ਜੰਮੂ-ਕਸ਼ਮੀਰ ਜਾਣ ਵਾਲੇ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਹਜ਼ਾਰ ਤੋਂ ਪਾਰ

ਪਠਾਨਕੋਟ (ਸਮਾਜਵੀਕਲੀ)ਜੰਮੂ-ਕਸ਼ਮੀਰ ਦੀ ਸਰਕਾਰ ਨੇ ਪੰਜਾਬ ਨਾਲ ਲੱਗਦੇ ਇੰਟਰਸਟੇਟ ਬੈਰੀਅਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਤੇ ਸਖਤ ਰਵਈਆ ਅਖ਼ਤਿਆਰ ਕੀਤਾ ਹੈ ਤੇ ਕਿਹਾ ਹੈ ਕਿ ਪੰਜਾਬ ਦੀ ਤਰਫੋਂ ਨਾ ਕੋਈ ਆਉਣ ਦੇਣਾ ਹੈ ਤੇ ਨਾ ਹੀ ਜਾਣ ਦੇਣਾ ਹੈ, ਜਿਸ ਕਰਕੇ ਵੱਖ-ਵੱਖ ਸੂਬਿਆਂ ਵਿੱਚੋਂ ਜੰਮੂ-ਕਸ਼ਮੀਰ ਦੇ ਸੂਬੇ ਨਾਲ ਲੱਗਦੇ ਪੰਜਾਬ ਦੇ ਕਸਬੇ ਮਾਧੋਪੁਰ ਵਿਖੇ ਪੁੱਜੇ ਪਰਵਾਸੀਆਂ ਦੀ ਗਿਣਤੀ 1042 ਪੁੱਜ ਗਈ ਹੈ। ਇੰਨ੍ਹਾਂ ਨੂੰ ਆਪਣੇ ਪਿੱਤਰੀ ਸੂਬੇ ਵਿੱਚ ਦਾਖਲ ਹੋਣ ਤੋਂ ਜੰਮੂ-ਕਸ਼ਮੀਰ ਦੀ ਸਰਕਾਰ ਵੱਲੋਂ ਸਪੱਸ਼ਟ ਰੂਪ ਵਿੱਚ ਮਨ੍ਹਾਂ ਕਰ ਦੇਣ ਨਾਲ ਇਹ ਸਾਰੇ ਪਰਵਾਸੀ ਪੰਜਾਬ ਸਰਕਾਰ ਲਈ ਸਿਰਦਰਦੀ ਬਣ ਗਏ ਹਨ ਤੇ ਇੰਨ੍ਹਾਂ ਦਾ ਰੱਖ ਰਖਾਅ ਅਤੇ ਰਹਿਣ-ਸਹਿਣ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ’ਤੇ ਆਣ ਪਈ ਹੈ।

ਅੱਜ ਜੰਮੂ-ਕਸ਼ਮੀਰ ਦੇ ਡੀਜੀਪੀ ਨੇ ਇੰਟਰਸਟੇਟ ਬੈਰੀਅਰ ਲਖਨਪੁਰ ਦਾ ਦੌਰਾ ਕੀਤਾ ਅਤੇ ਉਥੋਂ ਦੀ ਪੁਲੀਸ ਨੂੰ ਇਸ ਬਾਰੇ ਸਪੱਸ਼ਟ ਨਿਰਦੇਸ਼ ਦਿੱਤੇ। ਜੰਮੂ-ਕਸ਼ਮੀਰ ਸਰਕਾਰ ਦੇ ਰੁਖ ਨੂੰ ਭਾਂਪਦਿਆਂ ਜਿਲ੍ਹਾ ਪਠਾਨਕੋਟ ਦੇ ਪ੍ਰਸ਼ਾਸਨ ਨੇ ਇੰਨ੍ਹਾਂ ਸਾਰੇ ਪਰਵਾਸੀਆਂ ਨੂੰ 6 ਰਿਜ਼ੋਰਟਾਂ ਵਿੱਚ ਸ਼ਿਫਟ ਕਰ ਦਿੱਤਾ ਹੈ, ਜਿੱਥੇ ਉਨ੍ਹਾਂ ਦੇ ਰਹਿਣ ਦੀ ਵਿਵਸਥਾ ਕਰ ਦਿੱਤੀ ਗਈ ਹੈ ਤੇ ਉਥੇ ਹੀ ਇੰਨ੍ਹਾਂ ਨੂੰ ਭੋਜਨ ਵਗੈਰਾ ਦੀ ਸਹੂਲਤ ਮੁਹਈਆ ਕਰਵਾਉਣੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ 14 ਦਿਨ ਤੱਕ ਇਹ ਪਰਵਾਸੀ ਇੰਨ੍ਹਾਂ ਰਾਹਤ ਕੈਂਪਾਂ ਵਿੱਚ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ ਕੁਆਰਨੰਟਾਈਨ ਰੂਪ ਵਿੱਚ ਰੱਖਿਆ ਜਾਵੇਗਾ।

