ਜੰਮੂ ਕਸ਼ਮੀਰ ਬਾਰੇ ਫ਼ੈਸਲਾ ਲੋਕਾਂ ਦੇ ਹਿੱਤ ’ਚ: ਰਾਸ਼ਟਰਪਤੀ

‘ਤੀਹਰੇ ਤਲਾਕ ’ਤੇ ਪਾਬੰਦੀ ਨਾਲ ਦੇਸ਼ ਦੀਆਂ ਧੀਆਂ ਨੂੰ ਇਨਸਾਫ਼ ਮਿਲੇਗਾ’

ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਆਜ਼ਾਦੀ ਦਿਵਸ ਮੌਕੇ ਰਾਸ਼ਟਰ ਦੇ ਨਾਂਅ ਜਾਰੀ ਸੰਦੇਸ਼ ਵਿੱਚ ਭਰੋਸਾ ਪ੍ਰਗਟਾਇਆ ਹੈ ਕਿ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੰਦੀ ਧਾਰਾ 370 ਹਟਾਉਣ ਨਾਲ ਅਤੇ ਸੂਬੇ ਨੂੰ ਦੋ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਵਿੱਚ ਵੰਡਣ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਬਦਲਾਅ ਦੇ ਨਾਲ ਹੁਣ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਉਹ ਅਧਿਕਾਰ ਅਤੇ ਸਹੂਲਤਾਂ ਮਿਲਣਗੀਆਂ ਜੋ ਬਾਕੀ ਦੇ ਦੇਸ਼ ਵਾਸੀ ਪਹਿਲਾਂ ਹੀ ਮਾਣ ਰਹੇ ਹਨ। 73ਵੇਂ ਆਜ਼ਾਦੀ ਦਿਵਸ ਦੀ ਪਹਿਲੀ ਸ਼ਾਮ ਨੂੰ ਸ੍ਰੀ ਕੋਵਿੰਦ ਨੇ ਆਪਣੇ ਸੰਬੋਧਨ ਵਿੱਚ ਕਿਹਾ,‘ ਮੇਰਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਤਾਜ਼ਾ ਕੀਤੀਆਂ ਤਬਦੀਲੀਆਂ ਦੇ ਨਾਲ ਜੰਮੂ ਕਸ਼ਮੀਰ ਅਤੇ ਲੱਦਾਖ ਖਿੱਤਿਆਂ ਵਿੱਚ ਵਸਦੇ ਲੋਕਾਂ ਨੂੰ ਲਾਭ ਮਿਲੇਗਾ। ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ 5 ਅਗਸਤ ਨੂੰ ਜੰਮੂ ਕਸ਼ਮੀਰ ਰਾਜ ਨੂੰ ਵਿਸ਼ੇਸ਼ ਅਧਿਕਾਰ ਦਿੰਦੀ ਧਾਰਾ 370 ਦੀਆਂ ਕੁੱਝ ਧਾਰਾਵਾਂ ਹਟਾਉਣ ਦਾ ਐਲਾਨ ਕਰ ਦਿੱਤਾ ਸੀ, ਇਸ ਦੇ ਨਾਲ ਜੰਮੂ ਕਸ਼ਮੀਰ ਦੇ ਲੋਕਾਂ ਦੇ ਵਿਸ਼ੇਸ਼ ਅਧਿਕਾਰ ਖਤਮ ਹੋ ਗਏ ਸਨ। ਇਸ ਦੇ ਨਾਲ ਹੀ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸਾਸ਼ਿਤ ਰਾਜਾਂ ਵਿੱਚ ਵੰਡਣ ਦੀ ਤਜਵੀਜ਼ ਪੇਸ਼ ਕੀਤੀ ਸੀ। ਸਰਕਾਰ ਦੀ ਇਸ ਪਹਿਲਕਦਮੀ ਦੇ ਨਾਲ ਅਤਿਵਾਦ ਦਾ ਗੜ੍ਹ ਬਣੇ ਜੰਮੂ ਕਸ਼ਮੀਰ ਦੇ ਵਿਕਾਸ ਦੀ ਨਵੀਂ ਗਾਥਾ ਸ਼ੁਰੂ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਇਹ ਤਜਵੀਜ਼ਾਂ ਬਾਅਦ ਵਿੱਚ ਸੰਸਦ ਨੇ ਪਾਸ ਕਰ ਦਿੱਤੀਆਂ ਸਨ ਅਤੇ ਹੁਣ 31 ਅਕਤੂਬਰ ਦੋ ਨਵੇਂ ਕੇਂਦਰ ਸ਼ਾਸਿਤ ਰਾਜ ਜੰਮੂ ਕਸ਼ਮੀਰ ਅਤੇ ਲੱਦਾਖ ਹੋਂਦ ਵਿੱਚ ਆ ਜਾਣਗੇ। ਰਾਸ਼ਟਰਪਤੀ ਨੇ ਜੰਮੂ ਕਸ਼ਮੀਰ ਸਬੰਧੀ ਪਹਿਲਕਦਮੀ ਨੂੰ ਰਾਸ਼ਟਰ ਨਿਰਮਾਣ ਅਤੇ ਰਾਸ਼ਟਰ ਦੀ ਇਕਜੁੱਟਤਾ ਲਈ ਮੀਲਪੱਥਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਤੀਹਰੇ ਤਲਾਕ ਨੂੰ ਫੌਜਦਾਰੀ ਅਪਰਾਧ ਦੇਣ ਅਤੇ ਹੋਰ ਪਾਸ ਕੀਤੇ ਕਾਨੂੰਨਾਂ ਦੇ ਹਵਾਲਿਆਂ ਨਾਲ ਕਿਹਾ ਕਿ ਇਨ੍ਹਾਂ ਨਾਲ ਸਾਡੀਆਂ ਧੀਆਂ ਨੂੰ ਇਨਸਾਫ਼ ਮਿਲ ਸਕੇਗਾ ਅਤੇ ਦੇਸ਼ ਵਿੱਚ ਖੁਸ਼ਹਾਲੀ ਆਵੇਗੀ।

Previous articleਜੰਮੂ ’ਚੋਂ ਪਾਬੰਦੀਆਂ ਹਟਾਈਆਂ, ਕਸ਼ਮੀਰ ’ਚ ਜਾਰੀ
Next articleਕਸ਼ਮੀਰ ਤੋਂ ਵੱਡਾ ਕੋਈ ਫ਼ੈਸਲਾ ਨਹੀਂ ਹੋ ਸਕਦਾ: ਮੋਦੀ