ਜੋ ਸ਼ਹੀਦ ਹੂਏ ਹੈ ਉਨਕੀ, ਜ਼ਰਾ ਯਾਦ ਕਰੋ ਕੁਰਬਾਨੀ

ਪੇਸ਼ਕਸ਼:- ਅਮਰਜੀਤ ਚੰਦਰਲੁਧਿਆਣਾ +91 9417 600014

ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਵਿਚ ਜਿਸ ਘਟਨਾ ਨੇ ਦੇਸ਼ ਵਾਸੀਆਂ ਦੇ ਦਿਲਾਂ ਨੂੰ ਝੰਝੋੜ ਕੇ ਰੱਖ ਦਿੱਤਾ, ਜਿਸ ਨਾਲ ਦੇਸ਼ ਵਾਸੀਆਂ ਦੇ ਦਿਲਾਂ ਤੇ ਸੱਭ ਤੋਂ ਜਿਆਦਾ ਅਸਰ ਹੋਇਆ ਹੈ ਉਹ ਹੈ ‘ਜਲਿਆਂ ਵਾਲਾ ਬਾਗ ਹੱਤਿਆਂ ਕਾਂਡ’। ਇਸ ਜਲਿਆਂ ਵਾਲਾ ਹੱਤਿਆ ਕਾਂਡ ਨੇ ਸਾਡੇ ਦੇਸ਼ ਦੇ ਇਤਿਹਾਸ ਦੀਆਂ ਸਾਰੀ ਧਾਰਾਵਾਂ ਨੂੰ ਹੀ ਬਦਲ ਕੇ ਰੱਖ ਦਿੱਤਾ। ਜਲਿਆਂ ਵਾਲਾ ਬਾਗ ਹੱਤਿਆਂ ਕਾਂਡ ਨੂੰ ਪਿੱਛਲੇ ਸਾਲ ਹੀ 100 ਸਾਲ ਪੂਰੇ ਹੋਏ ਹਨ।ਇਕ ਸਦੀ ਪਹਿਲਾਂ, 13 ਅਪਰੈਲ ਸਾਲ 1919 ਵਿਚ ਨੂੰ ਜਦੋਂ ਪੂਰਾ ਪੰਜਾਬ ਵਿਸਾਖੀ ਦਾ ਦਿਹਾੜਾ ਮਨਾ ਰਿਹਾ ਸੀ ਤਾਂ ਬ੍ਰਿਗੇਡੀਅਰ ਜਨਰਲ ਰੇਜੀਨਾਲਡ ਡਾਇਰ ਤੇ ਉਹਨਾਂ ਦੇ ਕਮਾਡਰਾਂ, ਤੇ ਉਨਾਂ ਦੇ ਪ੍ਰਸ਼ਾਸ਼ਨ ਅਮਲੇ ਨੇ ਜਲਿਆਂਵਾਲੇ ਬਾਗ ਵਿਚ ਨਿਹੱਥੇ ਲੋਕਾਂ ਨੂੰ ਚਾਰੋਂ ਪਾਸਿਓ ਘੇਰ ਲਿਆ ਅਤੇ ਉਨਾਂ ਨੂੰ ਬੰਦੂਕਾਂ ਦੀਆਂ ਗੋਲੀਆਂ ਨਾਲ ਭੁੰਨ ਦਿੱਤਾ ਸੀ। ਇਸ ਹੱਤਿਆਂ ਕਾਂਡ ਵਿਚ ਨੌਜਵਾਨ, ਬੁੱਢੇ, ਔਰਤਾਂ ਤੇ ਬੱਚਿਆਂ ਸਮੇਤ ਸੈਕੜੇ ਹੀ ਲੋਕ ਮਾਰੇ ਗਏ ਅਤੇ ਹਜਾਰਾਂ ਹੀ ਲੋਕ ਜਖਮੀ ਹੋ ਗਏ ਸਨ। ਇਸ ਹੱਤਿਆਂ ਕਾਂਡ ਦੇ ਪਿੱਛੇ ਬਰਤਾਨੀਆ ਸਰਕਾਰ ਦਾ ਕਾਲਾ ਕਨੂੰਨ ‘ਰਾਲੇਟ ਐਕਟ’ ਸੀ। ਜਿਸ ਦਾ ਉਸ ਸਮ੍ਹੇਂ ਪੂਰੇ ਦੇਸ਼ ਵਿਚ ਜਬਰਦਸਤ ਵਿਰੋਧ ਹੋ ਰਿਹਾ ਸੀ। ਇਹ ਕਨੂੰਨ ਅਜਾਦੀ ਦੇ ਲਈ ਚਲ ਰਹੇ ਅੰਦੋਲਨ ਨੂੰ ਰੋਕਣ ਦੇ ਲਈ ਬਰਤਾਨੀਆ ਸਰਕਾਰ ਵਲੋਂ ਬਣਾਇਆ ਗਿਆ ਸੀ। ਇਸ ਦੇ ਸਬੰਧ ਵਿਚ ਬਰਤਾਨੀਆਂ ਸਰਕਾਰ ਨੇ, ਉਥੇ ਦੇ ਪ੍ਰਸ਼ਾਸ਼ਨ ਨੂੰ ਹੋਰ ਵੀ ਵਾਧੂ ਅਧਿਕਾਰ ਦੇ ਰੱਖੇ ਸਨ।ਜਿਸ ਵਿਚ ਇਹ ਸਰਕਾਰ ਪ੍ਰੈਸ ਦੀ ਅਜਾਦੀ ਤੇ ਵੀ ਰੋਕ ਲਗਾ ਸਕਦੀ ਸੀ, ਮੌਕੇ ਦੇ ਨੇਤਾਵਾਂ ਨੂੰ ਬਿੰਨਾਂ ਮੁਕੱਦਮਾ ਦਰਜ ਕੀਤਿਆ ਜੇਲ ਵਿਚ ਰੱਖ ਸਕਦੇ, ਲੋਕਾਂ ਨੂੰ ਬਿੰਨਾਂ ਵਰੰਟ ਗ੍ਰਿਫਤਾਰ ਕਰ ਸਕਦੇ, ਉਨਾਂ ਉਤੇ ਆਪਣੀਆਂ ਵਿਸ਼ੇਸ਼ ਅਦਾਲਤਾਂ ਲਗਾ ਕੇ, ਬੰਦ ਕਮਰਿਆਂ ਵਿਚ ਬਿੰਨਾਂ ਜੁਵਾਬਦੇਈ ਕਰਕੇ ਮੁਕੱਦਮੇ ਦਰਜ ਕਰ ਸਕਦੇ, ਇਹ ਤਾਂ ਸਾਫ ਸੀ ਕਿ ਇਸ ਕਾਲੇ ਕਨੂੰਨ ਦਾ ਵਿਰੋਧ ਤਾਂ ਹੋਣਾ ਹੀ ਹੋਣਾ ਸੀ ਕਿਉਂਕਿ ਕਨੂੰਨ ਦੇ ਵਿਰੋਧ ਵਿਚ ਪੂਰਾ ਦੇਸ਼ ਇਕ ਸਾਥ ਖੜਾ ਹੋ ਗਿਆ ਸੀ ਦੇਸ਼ ਵਿਚ ਜਗ੍ਹਾ ਜਗ੍ਹਾ ਲੋਕਾਂ ਨੇ ਇਸ ਦੇ ਖਿਲਾਫ ਗ੍ਰਿਫਤਾਰੀਆਂ ਦਿੱਤੀਆਂ।ਇਸ ਕਨੂੰਨ ਦੇ ਖਿਲਾਫ ਵੱਧ ਰਹੇ ਅੰਦੋਲਨ ਨੂੰ ਦੇਖਦੇ ਹੋਏ ਬਰਤਾਨੀਆਂ ਸਰਕਾਰ ਨੇ ਬਹੁਤ ਹੀ ਸਖਤ ਕਦਮ ਚੁਕਿਆ, ਗੁੱਸੇ ਵਿਚ ਆਏ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਪੰਜਾਬ ਦੇ ਦੋ ਵੱਡੇ ਲੀਡਰ ਡਾਕਟਰ ਸਤਿਅ ਪਾਲ ਤੇ ਸੈਫੂਦੀਨ ਕਿਚਲੂ ਨੂੰ ਅਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੇ ਬਿੰਨਾਂ ਕਿਸੇ ਮਨਜੂਰੀ, ਬਿੰਨਾਂ ਕਿਸੇ ਕਾਰਨ ਦੇ ਗ੍ਰਿਫਤਾਰ ਕਰ ਲਿਆ। ਇਸ ਦੇ ਵਿਰੋਧ ਵਿਚ ਦੇਸ਼ ਦੀ ਜਨਤਾ ਨੇ ਇਕ ਸ਼ਾਤੀਪੂਰਣ ਮਾਰਚ ਕੱਢਿਆ। ਪੁਲਿਸ ਨੇ ਮਾਰਚ ਵਿਚ ਇਕੱਠੀ ਹੋਈ ਭੀੜ ਨੂੰ ਅੱਗੇ ਜਾਣ ਤੋਂ ਰੋਕਿਆ ਤੇ ਰੋਕਣ ਵਿਚ ਕਾਮਯਾਬ ਨਾ ਹੋ ਸਕਣ ਤੇ ਪੁਲਿਸ ਵਲੋਂ ਅੱਗੇ ਵੱਧ ਰਹੀ ਭੀੜ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ ਦੋ ਲੋਕ ਮਾਰੇ ਵੀ ਗਏ।

ਇਸ ਗ੍ਰਿਫਤਾਰੀ ਦੀ ਨਿੰਦਾ ਕਰਨ ਤੇ ਪਹਿਲਾਂ ਹੋਏ ਹੱਤਿਆ ਕਾਂਡ ਬਾਰੇ ਚਰਚਾ ਕਰਨ ਵਾਸਤੇ 13 ਅਪਰੈਲ 1919 ਨੂੰ ਵਿਸਾਖੀ ਵਾਲੇ ਦਿਨ ਸ਼ਾਮ ਨੂੰ ਕਰੀਬ ਸਾਢੇ ਚਾਰ ਵਜ੍ਹੇ ਅਮ੍ਰਿਤਸਰ ਦੇ ਜਲਿਆਂਵਾਲਾ ਬਾਗ ਵਿਚ ਇਕ ਕਾਨਫਰੰਸ ਬੁਲਾਈ ਗਈ। ਕਾਂਨਫਰੰਸ ਵਿਚ ਸਤਿਆ ਪਾਲ ਤੇ ਸੈਫੂਦੀਨ ਕਿਚਲੂ ਦੀ ਰਿਹਾਈ ਅਤੇ ਕਾਲੇ ਕਨੂੰਨ ਦੇ ਵਿਰੋਧ ਵਿਚ ਜੋ ਸਾਡੇ ਲੋਕਾਂ ਨਾਲ ਅਤਿਆਚਾਰ ਹੋਇਆ ਹੈ ਉਸ ਦੇ ਬਾਰੇ ਵਿਚ ਇਨਸਾਫ ਲੈਣ ਦੇ ਬਾਰੇ ਵਿਚ ਚਰਚਾ ਹੋਣੀ ਸੀ। ਜਿਵੇਂ ਹੀ ਅੰਗਰੇਜ਼ ਪ੍ਰਸ਼ਾਸ਼ਨ ਨੂੰ ਇਹ ਖਬਰ ਮਿਲੀ ਕਿ ਜਲਿਆਂ ਵਾਲੇ ਬਾਗ ਵਿਚ ਅੰਦੋਲਨਕਾਰੀ ਲੋਕ ਇਕੱਠ ਹੋ ਰਹੇ ਹਨ, ਤਾਂ ਪ੍ਰਸ਼ਾਸ਼ਨ ਨੇ ਉਨਾਂ ਨੂੰ ਸਬਕ ਸਿਖਾਉਣ ਦੀ ਠਾਣ ਲਈ। ਹਾਲਾਂਕਿ ਸ਼ਹਿਰ ਵਿਚ ਕਰਫਿਊ ਲੱਗਾ ਹੋਇਆ ਸੀ, ਫਿਰ ਵੀ ਸੈਕੜੇ ਲੋਕ ਕਾਨਫਰੰਸ ਦੇ ਵਿਚ ਕੁਝ ਐਸੇ ਵੀ ਪਹੁੰਚ ਗਏ ਸੀ ਜੋ ਕਿ ਆਸ-ਪਾਸ ਦੇ ਇਲਾਕਿਆ ਤੋਂ ਆਪਣੇ ਪਰਿਵਾਰਾਂ ਸਮੇਤ ਵਿਸਾਖੀ ਦਾ ਮੇਲਾ ਦੇਖਣ, ਤੇ ਸ਼ਹਿਰ ਵਿਚ ਘੁੰਮਣ ਫਿਰਨ ਆਏ ਸੀ ਤੇ ਕਾਨਫਰੰਸ ਦੀ ਅਵਾਜ ਸੁਣ ਕੇ ਉਥੇ ਜਾ ਪਹੁੰਚੇ ਸਨ। ਕਾਨਫਰੰਸ ਸ਼ੁਰੂ ਹੋਣ ਤੱਕ ਉਥੇ ਘੱਟੋ-ਘੱਟ 10-15 ਹਜਾਰ ਲੋਕ ਪਹੁੰਚ ਗਏ ਸਨ। ਏਨੇ ਨੂੰ ਜਲਿਆਂ ਵਾਲੇ ਬਾਗ ਦੇ ਇਕ ਰਸਤੇ ਤੇ ਜਨਰਲ ਡਾਇਰ ਨੇ ਆਪਣੀ ਫੌਜ ਸਮੇਤ ਪੁਜੀਸਨ ਲੈ ਲਈ ਤੇ ਬਿੰਨਾਂ ਕਿਸੇ ਚਿਤਾਵਨੀ ਦਿੱਤੇ ਅੰਨ੍ਹੇਵਾਹ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਜਲਿਆਂ ਵਾਲੇ ਬਾਗ ਅੰਦਰ ਜਮ੍ਹਾ ਹਜਾਰਾਂ ਲੋਕਾਂ ਦੀ ਭੀੜ ਤੇ ਡਾਇਰ ਦੀ ਫੌਜ਼ ਵਲੋਂ 1650 ਰਾਂਊਡ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਸੈਕੜੇ ਹੀ ਲੋਕ ਸ਼ਹੀਦ ਹੋ ਗਏ ਤੇ ਹਜਾਰਾਂ ਹੀ ਲੋਕ ਜਖਮੀ ਹੋ ਗਏ। ਘਬਰਾਹਟ ਵਿਚ ਕਈ ਲੋਕ ਜਲਿਆ ਵਾਲੇ ਬਾਗ ਅੰਦਰ ਬਣੇ ਖੂਹ ਵਿਚ ਆਪਣੀ ਜਾਨ ਬਚਾਉਣ ਦੇ ਲਈ ਡਿੱਗ ਪਏ। ਪਰ ਉਨਾਂ ਜਾਲਮਾਂ ਨੇ ਉਨਾਂ ਲੋਕਾਂ ਨੂੰ ਵੀ ਨਹੀ ਬਖਸ਼ਿਆ, ਕੁਝ ਹੀ ਸਮ੍ਹੇਂ ਵਿਚ ਜਲਿਆਂ ਵਾਲੇ ਬਾਗ ਅੰਦਰ ਨੌਜਵਾਨ, ਬਜੁਰਗ, ਔਰਤਾ ਸਮੇਤ ਬੱਚਿਆਂ ਦੀਆਂ ਸੈਕੜੇ ਹੀ ਲਾਸ਼ਾਂ ਦੇ ਢੇਰ ਲੱਗ ਗਏ। ਸਰਕਾਰੀ ਅੰਕੜਿਆ ਦੇ ਮੁਤਾਬਕ ਜਲਿਆਂ ਵਾਲੇ ਬਾਗ ਵਿਚ ਇਕ ਹਜਾਰ ਤੋਂ ਵੀ ਜਿਆਦਾ ਲੋਕ ਮਾਰੇ ਗਏ।

ਜਲਿਆਂ ਵਾਲੇ ਬਾਗ ਹੱਤਿਆ ਕਾਡ ਦੀ ਦੇਸ਼ ਵਿਚ ਹੀ ਨਹੀ ਬਲਕਿ ਦੁਨੀਆਂ ਵਿਚ ਵੀ ਬੜੀ ਤਿੱਖੀ ਅਲੋਚਨਾ ਹੋਈ। ਅਲੋਚਨਾ ਦੇ ਹੀ ਦਬਾਓ ਥੱਲੇ ਆ ਕੇ ਮੌਕੇ ਦੇ ਪ੍ਰਸ਼ਾਸ਼ਨ ਨੂੰ ਇਕ ਐਸੀ ਕਮੇਟੀ ਬਣਾਉਣੀ ਪਈ ਜੋ ਇਸ ਦੀ ਤਹਿ ਤੱਕ ਜਾ ਕੇ ਸਾਰੀ ਰਿਪੋਰਟ ਇਕੱਠੀ ਕਰਕੇ ਦੇਵੇ।ਬਰਤਾਨੀਆਂ ਦੇ ਸੈਕਟਰੀ ਆਫ ਸਟੇਟ ਇਡਵਿਨ ਮਾਟੇਗਊ ਨੇ ਸਾਲ 1919 ਦੇ ਅਖੀਰ ਵਿਚ ਜਲਿਆਂ ਵਾਲੇ ਬਾਗ ਦੀ ਹਕੀਕਤ ਜਾਣਨ ਦੇ ਲਈ ਹੰਟਰ ਕਮਿਸ਼ਨ ਨਿਯੁਕਤ ਕੀਤਾ ਗਿਆ। ਹੰਟਰ ਕਮਿਸ਼ਨ ਵਿਚ ਜਲਿਆ ਵਾਲੇ ਬਾਗ ਦੇ ਹੱਤਿਆ ਕਾਂਡ ਦੀ ਸਾਰੀ ਸਚਾਈ ਸਾਹਮਣੇ ਆ ਗਈ।ਅੰਗਰੇਜ਼ ਸਰਕਾਰ ਨੇ ਕਮਿਸ਼ਨ ਦੇ ਨਾਂ ਤੇ ਸਿਰਫ ਖਾਨਾ-ਪੂਰਤੀ ਕਰਕੇ ਬ੍ਰਿਗੇਡੀਅਰ ਜਰਨਲ ਡਾਇਰ ਨੂੰ ਸਜਾ ਦੇ ਤੌਰ ਤੇ ਉਸ ਦਾ ਇਕ ਅਹੁਦਾ ਘਟਾ ਕੇ ਬ੍ਰਿਗੇਡੀਅਰ ਜਰਨਲ ਤੋਂ ਕਰਨਲ ਬਣਾ ਦਿੱਤਾ ਅਤੇ ਉਸ ਤੇ ਇਕ ਪਾਬੰਧੀ ਵੀ ਲਗਾ ਦਿੱਤੀ ਕਿ ਉਸ ਨੂੰ ਆਉਣ ਵਾਲੇ ਸਮ੍ਹੇ ਵਿਚ ਭਾਰਤ ਵਿਚ ਕੋਈ ਅਹੁਦੇ ਤੇ ਤਾਇਨਾਤ ਨਾ ਕਰਨ ਦਾ ਫੈਸਲਾ ਕੀਤਾ ਗਿਆ।

ਬਰਤਾਨੀਆਂ ਦੇ ਹਾਊਸ ਆਫ ਕਮਰਸ ਨੇ ਜਰਨਲ ਡਾਇਰ ਦੇ ਖਿਲਾਫ ਬਹੁ-ਗਿਣਤੀ ਵਿਚ ਹੋਈਆ ਮੌਤਾ ਦੇ ਵਿਰੋਧ ਵਿਚ ਨਿੰਦਾ ਦਾ ਪ੍ਰਸਤਾਵ ਰੱਖਿਆ ਗਿਆ, ਪਰ ਉਸ ਦੇ ਉਲਟ ਹਾਊਸ ਆਫ ਲਾਰਡ ਨੇ ਜਲਿਆ ਵਾਲੇ ਬਾਗ ਹੱਤਿਆ ਕਾਂਡ ਦੀ ਤਰੀਫ ਕਰਦੇ ਹੋਏ ਜਰਨਲ ਬ੍ਰਿਗੇਡੀਅਰ ਡਾਇਰ ਦੇ ਖਿਲਾਫ ਮਤਾ ਪਾਸ ਹੋਣ ਦੀ ਮਨਜੂਰੀ ਦੇ ਦਿੱਤੀ ਗਈ। ਇਸ ਪੂਰੇ ਘਟਨਾ-ਕਰਮ ਤੇ ਪੂਰੀ ਦੁਨੀਆ ਦੀ ਨਜ਼ਰ ਸੀ ਅਤੇ ਦਬਾਅ ਵਿਚ ਆਖਰਕਾਰ ਬਰਤਾਨੀਆ ਸਰਕਾਰ ਨੂੰ ਝੁਕਣਾ ਪਿਆ। ਬਰਤਾਨੀਆਂ ਸੰਸਦ ਵਿਚ ਵੀ ਇਸ ਦੇ ਖਿਲਾਫ ਨਿੰਦਾ ਦਾ ਪ੍ਰਸਤਾਵ ਲਿਆ ਕੇ ਪਾਸ ਕਰਵਾਇਆ ਗਿਆ ਅਤੇ ਸਾਲ 1920 ਵਿਚ ਬ੍ਰਿਗੇਡੀਅਰ ਜਰਨਲ ਡਾਇਰ ਨੂੰ ਅਸਤੀਫਾ ਦੇਣਾ ਪਿਆ।ਜਲਿਆਂ ਵਾਲੇ ਬਾਗ ਹੱਤਿਆ ਕਾਂਡ ਦੇ ਬਾਰੇ ਵਿਚ ਥਾਂਪਸਨ ਤੇ ਗ੍ਰੇਟਰ ਨੇ ਲਿਖਿਆ ਹੈ ਕਿ “ਅਮ੍ਰਿਤਸਰ ਦੁਘਟਨਾ ਭਾਰਤ-ਬਰਤਾਨੀਆਂ ਸਬੰਧਾਂ ਵਿਚ ਇਕ ਯੁਗਾਂਤਕਾਰੀ ਘਟਨਾ ਸੀ ਜਿਵੇਂ ਕਿ 1857 ਦਾ ਵਿਦਰੋਹ ਹੈ।’

ਇਸ ਘੋਰ ਹੱਤਿਆ ਕਾਂਡ ਦੇ ਬਾਅਦ ਵੀ ਦੇਸ਼ ਵਾਸੀਆਂ ਦੀ ਅਜਾਦੀ ਦੇ ਜਜਬੇ ਤੇ ਕੋਈ ਅਸਰ ਨਹੀ ਪਿਆ। ਸਚ ਤਾਂ ਇਹ ਹੈ ਕਿ ਇਸ ਘਟਨਾ ਤੋਂ ਬਾਅਦ ਅਜਾਦੀ ਹਾਸਲ ਕਰਨ ਦੀ ਚਾਹਤ ਉਨਾਂ ਦੇ ਅੰਦਰ ਤੇਜੀ ਨਾਲ ਉਬਾਲੇ ਮਾਰਨ ਲੱਗੀ ।