ਜੈਸ਼ੰਕਰ ਤੇ ਬਲਿੰਕਨ ਦੀ ਲੰਡਨ ’ਚ ਮੁਲਾਕਾਤ

ਲੰਡਨ/ਵਾਸ਼ਿੰਗਟਨ (ਸਮਾਜ ਵੀਕਲੀ) : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਆਪਣੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨਾਲ ਪਹਿਲੀ ਵਾਰ ਵਿਅਕਤੀਗਤ ਤੌਰ ’ਤੇ ਮੁਲਾਕਾਤ ਕੀਤੀ ਤੇ ਕੋਵਿਡ ਨਾਲ ਨਜਿੱਠਣ ਦੇ ਢੰਗ-ਤਰੀਕਿਆਂ ’ਤੇ ਵਿਚਾਰ ਕੀਤਾ ਗਿਆ। ਇਸ ਤੋਂ ਇਲਾਵਾ ਭਾਰਤੀ-ਪ੍ਰਸ਼ਾਂਤ ਖੇਤਰ ਦੀ ਸਥਿਤੀ ਤੇ ਕਈ ਹੋਰ ਮੰਚਾਂ ’ਤੇ ਰਣਨੀਤਕ ਆਪਸੀ ਸਹਿਯੋਗ ਬਾਰੇ ਵਿਚਾਰ-ਵਟਾਂਦਰਾ ਹੋਇਆ। ਜੈਸ਼ੰਕਰ ਯੂਕੇ ਦੇ ਦੌਰੇ ਉਤੇ ਹਨ ਜਿੱਥੇ ਜੀ7 ਵਿਦੇਸ਼ ਮੰਤਰੀਆਂ ਦੀ ਬੈਠਕ ਚੱਲ ਰਹੀ ਹੈ। ਮਹਾਮਾਰੀ ਨਾਲ ਨਜਿੱਠਣ ’ਚ ਸਹਿਯੋਗ ਕਰਨ ਲਈ ਜੈਸ਼ੰਕਰ ਨੇ ਬਲਿੰਕਨ ਦਾ ਸ਼ੁਕਰੀਆ ਅਦਾ ਕੀਤਾ।

ਦੋਵਾਂ ਆਗੂਆਂ ਨੇ ਜਲਵਾਯੂ ਤਬਦੀਲੀ, ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਤੇ ਮਿਆਂਮਾਰ ਦੇ ਮੁੱਦੇ ਉਤੇ ਵੀ ਚਰਚਾ ਕੀਤੀ। ਚਰਚਾ ਦਾ ਕੇਂਦਰ ਕਰੋਨਾ ਨਾਲ ਜੁੜੀਆਂ ਚੁਣੌਤੀਆਂ ਹੀ ਰਹੀਆਂ, ਖਾਸ ਤੌਰ ’ਤੇ ਆਕਸੀਜਨ ਤੇ ਰੈਮਡੇਸਿਵਿਰ ਦੀ ਸਪਲਾਈ ਨੂੰ ਦੋਵਾਂ ਆਗੂਆਂ ਨੇ ਵਿਸਤਾਰ ਵਿਚ ਵਿਚਾਰਿਆ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਦੋਵਾਂ ਆਗੂਆਂ ਨੇ ਕੋਵਿਡ ਨੂੰ ਖ਼ਤਮ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕੀਤੀ।

ਇਸ ਦੇ ਨਾਲ ਹੀ ਦੋਵਾਂ ਨੇ ਆਲਮੀ ਪੱਧਰ ਉਤੇ ਰਣਨੀਤਕ ਭਾਈਵਾਲੀ ਦੇ ਕਈ ਪੱਖ ਵੀ ਵਿਚਾਰੇ। ਬਲਿੰਕਨ ਨੇ ਜਲਵਾਯੂ ਸੰਕਟ ਨਾਲ ਨਜਿੱਠਣ ਵਿਚ ਭਾਰਤ ਦੀ ਭੂਮਿਕਾ ਤੇ ਇਸ ਵੱਲੋਂ ਭਾਰਤ-ਪ੍ਰਸ਼ਾਂਤ ਖਿੱਤੇ ਵਿਚ ਮੋਹਰੀ ਰੋਲ ਅਦਾ ਕਰਨ ਨੂੰ ਉਭਾਰਿਆ। ਜੈਸ਼ੰਕਰ ਨੇ ਦੱਸਿਆ ਕਿ ਮੁਲਾਕਾਤ ਵਿਚ ਟੀਕਾਕਰਨ ਸਮਰੱਥਾ ਦਾ ਆਲਮੀ ਪੱਧਰ ਉਤੇ ਵਿਸਤਾਰ ਕਰਨ ਬਾਰੇ ਵੀ ਚਰਚਾ ਹੋਈ। ਬਲਿੰਕਨ ਨੇ ਭਾਰਤ ਵੱਲੋਂ ਅਮਰੀਕਾ ਦੀ ਮੁਸ਼ਕਲ ਵੇਲੇ ਕੀਤੀ ਮਦਦ ਦਾ ਵੀ ਜ਼ਿਕਰ ਕੀਤਾ। ਅਮਰੀਕਾ ਤੋਂ ਜਲਦੀ ਹੀ ਮੈਡੀਕਲ ਮਦਦ ਦੀ ਅਗਲੀ ਖੇਪ ਭਾਰਤ ਪਹੁੰਚੇਗੀ। ਇਸ ਵਿਚ ਰੈਮਡੇਸਿਵਿਰ ਦੀ ਸਪਲਾਈ ਵਧਾਈ ਜਾਵੇਗੀ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਰਮ ਇੰਸਟੀਚਿਊਟ ਸਣੇ ਕਈ ਕੰਪਨੀਆਂ ਕਰਨਗੀਆਂ ਯੂਕੇ ’ਚ ਨਿਵੇਸ਼
Next articleਭਾਰਤ-ਬਰਤਾਨੀਆ ਨੇ ਰਣਨੀਤਕ ਭਾਈਵਾਲੀ ਲਈ ਰੋਡਮੈਪ-2030 ਨੂੰ ਦਿੱਤੀ ਮਨਜ਼ੂਰੀ