ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਉਣਾ ‘ਰਣਨੀਤਕ ਭੁੱਲ’: ਇਮਰਾਨ

ਮਸਲੇ ਨੂੰ ਆਲਮੀ ਮੰਚ ’ਤੇ ਉਠਾਉਣ ਦਾ ਅਹਿਦ ਦੁਹਰਾਇਆ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਭਾਰਤ ਵੱਲੋਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਨੂੰ ‘ਰਣਨੀਤਕ ਭੁੱਲ’ ਦੱਸਿਆ ਹੈ ਤੇ ਕਿਹਾ ਹੈ ਕਿ ਇਸ ਦਾ ਨਵੀਂ ਦਿੱਲੀ ਨੂੰ ‘ਵੱਡਾ ਮੁੱਲ’ ਤਾਰਨਾ ਪਏਗਾ। ਖ਼ਾਨ ਨੇ ਇਹ ਟਿੱਪਣੀ ਅੱਜ ਮੁਜ਼ੱਫ਼ਰਾਬਾਦ ’ਚ ‘ਆਜ਼ਾਦ ਜੰਮੂ ਤੇ ਕਸ਼ਮੀਰ’ ਦੀ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੂੰ ਸੰਬੋਧਨ ਕਰਦਿਆਂ ਕੀਤੀ। ਜ਼ਿਕਰਯੋਗ ਹੈ ਕਿ ਪਾਕਿ ਨੇ ਅੱਜ ਆਪਣਾ ਆਜ਼ਾਦੀ ਦਿਹਾੜਾ ‘ਕਸ਼ਮੀਰੀਆਂ ਨਾਲ ਇਕਜੁੱਟਤਾ ਪ੍ਰਗਟਾ ਕੇ’ ਮਨਾਇਆ। ਇਮਰਾਨ ਨੇ ਕਿਹਾ ਕਿ ਮੋਦੀ ਤੇ ਭਾਜਪਾ ਸਰਕਾਰ ਨੂੰ ਇਸ ਫ਼ੈਸਲੇ ਦੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਗਿਣਤੀ-ਮਿਣਤੀ ਸਹੀ ਨਹੀਂ ਰੱਖ ਸਕੇ ਤੇ ਆਖ਼ਰੀ ਪੱਤਾ ਖੇਡ ਗਏ ਹਨ। ਕਸ਼ਮੀਰ ਮਸਲੇ ਨੂੰ ਆਲਮੀ ਮੰਚ ’ਤੇ ਉਠਾਉਣ ਦਾ ਅਹਿਦ ਦੁਹਰਾਉਂਦਿਆਂ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਮੁਖੀ ਨੇ ਕਿਹਾ ਕਿ ‘ਉਹ ਕਸ਼ਮੀਰ ਦੀ ਆਵਾਜ਼ ਤੇ ਇਸ ਦਾ ਨੁਮਾਇੰਦਾ ਬਣਨਗੇ’। ਉਨ੍ਹਾਂ ਕਿਹਾ ਕਿ ‘ਕਬਜ਼ੇ ਵਾਲੇ ਕਸ਼ਮੀਰ ਵਿਚ ਮਨੁੱਖੀ ਹੱਕਾਂ ਦੇ ਘਾਣ’ ਵੱਲ ਵਿਸ਼ਵ ਭਰ ਦੇ ਆਗੂਆਂ ਦਾ ਧਿਆਨ ਖਿੱਚਣਾ ਚੁਣੌਤੀਪੂਰਨ ਸੀ ਪਰ ਹੁਣ ਪੂਰੇ ਸੰਸਾਰ ਦੇ ਮੀਡੀਆ ਦੀ ਨਜ਼ਰ ਇਸ ’ਤੇ ਹੈ। ਇਮਰਾਨ ਨੇ ਕਿਹਾ ਕਿ ਮੋਦੀ ਨੇ ਹੋਰ ਜ਼ਿਆਦਾ ਪਾਬੰਦੀਆਂ ਲਾ ਕੇ ਮਸਲੇ ਨੂੰ ਕੌਮਾਂਤਰੀ ਬਣਾ ਦਿੱਤਾ ਹੈ। ਭਾਰਤ ਦੇ ਆਜ਼ਾਦੀ ਦਿਹਾੜੇ ਨੂੰ ਭਲਕੇ ਪਾਕਿਸਤਾਨ ‘ਕਾਲੇ ਦਿਨ’ ਵਜੋਂ ਮਨਾਏਗਾ।

Previous articleਕਸ਼ਮੀਰ ਤੋਂ ਵੱਡਾ ਕੋਈ ਫ਼ੈਸਲਾ ਨਹੀਂ ਹੋ ਸਕਦਾ: ਮੋਦੀ
Next articleਭਾਰਤ ਅਤੇ ਚੀਨ ਹੁਣ ‘ਵਿਕਾਸਸ਼ੀਲ ਮੁਲਕ’ ਨਹੀਂ: ਟਰੰਪ