ਝੋਨੇ ਦੇ ਸਮਰਥਨ ਮੁੱਲ ’ਚ 53 ਰੁਪਏ ਦਾ ਵਾਧਾ

ਕਪਾਹ, ਤੇਲ ਬੀਜਾਂ ਅਤੇ ਦਾਲਾਂ ਦੀਆਂ ਕੀਮਤਾਂ ’ਚ ਵੀ ਕੀਤਾ ਇਜ਼ਾਫਾ

ਨਵੀਂ ਦਿੱਲੀ (ਸਮਾਜਵੀਕਲੀ): ਕੇਂਦਰ ਸਰਕਾਰ ਨੇ ਫ਼ਸਲੀ ਵਰ੍ਹੇ 2020-21 ਲਈ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) 53 ਰੁਪਏ ਵਧਾ ਕੇ 1,868 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਇਸ ਦੇ ਨਾਲ ਤੇਲ ਬੀਜਾਂ, ਦਾਲਾਂ ਅਤੇ ਅਨਾਜ ਦੀਆਂ ਕੀਮਤਾਂ ’ਚ ਵੀ ਵਾਧਾ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਬੈਠਕ ਦੌਰਾਨ ਇਹ ਫ਼ੈਸਲੇ ਲਏ ਗਏ ਜਿਸ ਨਾਲ ਕਿਸਾਨਾਂ ਨੂੰ ਇਹ ਤੈਅ ਕਰਨ ’ਚ ਸਹਾਇਤਾ ਮਿਲੇਗੀ ਕਿ ਦੱਖਣੀ-ਪੱਛਮੀ ਮੌਨਸੂਨ ਦੇ ਪਹੁੰਚਣ ਨਾਲ ਉਹ ਸਾਉਣੀ ਦੀਆਂ ਕਿਹੜੀਆਂ ਫ਼ਸਲਾਂ ਦੀ ਬਿਜਾਈ ਕਰਨ। ਮੌਸਮ ਵਿਭਾਗ ਨੇ ਜੂਨ-ਸਤੰਬਰ ਦੇ ਸਮੇਂ ਦੌਰਾਨ ਮੌਨਸੂਨ ਆਮ ਵਾਂਗ ਰਹਿਣ ਦਾ ਅਨੁਮਾਨ ਲਗਾਇਆ ਹੈ।

ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ,‘‘ਖੇਤੀ ਲਾਗਤ ਅਤੇ ਕੀਮਤ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਦੇ ਆਧਾਰ ’ਤੇ ਮੰਤਰੀ ਮੰਡਲ ਨੇ 14 ਫ਼ਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਵਧਾਉਣ ਨੂੰ ਮਨਜ਼ੂਰੀ ਦਿੱਤੀ ਹੈ।’’ ਉਨ੍ਹਾਂ ਕਿਹਾ ਕਿ ਝੋਨੇ ਦੇ ਸਮਰਥਨ ਮੁੱਲ ’ਚ ਵਾਧੇ ਨਾਲ ਕਿਸਾਨਾਂ ਨੂੰ ਲਾਗਤ ’ਤੇ 50 ਫ਼ੀਸਦੀ ਲਾਭ ਯਕੀਨੀ ਤੌਰ ’ਤੇ ਹੋਵੇਗਾ। ਗਰੇਡ ਏ ਝੋਨੇ ਦਾ ਐੱਮਐੱਸਪੀ 1,835 ਰੁਪਏ ਤੋਂ ਵਧਾ ਕੇ 1,888 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਸਰਕਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਕਪਾਹ (ਦਰਮਿਆਨੇ ਰੇਸ਼ੇ) ਦਾ ਸਮਰਥਨ ਮੁੱਲ 260 ਰੁਪਏ ਵਧਾ ਕੇ 2020-21 ਲਈ 5,515 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਹ ਪਿਛਲੇ ਸਾਲ 5,255 ਰੁਪਏ ਪ੍ਰਤੀ ਕੁਇੰਟਲ ਸੀ।

ਕਪਾਹ (ਲੰਬੇ ਰੇਸ਼ੇ) ਦਾ ਸਮਰਥਨ ਮੁੱਲ 5,550 ਰੁਪਏ ਤੋਂ ਵਧਾ ਕੇ 5,825 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਤਿਲ ਦੇ ਸਮਰਥਨ ਮੁੱਲ ’ਚ 370 ਰੁਪਏ ਦਾ ਵਾਧਾ ਕਰਦਿਆਂ ਇਹ 6855 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੇ ਹਨ। ਮਾਂਹ ਦੀ ਕੀਮਤ 300 ਰੁਪਏ ਵਧਾਈ ਗਈ ਹੈ ਜੋ ਹੁਣ 6 ਹਜ਼ਾਰ ਰੁਪਏ ਪ੍ਰਤੀ ਕੁਇੰਟਲ ’ਤੇ ਪਹੁੰਚ ਗਈ ਹੈ। ਬਾਜਰਾ 2150 ਰੁਪਏ, ਜੁਆਰ ਹਾਈਬ੍ਰਿਡ 2620 ਅਤੇ ਹੋਰ ਜੁਆਰ 2640, ਮੂੰਗੀ 7196, ਮੂੰਗਫਲੀ 5275, ਸੂਰਜਮੁਖੀ 5885, ਸੋਇਆਬੀਨ 3880 ਅਤੇ ਮੱਕੀ ਦਾ ਸਮਰਥਨ ਮੁੱਲ 1850 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ।

Previous articleਸੈਲਾਨੀਆਂ ਲਈ 2 ਜੂਨ ਤੋਂ ਖੁੱਲ੍ਹਣਗੇ (ਰੋਮ)ਇਟਲੀ ਦੇ ਅਜਾਇਬ ਘਰ
Next articleਪੰਜਾਬ ’ਚ ਦੇਸੀ ਤੇ ਅੰਗਰੇਜ਼ੀ ਸ਼ਰਾਬ ਮਹਿੰਗੀ