ਜੱਲਿ੍ਹਆਂਵਾਲਾ ਬਾਗ਼ ‘ਚ ਕੈਂਟਰਬਰੀ ਦੇ ਆਰਕ ਬਿਸ਼ਪ ਜਸਟਿਨ ਵੈਲਬੀ ਨੇ ਕੀਤਾ ਪਸ਼ਚਾਤਾਪ

ਅੰਮਿ੍ਤਸਰ : ਇੰਗਲੈਂਡ ਦੇ ਕੈਂਟਰਬਰੀ ਦੇ ਆਰਕ ਬਿਸ਼ਪ ਜਸਟਿਨ ਵੈਲਬੀ ਨੇ ਮੰਗਲਵਾਰ ਨੂੰ ਜੱਲਿ੍ਹਆਂਵਾਲਾ ਬਾਗ਼ ‘ਚ ਪੁੱਜ ਕੇ ਸ਼ਹੀਦੀ ਯਾਦਗਾਰ ‘ਤੇ ਕੜਕਦੀ ਧੁੱਪ ਵਿਚ ਤਪਦੇ ਪੱਥਰ ‘ਤੇ ਲੇਟ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਇਲਾਵਾ ਇੱਥੇ ਹੋਏ ਕਤਲੇਆਮ ਲਈ ਪਸ਼ਚਾਤਾਪ ਕੀਤਾ। ਜਸਟਿਨ ਵੈਲਬੀ ਨੇ ਕਿਹਾ ਕਿ ਅੱਜ ਤੋਂ ਠੀਕ 100 ਸਾਲ ਪਹਿਲਾਂ ਜੱਲਿ੍ਹਆਂਵਾਲਾ ਬਾਗ਼ ‘ਚ ਹੋਏ ਕਤਲੇਆਮ ‘ਚ ਹੋਏ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਨਾਲ ਉਨ੍ਹਾਂ ਦੀਆਂ ਦੁਆਵਾਂ ਹਮੇਸ਼ਾ ਰਹਿਣਗੀਆਂ। ਉਹ ਉਮੀਦ ਕਰਦੇ ਹਨ ਕਿ ਜੱਲਿ੍ਹਆਂਵਾਲਾ ਬਾਗ਼ ਕਾਂਡ ਵਾਂਗ ਮਨੁੱਖੀ ਕਰੂਰਤਾ ਨੂੰ ਦੁਹਰਾਇਆ ਨਾ ਜਾਵੇ। ਉਨ੍ਹਾਂ ਕਿਹਾ ਕਿ ਉਹ ਕਿਸੇ ਸਰਕਾਰ ਵੱਲੋਂ ਨਹੀਂ ਬਲਕਿ ਇਕ ਧਾਰਮਿਕ ਆਗੂ ਹੋਣ ਨਾਤੇ ਅੰਮਿ੍ਤਸਰ ਆਏ ਹਨ। ਜੱਲਿ੍ਹਆਂਵਾਲਾ ਬਾਗ਼ ਦੀ ਵਿਜ਼ਟਰ ਬੁੱਕ ‘ਚ ਉਨ੍ਹਾਂ ਲਿਖਿਆ ਹੈ ਕਿ ਕਤਲੇਆਮ ‘ਚ ਸ਼ਹੀਦ ਹੋਏ ਲੋਕਾਂ ਦੇ ਬੱਚਿਆਂ ਲਈ ਵੀ ਉਹ ਵਿਸ਼ੇਸ਼ ਪ੍ਰਰਾਥਰਨਾ ਕਰਦੇ ਹਨ।

ਭਾਰਤ ਦੇ ਨਾਲ-ਨਾਲ ਅੰਮਿ੍ਤਸਰ ‘ਚ ਰਹਿਣ ਵਾਲੇ ਲੋਕਾਂ ਦੀ ਪ੍ਰਸੰਸਾ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਜੱਲਿ੍ਹਆਂਵਾਲਾ ਬਾਗ਼ ‘ਚ ਪਸ਼ਚਾਤਾਪ ਕਰਨ ਲਈ ਆਏ ਹਨ। ਇਸ ਤੋਂ ਬਾਅਦ ਉਹ ਸ੍ਰੀ ਹਰਿਮੰਦਰ ਸਾਹਿਬ ਵੀ ਪੁੱਜੇ ਜਿੱਥੇ ਦਰਸ਼ਨ ਦੀਦਾਰੇ ਕਰਨ ਪਿੱਛੋਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰਰੀਤ ਸਿੰਘ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਬਹੁਤ ਹੀ ਗਰਮਜੋਸ਼ੀ ਨਾਲ ਸਮਾਜ ਦੀ ਸੇਵਾ ਤੇ ਸ਼ਾਂਤੀ ਲਈ ਯਤਨਸ਼ੀਲ ਹੈ ਜਿਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਉਹ ਥੋੜ੍ਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਖ਼ੁਦ ਦਾ ਮਕਸਦ ਵੀ ਇਹੀ ਹੈ ਕਿ ਵਿਸ਼ਵ ਵਿਚ ਅਮਨ-ਸ਼ਾਂਤੀ ਦਾ ਮਾਹੌਲ ਬਣੇ ਜਿਸ ਦਾ ਉਹ ਸੰਦੇਸ਼ ਲੈ ਕੇ ਆਏ ਹਨ। ਇਸ ਮੌਕੇ ਉਨ੍ਹਾਂ ਦੀ ਧਰਮ ਪਤਨੀ ਕੈਰੋਲੀਨ ਵੈਲਬੀ, ਐਲਿਸ਼ਾ ਜੇਨ, ਡਾ. ਰੇਵਰੈਂਡ ਵਿਲੀਅਮ ਜੋਨਾਥਾਨ ਆਦਿ ਵੀ ਮੌਜੂਦ ਸਨ।

Previous article81 ਸਾਲਾ ਬਜ਼ੁਰਗ ਦੇ ਪਾਸਪੋਰਟ ‘ਤੇ ਅਮਰੀਕਾ ਜਾ ਰਿਹਾ ਨੌਜਵਾਨ ਏਅਰਪੋਰਟ ਤੋਂ ਕਾਬੂ
Next articleਢੋਲ ਦੇ ਡਗੇ ਤੇ ਸਰੋਤਿਆ ਨੂੰ ਨਚਾਉਣ ਵਾਲਾ ਢੋਲੀ ” ਸਤੀਸ਼ ਕੁਮਾਰ ”