ਅਜਾਦੀ ਦੀ ਚਾਹਤ ਨਾ ਸਿਰਫ ਪੰਜਾਬ ਵਿਚ ਹੀ ਸੀ ਬਲਕਿ ਪੂਰੇ ਦੇਸ਼ ਦੇ ਬੱਚੇ-ਬੱਚੇ ਦੇ ਸਿਰ ਚੜ ਬੋਲਣ ਲੱਗੀ ਸੀ। ਹਜ਼ਾਰਾਂ ਹੀ ਭਾਰਤ ਵਾਸੀਆਂ ਨੇ ਜਲਿਆਂ ਵਾਲੇ ਬਾਗ ਦੀ ਮਿੱਟੀ ਆਪਣੇ ਮੱਥੇ ਨੂੰ ਲਗਾ ਕੇ ਦੇਸ਼ ਨੂੰ ਅਜਾਦ ਕਰਾਉਣ ਦੀ ਕਸਮ ਖਾਦੀ ਸੀ। ਇਸ ਘਟਨਾ ਨਾਲ ਪੰਜਾਬ ਪੂਰੀ ਤਰ੍ਹਾਂ ਨਾਲ ਅਜਾਦੀ ਦੇ ਅੰਦੋਲਨ ਵਿਚ ਸ਼ਾਮਲ ਹੋ ਗਿਆ ਸੀ ਅਤੇ ਇਸ ਅੰਦੋਲਨ ਨੂੰ ਦੇਖਦੇ ਹੋਏ ਗਾਂਧੀ ਜੀ ਨੇ ਸਾਲ 1920 ਵਿਚ ਅਸਹਿਯੋਗ ਅੰਦੋਲਨ ਸ਼ੁਰੂ ਕਰ ਦਿੱਤਾ।ਰਵਿਦਰ ਨਾਥ ਟੈਗੋਰ ਨੇ ਇਸ ਅੰਦਲਨ ਦੇ ਵਿਰੋਧ ਵਿਚ ਆਪਣਾ ‘ਨਾਇਟਹੁਡ’ ਦਾ ਖਿਤਾਬ ਵਾਪਸ ਕਰ ਦਿੱਤਾ। ਜਦੋਂ ਜਲਿਆਂ ਵਾਲੇ ਬਾਗ ਦਾ ਇਹ ਹੱਤਿਆ ਕਾਂਡ ਚਲ ਰਿਹਾ ਸੀ ਤਾਂ ਉਸ ਸਮ੍ਹੇ ਸ਼ਹੀਦ ਉਧਮ ਸਿੰਘ ਵੀ ਉਥੇ ਹੀ ਮੌਜੂਦ ਸਨ,ਉਹ ਵੀ ਇਸ ਹੱਤਿਆ ਕਾਂਡ ਵਿਚ ਜਖਮੀ ਹੋਏ ਸਨ।ਇਸ ਘਟਨਾ ਤੋਂ ਬਾਅਦ ਉਹਨਾਂ ਨੇ ਕਸਮ ਖਾਦੀ ਕਿ ਉਹ ਇਸ ਹੱਤਿਆ ਕਾਂਡ ਦਾ ਬਦਲਾ ਅੰਗਰੇਜ਼ ਸਰਕਾਰ ਤੋਂ ਜਰੂਰ ਲੈਣਗੇ।ਸ਼ਹੀਦ ਊਧਮ ਸਿੰਘ ਨੇ ਇਹ ਆਪਣੀ ਕਸਮ 21 ਸਾਲ ਬਾਅਦ ਪੂਰੀ ਕੀਤੀ। ਤੇਰਾਂ ਮਾਰਚ ਸਾਲ 1940 ਨੂੰ ਉਸ ਨੇ ਲੰਡਨ ਦੇ ਵੈਕਸਟਨ ਹਾਲ ਵਿਚ ਬਰਤਾਨੀਆ ਦੇ ਲੈਫਟੀਨੈਂਟ ਗਵਰਨਰ ਮਾਇਕਲ ਓ ਡਾਇਰ ਨੂੰ ਪਸਤੌਲ ਦੀ ਗੋਲੀ ਮਾਰ ਕੇ ਮਾਰ ਮੁਕਾਇਆ।ਜਲਿਆ ਵਾਲੇ ਬਾਗ ਹੱਤਿਆ ਕਾਂਡ ਦੀ ਦੇਸ਼ ਦੇ ਇਕ ਹੋਰ ਵੱਡੇ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਦਿਲ ਤੇ ਵੀ ਗਹਿਰੀ ਸੱਟ ਲੱਗੀ ਸੀ। ਸ਼ਹੀਦ ਭਗਤ ਸਿੰਘ ਦੇ ਦਿਲ ਤੇ ਇਸ ਹੱਤਿਆ ਕਾਂਡ ਦਾ ਬਹੁਤ ਅਸਰ ਹੋਇਆ। ਉਸ ਸਮ੍ਹੇਂ ਸ਼ਹੀਦ ਭਗਤ ਸਿੰਘ ਦੀ ਉਮਰ ਸਿਰਫ 12 ਸਾਲ ਦੀ ਸੀ।