ਜੰਮੂ ’ਚ ਭਾਰਤ-ਪਾਕਿ ਸਰਹੱਦ ਨੇੜੇ ਸੁਰੰਗ ਮਿਲੀ

ਜੰਮੂ (ਸਮਾਜ ਵੀਕਲੀ) : ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੂੰ ਜੰਮੂ ਵਿੱਚ ਇੱਕ ਸੁਰੰਗ ਮਿਲੀ ਹੈ, ਜੋ ਪਾਕਿਸਤਾਨ ਵਲੋਂ ਸ਼ੁਰੂ ਹੁੰਦੀ ਹੈ ਅਤੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਹੇਠੋਂ ਲੰਘਦੀ ਹੈ।

ਇਹ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਬੀਐੱਸਐੱਫ ਨੇ ਖੇਤਰ ਵਿੱਚ ਵਿਆਪਕ ਤਲਾਸ਼ੀ ਮੁਹਿੰਮ ਚਲਾਈ ਹੈ ਤਾਂ ਜੋ ਅਜਿਹੀਆਂ ਹੋਰ ਛੁਪਣਗਾਹਾਂ ਦਾ ਪਤਾ ਲਾਇਆ ਜਾ ਸਕੇ, ਜੋ ਦਹਿਸ਼ਤਗਰਦਾਂ ਵਲੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਸਣੇ ਘੁਸਪੈਠ ਲਈ ਵਰਤੀਆਂ ਜਾਂਦੀਆਂ ਹੋ ਸਕਦੀਆਂ ਹਨ। ਬੀਐੱਸਐੱਫ ਦੇ ਡਾਇਰੈਕਟਰ ਜਨਰਲ ਰਾਕੇਸ਼ ਅਸਥਾਨਾ ਨੇ ਫਰੰਟੀਅਰ ਕਮਾਂਡਰਾਂ ਨੂੰ ਆਦੇਸ਼ ਦਿੱਤੇ ਹਨ ਕਿ ਘੁਸਪੈਠ ਵਿਰੋਧੀ ਗਰਿੱਡ ਕਾਇਮ ਹੋਣਾ ਯਕੀਨੀ ਬਣਾਇਆ ਜਾਵੇ।

ਭਾਰਤ ਵਾਲੇ ਪਾਸੇ ਆਉਂਦੀ ਇਹ ਸੁਰੰਗ ਬੀਐੱਸਐੱਫ ਨੂੰ ਜੰਮੂ ਦੇ ਸਾਂਬਾ ਸੈਕਟਰ ਵਿੱਚ ਗਸ਼ਤ ਦੌਰਾਨ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ ਦੇ ਮੂੰਹ ’ਤੇ ਮਿੱਟੀ ਦੇ ਭਰੇ 8-10 ਪਲਾਸਟਿਕ ਦੇ ਥੈਲੇ ਤੁੰਨੇ ਹੋੲੇ ਸਨ, ਜਿਨ੍ਹਾਂ ’ਤੇ ਪਾਕਿਸਤਾਨ ਦੇ ਨਿਸ਼ਾਨ ਸਨ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹਾਂ ਕਾਰਨ ਇੱਕ ਕਿਸਾਨ ਦੇ ਖੇਤ ਵਿੱਚ ਕੁਝ ਥਾਵਾਂ ’ਤੇ ਮਿੱਟੀ ਧਸੀ ਹੋਈ ਸੀ, ਜਿਸ ਤੋਂ ਬੀਐੱਸਐੱਫ ਜਵਾਨਾਂ ਨੂੰ ਸ਼ੱਕ ਪਿਆ। ਤੁਰੰਤ ਮਿੱਟੀ ਹਟਾਊਣ ਵਾਲੀ ਮਸ਼ੀਨ ਮੰਗਵਾ ਕੇ ਸੁਰੰਗ ਨੂੰ ਪੁੱਟਿਆ ਗਿਆ, ਜੋ ਕੌਮਾਂਤਰੀ ਸਰਹੱਦ ਤੋਂ ਕਰੀਬ 170 ਮੀਟਰ ਭਾਰਤ ਵਾਲੇ ਪਾਸੇ ਸੀ। ਮੌਕੇ ਦਾ ਜਾਇਜ਼ਾ ਲੈਣ ਮਗਰੋਂ ਪਤਾ ਲੱਗਿਆ ਕਿ ਸੁਰੰਗ ਊਸਾਰੀ ਅਧੀਨ ਸੀ ਅਤੇ ਕਰੀਬ 20 ਫੁੱਟ ਲੰਬੀ ਸੀ। ਸੂਤਰਾਂ ਅਨੁਸਾਰ ਇਹ ਸੁਰੰਗ 25 ਫੁੱਟ ਡੂੰਘੀ ਸੀ ਅਤੇ ਬੀਐੱਸਐੱਫ ਦੀ ‘ਵੇਲ੍ਹਬੈਕ’ ਸਰਹੱਦੀ ਪੋਸਟ ਨੇੜੇ ਸਥਿਤ ਸੀ।

