ਝਾਰਖੰਡ ਚੋਣਾਂ: ਤੀਜੇ ਗੇੜ ਤਹਿਤ 63 ਫੀਸਦ ਪੋਲਿੰਗ

ਝਾਰਖੰਡ ਵਿਧਾਨ ਸਭਾ ਚੋਣਾਂ ਲਈ ਅੱਜ ਤੀਜੇ ਗੇੜ ਦੀ ਵੋਟਿੰਗ ਦੌਰਾਨ 63 ਫੀਸਦ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਅੱਜ ਵਿਧਾਨ ਸਭਾ ਦੀਆਂ 17 ਸੀਟਾਂ ਲਈ ਵੋਟਾਂ ਪਈਆਂ ਹਨ। ਚੋਣ ਕਮਿਸ਼ਨ ਤੋਂ ਹਾਸਲ ਅੰਕੜਿਆਂ ਅਨੁਸਾਰ ਸੂਬਾਈ ਚੋਣਾਂ ਦੇ ਤੀਜੇ ਗੇੜ ਤਹਿਤ ਅੱਜ 61.93 ਫੀਸਦ ਪੋਲਿੰਗ ਹੋਈ ਹੈ। ਸਭ ਤੋਂ ਵੱਧ ਵੋਟਾਂ ਸਿੱਲੀ ਹਲਕੇ (76.98 ਫੀਸਦ) ਜਦਕਿ ਸਭ ਤੋਂ ਘੱਟ ਵੋਟਾਂ ਰਾਂਚੀ ਹਲਕੇ (49.1 ਫੀਸਦ) ’ਚ ਪਈਆਂ। ਅਧਿਕਾਰੀਆਂ ਨੇ ਦੱਸਿਆ ਕਿ ਅੱਜ 12 ਸੀਟਾਂ ’ਤੇ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 3 ਵਜੇ ਤੱਕ ਚੱਲਿਆ। ਪੰਜ ਹਲਕਿਆਂ ਰਾਂਚੀ, ਹਟੀਆ, ਕਾਨਕੇ, ਰਾਮਗੜ੍ਹ ਤੇ ਬਰਕਥਾ ’ਚ ਸ਼ਾਮ 5 ਵਜੇ ਤੱਕ ਵੋਟਾਂ ਪਈਆਂ। ਤੀਜੇ ਗੇੜ ਤਹਿਤ 56,06,743 ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਇਨ੍ਹਾਂ 17 ਹਲਕਿਆਂ ਤੋਂ 309 ਉਮੀਦਵਰ ਮੈਦਾਨ ’ਚ ਹਨ ਜਿਨ੍ਹਾਂ ’ਚੋਂ 32 ਮਹਿਲਾਵਾਂ ਹਨ। ਇਹ 17 ਹਲਕੇ ਰਾਂਚੀ, ਹਜ਼ਾਰੀਬਾਗ, ਚਤਰਾ, ਗਿਰੀਦੀਹ, ਬੋਕਾਰੋ, ਕੋਡੇਰਮ ਅਤੇ ਸਰਾਇਕੇਲਾ ਅਧੀਨ ਆਉਂਦੇ ਹਨ। ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ ਲਈ 35 ਹਜ਼ਾਰ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਸਨ। ਝਾਰਖੰਡ ਦੇ ਗਵਰਨਰ ਦਰੌਪਦੀ ਮੁਰਮੂ ਨੇ ਰਾਂਚੀ ਜਦਕਿ ਆਲ ਝਾਰਖੰਡ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਸੁਦੇਸ਼ ਮਹਿਤੋ ਨੇ ਆਪਣੀ ਪਤਨੀ ਸਮੇਤ ਸਿੱਲੀ ’ਚ ਵੋਟ ਪਾਈ। ਇਸੇ ਤਰ੍ਹਾਂ ਭਾਜਪਾ ਸੰਸਦ ਮੈਂਬਰ ਜਯੰਤ ਸਿਨਹਾ ਨੇ ਹਜ਼ਾਰੀਬਾਗ, ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੇ ਪਰਿਵਾਰ ਸਮੇਤ ਵੋਟ ਰਾਂਚੀ ’ਚ ਪਾਈ।

Previous articleਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਅਖੰਡ ਪਾਠ ਸ਼ੁਰੂ
Next articleਈਡੀ ਵੱਲੋਂ ਸ਼ਿਵਇੰਦਰ ਸਿੰਘ ਗ੍ਰਿਫ਼ਤਾਰ