ਇਸ ਘਟਨਾ ਦੀ ਖਬਰ ਸੁਣਦੇ ਹੀ ਸ਼ਹੀਦ ਭਗਤ ਸਿੰਘ ਆਪਣੇ ਸਕੂਲ ਤੋਂ 12 ਮੀਲ ਪੈਦਲ ਤੁਰ ਕੇ ਅਮ੍ਰਿਤਸਰ ਜਲਿਆ ਵਾਲੇ ਬਾਗ ਪਹੁੰਚੇ ਤੇ ਉਥੇ ਦੀ ਹਾਲਤ ਦੇਖ ਉਨਾਂ ਨੇ ਉਥੇ ਦੀ ਮਿੱਟੀ ਆਪਣੇ ਮੱਥੇ ਨੂੰ ਲਾਉਦੇ ਹੋਏ ਕਸਮ ਖਾਦੀ ਕਿ ਦੇਸ਼ ਦੀ ਅਜਾਦੀ ਦੇ ਲਈ ਉਹ ਆਪਣਾ ਸੱਭ ਕੁਝ ਕੁਰਬਾਨ ਕਰ ਦੇਣਗੇ।

ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਦੀਆਂ ਇਹ ਛੋਟੀਆਂ-ਛੋਟੀਆਂ ਮਿਸਾਲਾਂ (ਕਹਾਣੀਆਂ) ਤੋਂ ਪਤਾ ਲੱਗਦਾ ਹੈ ਕਿ ਜਲਿਆ ਵਾਲੇ ਬਾਗ ਹੱਤਿਆ ਕਾਂਡ ਦਾ ਉਸ ਸਮ੍ਹੇਂ ਦੇਸ਼ ਵਾਸੀਆਂ ਦੇ ਦਿਲੋ-ਦਿਮਾਗ਼ ਤੇ ਕਿੰਨਾਂ ਅਸਰ ਹੋਇਆ ਹੋਵੇਗਾ। ਉਹ ਕਿਉਂ ਨਹੀ ਕੋਈ ਦੇਸ਼ ਵਿਆਪੀ ਅੰਦੋਲਨ ਅਤੇ ਉਸ ਤੇ ਮਰ-ਮਿਟਣ ਲਈ ਕਿਊਂ ਨਹੀ ਤਿਆਰ ਹੋ ਰਹੇ? ਜਲਿਆ ਵਾਲੇ ਬਾਗ ਦਾ ਹੱਤਿਆ ਕਾਂਡ ਦੇਸ਼ ਦੀ ਅਜਾਦੀ ਲਈ ਇਕ ਮੀਲ ਪੱਥਰ ਸਾਬਤ ਹੋਇਆ। ਇਸ ਹੱਤਿਆ ਕਾਂਡ ਦੇ 28 ਸਾਲ ਬਾਅਦ ਸਾਡਾ ਦੇਸ਼ ਅਜਾਦ ਹੋ ਗਿਆ।

 

Previous articleगॉड इज नॉट ग्रेट!
Next articleਸੁਪਰੀਮ ਸਿੱਖ ਸੁਸਾਇਟੀ ਵਲੋਂ ਲੋੜਵੰਦਾਂ ਨੂੰ ਵੰਡੀ ਜਾ ਰਹੀ ਭੋਜਨ ਸਮੱਗਰੀ