ਬੀਐੱਸਐੱਫ ਦੇ ਇੰਸਪੈਕਟਰ ਜਨਰਲ (ਜੰਮੂ) ਐੱਨ.ਐੱਸ ਜਾਮਵਾਲ ਨੇ ਮੌਕੇ ਦਾ ਦੌਰਾ ਕੀਤਾ। ਅਧਿਕਾਰੀਆਂ ਅਨੁਸਾਰ ਹਰੇ ਰੰਗ ਦੇ ਪਲਾਸਟਿਕ ਦੇ ਥੈਲਿਆਂ ’ਤੇ ‘ਕਰਾਚੀ ਅਤੇ ਸ਼ੱਕਰਗੜ੍ਹ’ ਫੈਕਟਰੀਆਂ ਦੇ ਨਿਸ਼ਾਨ ਸਨ। ਥੈਲਿਆਂ ’ਤੇ ਲਿਖੀਆਂ ਤਰੀਕਾਂ ਤੋਂ ਪਤਾ ਲੱਗਦਾ ਹੈ ਕਿ ਇਹ ਸੁਰੰਗ ਸੱਜਰੀ ਪੁੱਟੀ ਗਈ ਹੈ। ਊਨ੍ਹਾਂ ਦੱਸਿਆ ਕਿ ਸੁਰੰਗ ਤੋਂ ਪਾਕਿਸਤਾਨ ਦੀ ਸਭ ਤੋਂ ਨੇੜਲੇ ਸਰਹੱਦੀ ਚੌਕੀ ‘ਗੁਲਜ਼ਾਰ’ ਕਰੀਬ 700 ਮੀਟਰ ਦੂਰ ਹੈ। ਬੀਐੱਸਐੱਫ ਨੇ ਕਿਹਾ ਕਿ ਇਸ ਸੁਰੰਗ ਦੇ ਮਿਲਣ ਨਾਲ ਚੌਕਸ ਜਵਾਨਾਂ ਵਲੋਂ ਪਾਕਿਸਤਾਨ ਦੇ ਦਹਿਸ਼ਤਗਰਦਾਂ ਨੂੰ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਦੇ ਪ੍ਰਬੰਧਾਂ ਦਾ ਪਰਦਾਫ਼ਾਸ਼ ਕੀਤਾ ਗਿਆ ਹੈ।

Previous articleਮੰਡੀ ਗੋਬਿੰਦਗੜ੍ਹ: ਫਰਨੇਸ ਧਮਾਕੇ ਵਿਚ 10 ਮਜ਼ਦੂਰ ਝੁਲਸੇ
Next articleਰਾਸ਼ਟਰਪਤੀ ਨੇ 74 ਖਿਡਾਰੀਆਂ ਨੂੰ ਆਨਲਾਈਨ ਖੇਡ ਪੁਰਸਕਾਰ ਵੰਡੇ