ਜੋਕੋਵਿਚ ਏਟੀਪੀ ਸਿਨਸਿਨਾਟੀ ਓਪਨ ਦੇ ਸੈਮੀ-ਫਾਈਨਲ ’ਚ

16 ਵਾਰ ਦੇ ਗਰੈਂਡ ਸਲੈਮ ਚੈਂਪੀਅਨ ਨੋਵਾਕ ਜੋਕੋਵਿਚ ਨੇ ਕੂਹਣੀ ਦੀ ਸਮੱਸਿਆ ਦੇ ਬਾਵਜੂਦ ਲੁਕਾਸ ਪੌਇਲੀ ਨੂੰ 7-6, 6-1 ਨਾਲ ਹਰਾ ਕੇ ਏਟੀਪੀ ਸਿਨਸਿਨਾਟੀ ਓਪਨ ਦੇ ਸੈਮੀ-ਫਾਈਨਲ ਵਿੱਚ ਥਾਂ ਬਣਾ ਲਈ ਹੈ। ਖ਼ਿਤਾਬੀ ਮੁਕਾਬਲੇ ਵਿੱਚ ਪਹੁੰਚਣ ਲਈ ਉਸ ਨੂੰ ਰੂਸ ਦੇ ਡੇਨਿਲ ਮੈਦਵੇਦੇਵ ਨਾਲ ਭਿੜਨਾ ਹੋਵੇਗਾ। ਮੈਦਵੇਦੇਵ ਨੇ ਹਮਵਤਨ ਆਂਦਰੇ ਰੂਬਲੇਵ ਨੂੰ 6-2, 6-3 ਨਾਲ ਸ਼ਿਕਸਤ ਦਿੱਤੀ। ਰੂਬਲੇਵ ਨੇ ਇਸੇ ਹਫ਼ਤੇ ਰੋਜਰ ਫੈਡਰਰ ਨੂੰ ਹਰਾ ਕੇ ਟੂਰਨਾਮੈਂਟ ਵਿੱਚੋਂ ਬਾਹਰ ਕੀਤਾ ਸੀ। ਫਰਾਂਸ ਦੇ ਰਿਚਰਡ ਗਾਸਕੇਟ ਨੇ ਛੇ ਸਾਲ ਵਿੱਚ ਮਾਸਟਰਜ਼ 1000 ਕੁਆਰਟਰ ਫਾਈਨਲ ਵਿੱਚ ਪਹਿਲੀ ਜਿੱਤ ਹਾਸਲ ਕੀਤੀ। ਇਸ ਤੋਂ ਪਹਿਲਾਂ ਉਸ ਨੇ ਸਾਲ 2013 ਵਿੱਚ ਮਿਆਮੀ ਵਿੱਚ ਮਾਸਟਰਜ਼ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ ਸੀ। ਇਸ ਤਰ੍ਹਾਂ ਗਾਸਕੇਟ ਨੇ ਰੌਬਰਟੋ ਬਤਿਸਤਾ ਆਗੁਤ ਨੂੰ 7-6, 3-6, 6-2 ਨਾਲ ਸ਼ਿਕਸਤ ਦੇ ਕੇ ਸੈਮੀ-ਫਾਈਨਲ ਵਿੱਚ ਥਾਂ ਬਣਾਈ। ਗਾਸਕੇਟ ਹੁਣ ਫਾਈਨਲ ਵਿੱਚ ਥਾਂ ਬਣਾਉਣ ਲਈ 16ਵਾਂ ਦਰਜਾ ਪ੍ਰਾਪਤ ਡੇਵਿਡ ਗੌਫਿਨ ਨਾਲ ਭਿੜੇਗਾ। ਗੌਫਿਨ ਨੇ ਜਾਪਾਨੀ ਕੁਆਲੀਫਾਇਰ ਯੌਸ਼ੀਹਿਟੋ ਨਿਸ਼ੀਯੋਕਾ ਦੇ ਵਾਕਓਵਰ ਕਾਰਨ ਅਗਲੇ ਗੇੜ ਵਿੱਚ ਥਾਂ ਬਣਾਈ ਸੀ। ਜੋਕੋਵਿਚ ਨੂੰ ਮੈਚ ਦੌਰਾਨ ਕੂਹਣੀ ਵਿੱਚ ਤਕਲੀਫ਼ ਹੋਈ, ਪਰ ਉਸ ਨੇ ਸੌਖਿਆਂ ਜਿੱਤ ਹਾਸਲ ਕਰ ਲਈ। ਮੈਚ ਮਗਰੋਂ ਉਸ ਨੇ ਕਿਹਾ, ‘‘ਮੈਂ ਮੈਚ ਖ਼ਤਮ ਕਰਨ ਵਿੱਚ ਸਫਲ ਰਿਹਾ, ਹਾਲਾਂਕਿ ਮੇਰੀ ਕੂਹਣੀ ਵਿੱਚ ਥੋੜ੍ਹੀ ਤਕਲੀਫ਼ ਹੋ ਰਹੀ ਸੀ, ਪਰ ਇਹ ਛੇਤੀ ਠੀਕ ਹੋ ਜਾਵੇਗੀ।’’

Previous articleIceland glacier commemorated with plaque
Next articleਦੀਪਾ ਮਲਿਕ ਨੂੰ ਵੀ ਮਿਲੇਗਾ ਖੇਲ ਰਤਨ