ਜੈਸ਼ੰੰਕਰ ਵਲੋਂ ਚੀਨੀ ਹਮਰੁਤਬਾ ਦੀ ਮੌਜੂਦਗੀ ’ਚ ਕੌਮਾਂਤਰੀ ਸਬੰਧਾਂ ਦੇ ਨੇਮਾਂ ਦੀ ਪਾਲਣਾ ਕਰਨ ਦੀ ਲੋੜ ’ਤੇ ਜ਼ੋਰ

ਨਵੀਂ ਦਿੱਲੀ (ਸਮਾਜਵੀਕਲੀ) :  ਰੂਸ-ਭਾਰਤ-ਚੀਨ ਵਿਚਾਲੇ ਅੱਜ ਹੋਈ ਵਰਚੂਅਲ ਕਾਨਫਰੰਸ ਮੌਕੇ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਨੇ ਬਹੁਪੱਖੀ ਢਾਂਚੇ ਵਿੱਚ ਭਾਈਵਾਲਾਂ ਦੇ ਕਾਨੂੰਨੀ ਹਿੱਤਾਂ ਨੂੰ ਪਛਾਨਣ ਅਤੇ ਕੌਮਾਂਤਰੀ ਸਬੰਧਾਂ ਦੇ ਨੇਮਾਂ ਦੀ ਪਾਲਣਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਊਨ੍ਹਾਂ ਨੇ ਇਹ ਟਿੱਪਣੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਦੀ ਮੌਜੂਦਗੀ ਵਿੱਚ ਭਾਰਤ-ਚੀਨ ਵਿਚਾਲੇ ਵਧੇ ਤਣਾਅ ਦੌਰਾਨ ਕੀਤੀ। ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਗਲਵਾਨ ਵਾਦੀ ਵਿੱਚ ਹੋਈਆਂ ਹਿੰਸਕ ਝੜਪਾਂ ਵਿਚ 20 ਭਾਰਤੀ ਜਵਾਨ ਸ਼ਹੀਦ ਹੋਏ ਸਨ। ਪਿਛਲੇ ਹਫ਼ਤੇ ਭਾਰਤ ਨੇ ਸਰਹੱਦ ’ਤੇ ਭਾਰਤੀ ਜਵਾਨਾਂ ਦੀ ਚੀਨੀ ਫੌਜਾਂ ਵਲੋਂ ਕੀਤੀ ਹੱਤਿਆ ਨੂੰ ‘ਪਹਿਲਾਂ ਤੋਂ ਸੋਚੀ-ਸਮਝੀ ਅਤੇ ਯੋਜਨਾਬੱਧ ਕਾਰਵਾਈ’ ਕਰਾਰ ਦਿੱਤਾ ਸੀ।

ਜੈਸ਼ੰਕਰ ਨੇ ਕਿਹਾ, ‘‘ਇਹ ਵਿਸ਼ੇਸ਼ ਬੈਠਕ ਕੌਮਾਂਤਰੀ ਰਿਸ਼ਤਿਆਂ ’ਤੇ ਸਮੇਂ-ਸਮੇਂ ਅਜ਼ਮਾਏ ਸਿਧਾਂਤਾਂ ਵਿੱਚ ਸਾਡੇ ਭਰੋਸੇ ਨੂੰ ਦੁਹਰਾਉਂਦੀ ਹੈ। ਪਰ ਅੱਜ ਚੁਣੌਤੀ ਕੇਵਲ ਸੰਕਲਪਾਂ ਅਤੇ ਨੇਮਾਂ ਦੀ ਨਹੀਂ ਹੈ, ਬਲਕਿ ਇਨ੍ਹਾਂ ਦੀ ਪਾਲਣਾ ਕਰਨ ਦੀ ਹੈ।’’ ਊਨ੍ਹਾਂ ਅੱਗੇ ਕਿਹਾ, ‘‘ਦੁਨੀਆ ਭਰ ਦੀਆਂ ਅਗਾਂਹਵਧੂ ਆਵਾਜ਼ਾਂ ਹਰ ਤਰੀਕੇ ਨਾਲ ਮਿਸਾਲ ਹੋਣੀਆਂ ਚਾਹੀਦੀਆਂ ਹਨ। ਕੌਮਾਂਤਰੀ ਨੇਮਾਂ ਦਾ ਸਤਿਕਾਰ ਕਰਨਾ, ਭਾਈਵਾਲਾਂ ਦੇ ਕਾਨੂੰਨੀ ਹਿੱਤਾਂ ਨੂੰ ਪਛਾਣਨਾ, ਬਹੁਪੱਖੀਪੁਣੇ ਨੂੰ ਸਹਿਯੋਗ ਦੇਣਾ ਅਤੇ ਹਰੇਕ ਦੇ ਭਲੇ ਨੂੰ ਊਤਸ਼ਾਹ ਦੇਣਾ ਹੀ ਵਿਸ਼ਵ ਵਿੱਚ ਲੰਬੇ ਸਮੇਂ ਲਈ ਅਮਨ-ਸ਼ਾਂਤੀ ਬਣਾਏ ਰੱਖਣ ਦੇ ਢੰਗ ਹਨ।’’ ਵਿਦੇਸ਼ ਮੰਤਰੀ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਅਸਿੱਧੇ ਢੰਗ ਨਾਲ ਚੀਨ ਨੂੰ ਦਿੱਤੇ ਸੁਨੇਹੇ ਵਜੋਂ ਦੇਖਿਆ ਜਾ ਰਿਹਾ ਹੈ।

ਜੈਸ਼ੰਕਰ ਨੇ ਕਾਨਫੰਰਸ ਦੇ ਸ਼ੁਰੂ ਵਿਚ ਕਿਹਾ ਕਿ ਭਾਰਤ ਨੂੰ ਦੂਜੀ ਵਿਸ਼ਵ ਜੰਗ ਤੋਂ ਬਾਅਦ ਆਲਮੀ ਪੱਧਰ ’ਤੇ ਅਮਨ-ਸ਼ਾਂਤੀ ਲਈ ਦਿੱਤੇ ਯੋਗਦਾਨ ਲਈ ਢੁਕਵੀਂ ਮਾਨਤਾ ਨਹੀਂ ਦਿੱਤੀ ਗਈ ਅਤੇ ਇਹ ਇਤਿਹਾਸਿਕ ਬੇਇਨਸਾਫ਼ੀ ਪਿਛਲੇ 75 ਸਾਲਾਂ ਦੌਰਾਨ ‘ਦਰੁਸਤ ਨਹੀਂ’ ਕੀਤੀ ਗਈ। ਊਨ੍ਹਾਂ ਕਿਹਾ ਕਿ ਇਸ ਕਰਕੇ ਵਿਸ਼ਵ ਲਈ ਇਹ ਜ਼ਰੂਰੀ ਹੈ ਕਿ ਊਹ ਭਾਰਤ ਵਲੋਂ ਦਿੱਤੇ ਯੋਗਦਾਨ ਦਾ ਅਹਿਸਾਸ ਕਰੇ ਅਤੇ ਬੀਤੇ ਨੂੰ ਦਰੁਸਤ ਕਰੇ।

Previous articleRajnath hails India-Russia ‘privileged strategic partnership’
Next articleJ&K Lt Governor reviews Amarnath Yatra preparedness