ਝਾੜਾਂ ਦੇ ਝਗੜਿਆਂ ‘ਚੋਂ ਬਣਿਆ ‘ਝਾਰਖੰਡ’

ਪੇਸ਼ਕਸ਼:- ਅਮਰਜੀਤ ਚੰਦਰਲੁਧਿਆਣਾ +91 9417 600014

ਦਰੱਖਤਾਂ ਦੇ ਝੁੰਡ ਨੂੰ(ਸੰਘਣਾਪਨ, ਜੰਗਲ) ਕਈਆਂ ਰਾਜਾਂ ਵਿਚ ਝਾੜ ਵੀ ਕਿਹਾ ਜਾਂਦਾ ਹੈ। ਇਹ ਸੱਭ ਨੂੰ ਦੇਖਦੇ ਹੋਏ ਝਾਰਖੰਡ ਦਾ ਮਤਲਬ ਨਿਕਲਦਾ ਹੈ ਕਿ, ਝਾੜਾਂ ਦਾ ਵਧੀਆਂ ਏਰੀਆ, ਸਾਫ ਸੁਥਰਾ ਏਰੀਆ। ਕੁਝ ਇਤਿਹਾਸਕਾਰਾਂ ਦੇ ਅਨੁਸਾਰ ਝਾਰਖੰਡ ਦਾ ਪ੍ਰਯੋਗ 400 ਸਾਲ ਪਹਿਲਾਂ 16 ਵੀ ਸਦੀ ਵਿਚ ਹੋਇਆ। ਅੱਜ ਦਾ ਝਾਰਖੰਡ ਰਾਜ, ਬਿਹਾਰ ਰਾਜ ਦੇ ਦੱਖਣ ਵਿਚ ਛੋਟਾ ਨਾਗਪੁਰ ਪਠਾਰ ਦਾ ਹਿੱਸਾ ਹੈ। ਕੁਝ ਦੇਰ ਪਹਿਲਾਂ ਬਿਹਾਰ ਦੇ ਇਸੇ ਝਾਰਖੰਡ ਵਿਚ 70 ਦੇ ਦਹਾਕੇ ਅੰਦਰ ਝਾਰਖੰਡ ਅੰਦੋਲਨ ਬਹੁਤ ਜੋਰ-ਸ਼ੋਰ ਨਾਲ ਸ਼ੁਰੂ ਹੋਇਆ ਅਤੇ ਉਸ ਅੰਦੋਲਨ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਇਹ ਅੰਦੋਲਨ ਦੋ ਝਾੜਾਂ ਦੇ ਝਗੜੇ ਤੋਂ ਸ਼ੁਰੂ ਹੋਇਆ ਸੀ। ਇਹਦੇ ਵਿਚ ਇਕ ਝਾੜ ਸੀ ਆਦਿਵਾਸੀਆਂ ਗਰੀਬ ਲੋਕਾਂ ਦੀ ਪਸੰਦ ਸੀ ‘ਸਾਲ੍ਹ’ ਅਤੇ ਦੂਸਰਾ ਝਾੜ ਸੀ ‘ਸਾਗਬਾਨ’ ਜੋ ਕਿ ਦੇਸ਼ ਦੇ ਪੂੰਜ਼ੀਪਤੀ ਵਪਾਰੀਆਂ ਦੀ ਪਸੰਦ ਸੀ।

ਆਦਿਵਾਸੀਆਂ ਦਾ ਕਹਿਣਾ ਸੀ ਕਿ ਇਸ ਜੰਗਲ ਨੂੰ ਪੂੰਜ਼ੀਪਤੀ ਵਪਾਰੀਆਂ ਵਲੋਂ ਕਈ ਸਾਲਾਂ ਤੋਂ ਲੁੱਟਿਆ ਜਾ ਰਿਹਾ ਹੈ ਅਤੇ ਆਦਿਵਾਸੀਆਂ ਤੇ ਲਗਾਤਾਰ ਅਤਿਆਚਾਰ ਤੇ ਸ਼ੋਸ਼ਣ ਕਰਦੇ ਆ ਰਹੇ ਹਨ। ਇਹਨਾਂ ਸਭ ਤਕਲੀਫਾਂ ਨੂੰ ਸਹਿਣ ਕਰਦਿਆਂ ਝਾਰਖੰਡ ਦੇ ਅੰਦੋਲਨ ਨੇ ਜਨਮ ਲਿਆ। ਆਦਿਵਾਸੀਆਂ ਤੇ ਹੋ ਰਹੇ ਅਤਿਆਚਾਰ ਤੇ ਸ਼ੋਸ਼ਣ ਨੂੰ ਰੋਕਣ ਵਿਚ ਸਰਕਾਰ ਲਗਾਤਾਰ ਅਸਫਲ ਹੋ ਰਹੀ ਸੀ। ਗਰੀਬ ਆਦਿਵਾਸੀਆਂ ਤੇ ਲਗਾਤਾਰ ਅਤਿਆਚਾਰ, ਸ਼ੋਸ਼ਣ ਹੋਣ ਦੇ ਨਾਲ-ਨਾਲ 1977 ਵਿਚ ‘ਵਣ-ਵਿਭਾਗ-ਕਾਰਪੋਰੇਸ਼ਨ’ ਵਲੋਂ ਇਕ ਹੋਰ ਨਵਾ ਕਨੂੰਨ ਲਾਗੂ ਕਰ ਦਿੱਤਾ ਗਿਆ। ਇਸ ਕਨੂੰਨ ਵਿਚ ਕੀ ਸੀ ਕਿ ਵਣ-ਵਿਭਾਗ-ਕਾਰਪੋਰੇਸ਼ਨ ਦੇ ਕਨੂੰਨ ਦੇ ਮੁਤਾਬਕ ‘ਸਾਲ੍ਹ’ਦੇ ਸਾਰੇ ਦਰੱਖਤ ਕੱਟ ਕੇ ‘ਸਾਗਬਾਨ’ ਦੇ ਦਰੱਖਤ ਲਾਉਣੇ ਸਨ। ਉਹਨਾਂ ਦਾ ਵਣ-ਵਿਭਾਗ-ਕਾਰਪੋਰੇਸ਼ਨ ਦਾ ਮੰਨਣਾ ਸੀ ਕਿ ‘ਸ੍ਹਾਲ’ ਦੇ ਦਰੱਖਤ ਨਾਲੋ ‘ਸਾਗਬਾਨ’ ਦੇ ਦਰੱਖਤਾਂ ਤੋਂ ਜਿਆਦਾ ਕਮਾਈ ਹੁੰਦੀ ਹੈ। ਉਥੇ ਵਣ-ਵਿਭਾਗ-ਕਾਰਪੋਰੇਸ਼ਨ ਨੇ ਕਈ ਰਾਜਾਂ ਵਿਚ ਕਨੂੰਨ ਨੂੰ ਲਾਗੂ ਕਰਦੇ ਹੋਏ ‘ਸਾਲ੍ਹ’ ਦੇ ਦਰੱਖਤ ਕੱਟ ਕੇ ‘ਸਾਗਬਾਨ’ ਦੇ ਦਰੱਖਤ ਲਾਉਣੇ ਸ਼ੁਰੂ ਵੀ ਕਰ ਦਿੱਤੇ ਗਏ। ਸਾਲ੍ਹ ਦੇ ਦਰੱਖਤ ਕੱਟ ਕੇ ਸਾਗਬਾਨ ਦੇ ਦਰੱਖਤ ਲਾਉਣ ਦੀ ਸ਼ੁਰੂਆਤ ਸੱਭ ਤੋਂ ਪਹਿਲਾਂ ਛੋਟਾ-ਨਾਗਪੁਰ ਜਿਲੇ ਦੇ ਇਕ ਛੋਟੇ ਜਿਹੇ ਜਿਲੇ ਸਿੰਘਭੂਮ ਦੇ ਏਰੀਏ ਵਿਚ ਪੈਦੇ ਜੰਗਲ ਤੋਂ ਕੀਤੀ ਗਈ। ਇਸ ਜਿਲੇ ਵਿਚ ਜੰਗਲ ਬਹੁਤ ਦੂਰ ਤੱਕ ਫੈਲਿਆ ਹੋਇਆ ਸੀ।

ਇਸ ਏਰੀਏ ਵਿਚ ਸਾਗਬਾਨ ਲਾਉਣ ਦਾ ਕੰਮ ਲਗਭਗ 100 ਸਾਲ ਪਹਿਲਾਂ ਤੋਂ ਚਲ ਰਿਹਾ ਸੀ। ਪਰ ਇਹ ਸਾਗਬਾਨ ਦੇ ਦਰੱਖਤ ਲਾਉਣ ਦਾ ਕੰਮ ਉਥੇ ਕੀਤਾ ਜਾ ਰਿਹਾ ਸੀ ਕਿ ਜਿੱਥੇ ਸ੍ਹਾਲ ਦੇ ਦਰੱਖਤ ਖਤਮ ਹੋ ਰਹੇ ਸਨ। ਪਰ ਇਹਨਾਂ ਲੋਕਾਂ ਨੇ ਸ੍ਹਾਲ ਦੇ ਦਰੱਖਤ ਕੱਟ ਕੇ ਸਾਗਬਾਨ ਦੇ ਦਰੱਖਤ ਲਾਉਣੇ ਸ਼ੁਰੂ ਕਰ ਦਿੱਤੇ ਸਨ। ਸਾਗਬਾਨ ਦੇ ਦਰੱਖਤਾਂ ਦਾ ਲਾਉਣਾ ਆਦਿਵਾਸੀਆਂ ਦੀ ਰੋਜੀ-ਰੋਟੀ ਤੇ ਲੱਤ ਮਾਰਨਾ ਸੀ, ਜਿਸ ਕਰਕੇ ਉਨਾਂ ਲੋਕਾਂ ਨੂੰ ਇਹ ਸੱਭ ਪਸੰਦ ਨਹੀ ਸੀ, ਪਰ ਉਹ ਬੇਹੱਦ ਗਰੀਬ ਹੋਣ ਕਰਕੇ ਅਤੇ ਨਾ ਹੀ ਕੋਈ ਰਾਜਨਿਤਕ ਮਦਦ ਹੋਣ ਕਰਕੇ ਇਸ ਦਾ ਵਿਰੋਧ ਕਰਨ ਦੀ ਹਿੰਮਤ ਵੀ ਨਹੀ ਕਰ ਰਹੇ ਸਨ। ਸ੍ਹਾਲ ਦੇ ਦਰੱਖਤਾਂ ਨਾਲ ਉਹਨਾਂ ਦਾ ਲਗਾਓ ਇਸ ਲਈ ਬਹੁਤ ਸੀ ਕਿ ਉਹ ਸਾ੍ਹਲ ਦੇ ਦਰੱਖਤਾਂ ਦੀ ਲੱਕੜੀ ਤੋਂ ਖੇਤੀ ਕਰਨ ਦੇ ਲਈ ਔਜਾਰ ਬਣਾਉਦੇ ਸਨ, ਸਾ੍ਹਲ ਦੇ ਬੀਜਾਂ ਦਾ ਤੇਲ ਕੱਢਦੇ ਸਨ, ਜਦੋਂ ਉਨਾਂ ਨੂੰ ਖਾਣ ਦੇ ਲਈ ਕੁਝ ਨਹੀ ਮਿਲਦਾ ਸੀ ਤਾਂ ਸਾ੍ਹਲ ਦੇ ਦਰੱਖਤ ਦੇ ਫਲ੍ਹਾਂ ਦਾ ਗੁੱਦਾ ਖਾ ਕੇ ਆਪਣਾ ਢਿੱਡ ਭਰ ਲੈਦੇ ਸਨ। ਪਿੱਛਲੇ ਕੁਝ ਸਾਲਾਂ ਤੋ ਕੁਝ ਸਮਾਜਿਕ ਜਥੇਬੰਦੀਆਂ ਵਲੋ ਉਪਰਾਲਾ ਕਰਨ ਦੇ ਨਾਲ ਛੋਟਾ-ਨਾਗਪੁਰ ਦੇ ਨੇੜੇ ਨੇੜੇ ਦੇ ਏਰੀਏ ਵਿਚ ਸਿਖਿਆ ਦੇ ਪ੍ਰਚਾਰ ਨਾਲ ਕੁਝ ਲੋਕ ਆਪਣੇ ਹੱਕਾਂ ਪ੍ਰਤੀ ਵੀ ਜਾਗਰੁਕ ਹੋ ਗਏ ਸਨ। ਇਸ ਜਾਗਰੁਕਤਾ ਦੇ ਤਹਿਤ ਆਦਿਵਾਸੀਆਂ ਨੇ ਇਕੱਠੇ ਹੋ ਕੇ ਸਲਾਹ ਬਣਾਈ ਕਿ ਇਸ ਤਰ੍ਹਾਂ ਨਾਲ ਸ੍ਹਾਲ ਦੇ ਦਰੱਖਤਾ ਦੀ ਕਟਾਈ ਹੁੰਦੀ ਰਹੀ ਤਾਂ ਇਕ ਦਿਨ ਸਾਡਾ ਜੰਗਲ ਨਾਲੋ ਰਿਸ਼ਤਾ ਖਤਮ ਹੋ ਜਾਏਗਾ, ਜੰਗਲ ਖਤਮ ਹੋਣ ਨਾਲ ਸਾਨੂੰ ਆਪਣਾ ਜੀਵਨ ਚਲਾਉਣਾ ਵੀ ਔਖਾ ਹੋ ਜਾਵੇਗਾ। ਇਹ ਸਾਰਾ ਕੁਝ ਸੋਚ ਵਿਚਾਰ ਕੇ ਉਹਨਾਂ ਵਲੋਂ ਦੋ ਸਾਲ 1978-79 ਸਾਗਬਾਨ ਦੇ ਦਰੱਖਤ ਲਾਉਣ ਦਾ ਵਿਰੋਧ ਕੀਤਾ। ਇਸ ਵਿਰੋਧ ਦਾ ਕੋਈ ਠੋਸ ਨਤੀਜਾ ਨਾ ਨਿਕਲਣ ਕਰਕੇ ਸਿੰਘਭੂਮ ਜਿਲੇ ਦੇ ਆਦਿਵਾਸੀਆਂ ਨੇ ਝਾਰਖੰਡ-ਬੈਨਰ ਦੇ ਥੱਲੇ ਅੰਦੋਲਨ ਸ਼ੁਰੂ ਕਰ ਦਿੱਤਾ। ਇਸ ਅੰਦੋਲਨ ਨੂੰ ਸ੍ਹਾਲ ਦੇ ਵਿਰੋਧ ਵਿਚ ਸਾਗਬਾਨ ਦਾ ਅੰਦੋਲਨ ਕਿਹਾ ਜਾਣ ਲੱਗਾ।

ਝਾਰਖੰਡ ਅੰਦੋਲਨ ਦੇ ਦੌਰਾਨ ਜੋ ਸਾਗਬਾਨ ਦੇ ਪੌਦੇ ਲਗਾਏ ਗਏ ਸਨ ਅਤੇ ਸਾਗਬਾਨ ਦੀ ਪਨੀਰੀ ਵਾਲੀ ਨਰਸਰੀ ਨੂੰ ਬਿਲਕੁਲ ਹੀ ਤਬਾਹ ਕਰ ਦਿੱਤੀ ਗਈ, ਅਤੇ ਸਾਗਬਾਨ ਦਾ ਸਮੱਰਥਨ ਕਰਨ ਵਾਲੇ ਵਣ-ਵਿਭਾਗ ਕਾਰਪੋਰੇਸ਼ਨ ਦੇ ਲੋਕਾਂ ਨੂੰ ਘਰਿਆ ਗਿਆ ਅਤੇ ਉਹਨਾਂ ਨੂੰ  ਬੰਧਕ ਬਣਾਇਆ ਗਿਆ। ਕਾਫੀ ਹੱਲਾ-ਗੁਲਾ ਹੋਇਆ, ਕਈ ਥਾਵਾਂ ਤੇ ਸਰਕਾਰੀ ਬਿਲਡਿੰਗਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਸਿੰਘਭੂਮ ਜਿਲੇ ਵਿਚ ਅਤੇ ਉਸ ਦੇ ਆਲੇ-ਦੁਆਲੇ ਦੇ ਏਰੀਏ ਵਿਚ ਨਵੰਬਰ 1978 ਤੋਂ ਲੈ ਕੇ ਫਰਬਰੀ 1979 ਤੱਕ ਪੁਲਿਸ ਤੇ ਆਦਿਵਾਸੀਆਂ ਵਿਚ ਛੇ ਬਾਰ ਝੜਪ ਹੋਈ ਜਿਸ ਵਿਚ ਪੁਲਿਸ ਦੀ ਗੋਲੀ ਨਾਲ ਦਸ ਲੋਕ ਮਾਰੇ ਗਏ। ਫਰਵਰੀ 17,1979 ਸਿੰਘਭੂਮ ਜਿਲੇ ਵਿਚ ਇੱਛਾਘਤ ਨਾਮ ਦੀ ਜਗ੍ਹਾ ਤੇ ਸਾਗਬਾਨ ਦੇ ਸਾਰੇ ਪੌਦੇ ਤਬਾਹ ਕੀਤੇ ਗਏ ਅਤੇ ਕਈ ਜਗ੍ਹਾ ਵਣ ਵਿਭਾਗ ਦੀ ਬਿਲਡਿੰਗਾਂ ਨੂੰ ਵੀ ਅੱਗ ਦੇ ਹਵਾਲੇ ਕੀਤਾ ਗਿਆ। ਪੁਲਿਸ ਵਲੋਂ ਕਸ਼ਿਸ਼ ਕੀਤੀ ਗਈ ਕਿ ਸਥਿਤੀ ਨੂੰ ਜਾਬੂ ਵਿਚ ਰੱਖਿਆ ਜਾਏ, ਪਰ ਜਦੋਂ ਭੀੜ ਬੇਕਾਬੂ ਹੋ ਗਈ ਤਾਂ ਸਥਿਤੀ ਨੂੰ ਕਾਬੂ ਵਿਚ ਰੱਖਣ ਦੇ ਲਈ ਪੁਲਿਸ ਨੂੰ ਗੋਲੀ ਚਲਾਉਣੀ ਪਈ ਜਿਸ ਨਾਲ ਇਕ ਆਦਮੀ ਦੀ ਮੌਤ ਹੋ ਗਈ। ਅੰਦੋਲਨ ਭਿਆਨਕ ਹੁੰਦਾ ਦੇਖ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਭਾਰੀ ਪੁਲਿਸ ਫੋਰਸ ਲਗਾਉਣੀ ਪਈ।

ਹੌਲੀ-ਹੌਲੀ ਸਾਲ 1980 ਦੇ ਸ਼ੁਰੂ ਵਿਚ ਝਾਰਖੰਡ ਅੰਦੋਲਨ ਥੋੜਾ ਸ਼ਾਂਤ ਹੋਇਆ। ਇਸੇ ਦੌਰਾਨ ਹੋਈਆਂ ਚੋਣਾਂ ਵਿਚ ਕਈ ਅੰਦੋਲਨਕਾਰੀ ਵੀ ਚੋਣ ਜਿੱਤ ਗਏ, ਪਰ ਸ਼ਾਤੀ ਦੇ ਦੌਰਾਨ ਵੀ ਖੇਤੀ ਵਾਲੀ ਜਮੀਨ ਵਿਚ ਸਾਗਬਾਨ ਦੇ ਪੌਦੇ ਲਾਉਣ ਦਾ ਵਿਰੋਧ ਜਾਰੀ ਰਿਹਾ। ਸਤੰਬਰ 1980 ਵਿਚ 200 ਹੇਕਟੇਅਰ ਵਿਚ ਸਾਗਬਾਨ ਦੇ ਲਾਏ ਪੌਦੇ ਉਖਾੜ ਕੇ ਤਬਾਹ ਕਰ ਦਿੱਤੇ ਗਏ ਅਤੇ ਸਿੰਘਭੁਮ ਦੇ ਆਲੇ-ਦੁਆਲੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਘੇਰਿਆ ਗਿਆ। ਅਧਿਕਾਰੀਆਂ ਨੂੰ ਜਦੋਂ ਪੁਲਿਸ ਵਾਲੇ ਛੁਡਾਉਣ ਆਏ ਤਾਂ ਫਿਰ ਤੇਜ਼ ਝੜਪ ਹੋਈ ਜਿਸ ਵਿਚ 16 ਲੋਕ ਮਾਰੇ ਗਏ। ਇਸ ਅੰਦੋਲਨ ਨੂੰ ਦੇਖਦੇ ਹੋਏ ਉਥੇ ਦੀ ਮੌਜੂਦਾ ਰਾਜ ਸਰਕਾਰ ਨੇ ਸਾਵਧਾਨੀ ਦੇ ਤੌਰ ਤੇ ਸਮਾਜਿਕ ਤੇ ਧਾਰਮਿਕ ਤਿਉਹਾਰਾਂ ਨੂੰ ਛੱਡ ਕੇ ਆਦਿਵਾਸੀਆਂ ਦੇ ਪ੍ਰੰਪਰਕ ਹਥਿਆਰ ਤੀਰ-ਕਮਾਨ ਰੱਖਣ ਤੇ ਵੀ ਪਾਬੰਧੀ ਲਗਾ ਦਿੱਤੀ। ਇਸ ਪਾਬੰਧੀ ਤੇ ਅੰਦੋਲਨ ਦੇ ਮੁੱਖ ਨੇਤਾ ਸ਼ਿਬੂ ਸੁਰੇਨ (ਵਰਤਮਾਨ ਮੁੱਖ ਮੰਤਰੀ ਹਿੰਮਤ ਸੁਰੇਨ ਦੇ ਪਿਤਾ) ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਆਦਿਵਸੀ ਉਦੋਂ ਤੱਕ ਸਾਗਬਾਨ ਦੇ ਪੌਦੇ ਉਖਾੜਦੇ ਰਹੇਗੇ ਜਦੋਂ ਤੱਕ ਉਨਾਂ ਦੀ ਜਮੀਨ ਵਿਚ ਸਰਕਾਰ ਆਦਿਵਾਸੀਆਂ ਨੂੰ ਖੇਤੀ ਕਰਨ ਦੀ ਇਜ਼ਾਜਤ ਨਹੀ ਦੇ ਦਿੰਦੀ। ਇਸ ਚਿਤਾਵਨੀ ਤੋਂ ਡਰ ਕੇ ਸਰਕਾਰ ਨੇ ਕਿਹਾ ਕਿ ਆਦਿਵਾਸੀਆਂ ਦੇ ਏਰੀਏ ਵਿਚ ਜਦੋਂ ਵੀ ਕੋਈ ਨਵੀ ਯੋਜਨਾ ਲਾਗੂ ਕੀਤੀ ਜਾਵੇਗੀ ਤਾਂ ਸੱਭ ਤੋਂ ਪਹਿਲਾਂ ਆਦਿਵਾਸੀਆਂ ਦੇ ਹੱਕਾਂ ਪ੍ਰਤੀ ਸੋਚਿਆਂ ਜਾਏਗਾ। ਸਰਕਾਰ ਦੇ ਇਹ ਕਹਿਣ ਤੇ ਸਾਗਬਾਨ ਦੇ ਪੌਦਿਆਂ ਦੀ ਨਿਲਾਮੀ ਤੇ ਰੋਕ ਲਾ ਦਿੱਤੀ ਗਈ। ਆਦਿਵਾਸੀਆਂ ਦਾ ਸਾਲ੍ਹ ਦੇ ਪ੍ਰਤੀ ਪਿਆਰ ਅਤੇ ਸਰਕਾਰ ਦਾ ਸਾਗਬਾਨ ਦੇ ਪ੍ਰਤੀ ਗੁੱਸਾ ਦੇਖ ਕੇ ਉਥੇ ਦੇ ਮੌਜੂਦਾ ਮਾਰਕਸਵਾਦੀ ਸੰਸਦ ਕਾਮਰੇਡ ਏ ਕੇ ਰਾਏ ਨੇ ਕਿਹਾ ਸੀ ਕਿ ਜੇਕਰ ਸਰਕਾਰ ਆਪਣੀਆਂ ਨੀਤੀਆਂ ਨਾ ਬਦਲਦੀ ਤਾਂ ਸ੍ਹਾਲ ਮਤਲਬ ਝਾਰਖੰਡ ਅਤੇ ਸਾਗਬਾਨ ਮਤਲਬ ਬਿਹਾਰ ਹੋਣਾ ਸੀ। ਲੰਬੇ ਸਮ੍ਹੇਂ ਬਾਅਦ ਕਾਮਰੇਡ ਏ ਕੇ ਰਾਏ ਦਾ ਕਿਹਾ ਉਦੋਂ ਸੱਚ ਸਾਬਤ ਹੋਇਆ ਜਦੋ 15 ਨਵੰਬਰ ਸੰਨ 2000 ਨੂੰ ਝਾਰਖੰਡ ਰਾਜ ਅਲੱਗ ਬਣਾਇਆ ਗਿਆ। ਹੁਣ ਮੌਜੂਦਾ ਸਰਕਾਰ ਦੀਆਂ ਜਿਮੇਵਾਰੀਆਂ ਹਨ ਕਿ ਇਸ ਪ੍ਰਕਾਰ ਵਿਕਾਸ ਦੀ ਯੋਜਨਾ ਬਣਾਈ ਜਾਏ ਕਿ ਆਦਿਵਾਸੀਆਂ ਦੇ ਹੱਕ ਸੁਰੱਖਿਅਤ ਰਹਿਣ।

 

Previous articleSituation critical in China, say Indian students
Next articleBHARAT – IT’S PEOPLE AND IT’S DEVELOPMENT