ਜਾਣਕਾਰੀ ਅਨੁਸਾਰ ਇੰਨ੍ਹਾਂ ਪਰਵਾਸੀਆਂ ਵਿੱਚੋਂ 205 ਨੂੰ ਪੂਜਾ ਰਿਜ਼ੋਰਟ ਬਾਰਠ ਸਾਹਿਬ, 124 ਨੂੰ ਈਸਰੋ ਗਾਰਡਨ ਸੁਜਾਨਪੁਰ, 282 ਨੂੰ ਏਸੀਪੀ ਗਾਰਡਨ ਗੁਗਰਾਂ, 148 ਨੂੰ ਉਪਲ ਰਿਜ਼ੋਰਟ ਤੇ 173 ਨੂੰ ਤਾਜ਼ ਗਾਰਡਨ ਗੁਸਾਈਂਪੁਰ ਅਤੇ 110 ਨੂੰ ਸਤਿਸੰਗ ਘਰ ਸ਼ਾਹਪੁਰਕੰਡੀ ਵਿਖੇ ਰੱਖਿਆ ਗਿਆ ਹੈ। ਈਸਰੋ ਗਾਰਡਨ ਵਿੱਚ ਇੱਕ ਪਰਵਾਸੀ ਵਿਜੇ ਕੁਮਾਰ ਵਾਸੀ ਧਾਰਚੱਕ ਬਸੋਹਲੀ ਨੂੰ ਖਾਂਸੀ ਦੀ ਸ਼ਿਕਾਇਤ ਸੀ ਜਿਸ ਕਰਕੇ ਉਸ ਨੂੰ ਚੈਕਅੱਪ ਕਰਨ ਲਈ ਬਾਹਰ ਹਸਪਤਾਲ ਵਿੱਚ ਲਿਜਾਇਆ ਗਿਆ। ਇਸ ਪੱਤਰਕਾਰ ਨੇ ਇਹ ਵੀ ਦੇਖਿਆ ਕਿ ਉਥੇ ਚੈਕਅੱਪ ਕਰਨ ਲਈ ਕੋਈ ਡਾਕਟਰ ਨਹੀਂ ਸੀ। ਜਦ ਕਿ ਪੂਜਾ ਰਿਜ਼ੋਰਟ ਚ ਚੈਕਅੱਪ ਕਰ ਰਹੇ ਮਲਟੀਪਰਪਜ਼ ਹੈਲਥ ਵਰਕਰਾਂ ਦੇ ਕੋਈ ਯੂਨੀਫਾਰਮ ਨਹੀਂ ਪਾਈ ਹੋਈ ਸੀ।

ਜਿਲ੍ਹਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੀ ਸਰਕਾਰ ਵੱਲੋਂ ਲੌਕਡਾਊਨ ਕਾਰਨ ਇਨ੍ਹਾਂ ਪਰਵਾਸੀਆਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਇਹ ਪਿੱਛੇ ਵੀ ਨਹੀਂ ਜਾ ਰਹੇ ਜਿਸ ਕਾਰਨ ਇਹ ਇਥੇ ਫਸ ਕੇ ਰਹਿ ਗਏ ਹਨ ਪਰ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਇੰਨ੍ਹਾਂ ਨੂੰ ਇੱਥੇ ਰੱਖਿਆ ਜਾ ਰਿਹਾ ਹੈ।

Previous articleਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦਾ ਦੇਹਾਂਤ
Next articleਲਾਕਡਾਊਨ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