਦਾ ਸੱਦਾ