ਜੇਐੱਨਯੂ: ਸੰਸਦ ਵੱਲ ਮਾਰਚ ਕਰਦੇ ਵਿਦਿਆਰਥੀਆਂ ’ਤੇ ਲਾਠੀਚਾਰਜ

ਪੁਲੀਸ ਕਾਰਵਾਈ ’ਚ ਕਈ ਵਿਦਿਆਰਥੀ ਜ਼ਖ਼ਮੀ; ਪ੍ਰਧਾਨ ਸਣੇ ਸੌ ਵਿਦਿਆਰਥੀ ਹਿਰਾਸਤ ’ਚ ਲਏ

* ਸਾਥੀਆਂ ਦੀ ਰਿਹਾਈ ਲਈ ਸਫ਼ਦਰਜੰਗ ਨੇੜੇ ਧਰਨੇ ’ਤੇ ਬੈਠੇ ਵਿਦਿਆਰਥੀ
* ਵਧਾਈ ਫੀਸ ਵਾਪਸ ਲਏ ਜਾਣ ਦੀ ਕੀਤੀ ਜਾ ਰਹੀ ਹੈ ਮੰਗ
* ਤਿੰਨ ਸਟੇਸ਼ਨਾਂ ’ਤੇ ਮੈਟਰੋ ਸੇਵਾਵਾਂ ਚਾਰ ਘੰਟੇ ਮਗਰੋਂ ਬਹਾਲ ਹੋਈਆਂ
* ਕਈ ਥਾਵਾਂ ’ਤੇ ਲੱਗੇ ਵੱਡੇ ਵੱਡੇ ਜਾਮ

ਨਵੀਂ ਦਿੱਲੀ– ਹੋਸਟਲ ਫੀਸ ’ਚ ਵਾਧੇ ਦਾ ਵਿਰੋਧ ਕਰ ਰਹੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਦੇ ਹਜ਼ਾਰਾਂ ਵਿਦਿਆਰਥੀਆਂ ਵੱਲੋਂ ਅੱਜ ਸੰਸਦ ਵੱਲ ਮਾਰਚ ਕੱਢਿਆ ਗਿਆ ਤਾਂ ਪੁਲੀਸ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਲਾਠੀਚਾਰਜ ਕਰ ਦਿੱਤਾ। ਲਾਠੀਚਾਰਜ ’ਚ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ।
ਇਸ ਦੌਰਾਨ ਪੁਲੀਸ ਨੇ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ ਘੋਸ਼ ਸਮੇਤ ਕਰੀਬ 100 ਵਿਦਿਆਰਥੀਆਂ ਨੂੰ ਹਿਰਾਸਤ ’ਚ ਲੈ ਲਿਆ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀ ਸਫ਼ਦਰਜੰਗ ਮਕਬਰੇ ਦੇ ਬਾਹਰ ਸੜਕ ’ਤੇ ਬੈਠ ਗਏ ਅਤੇ ਉਨ੍ਹਾਂ ਫੜੇ ਗਏ ਵਿਦਿਆਰਥੀਆਂ ਦੀ ਰਿਹਾਈ ਅਤੇ ਮਨੁੱਖੀ ਵਸੀਲਿਆਂ ਬਾਰੇ ਵਿਕਾਸ (ਐੱਚਆਰਡੀ) ਮੰਤਰਾਲੇ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਮੰਗ ਰੱਖੀ। ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਵਿਦਿਆਰਥੀ ਆਗੂਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਕਾਨੂੰਨ ਆਪਣੇ ਹੱਥਾਂ ’ਚ ਨਾ ਲੈਣ। ਵਿਦਿਆਰਥੀਆਂ ਦੇ ਸੰਸਦ ਵੱਲ ਮਾਰਚ ਕੱਢਣ ਕਰਕੇ ਲੁਟੀਅਨਜ਼ ਦਿੱਲੀ ਦੇ ਕੁਝ ਹਿੱਸਿਆਂ ’ਚ ਆਵਾਜਾਈ ਪ੍ਰਭਾਵਿਤ ਰਹੀ। ਨੈਲਸਨ ਮੰਡੇਲਾ ਮਾਰਗ, ਅਰਬਿੰਦੋ ਮਾਰਗ ਅਤੇ ਬਾਬਾ ਗੰਗਾਨਾਥ ਮਾਰਗ ’ਤੇ ਵਾਹਨ ਹੌਲੀ ਰਫ਼ਤਾਰ ਨਾਲ ਅੱਗੇ ਵਧ ਰਹੇ ਸਨ। ਵਿਦਿਆਰਥੀਆਂ ਦੇ ਮਾਰਚ ਨੂੰ ਦੇਖਦਿਆਂ ਅਧਿਕਾਰੀਆਂ ਨੇ ਸੰਸਦ ਨੇੜੇ ਦਿੱਲੀ ਮੈਟਰੋ ਦੇ ਤਿੰਨ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ। ਡੀਐੱਮਆਰਸੀ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਪੁਲੀਸ ਦੀ ਸਲਾਹ ’ਤੇ ਮੈਟਰੋ ਉਦਯੋਗ ਭਵਨ, ਪਟੇਲ ਚੌਕ ਅਤੇ ਕੇਂਦਰੀ ਸਕੱਤਰੇਤ ’ਤੇ ਨਹੀਂ ਰੁਕ ਰਹੀਆਂ ਹਨ। ਚਾਰ ਘੰਟਿਆਂ ਬਾਅਦ ਮੈਟਰੋ ਸੇਵਾਵਾਂ ਬਹਾਲ ਹੋ ਗਈਆਂ।
ਵਿਦਿਆਰਥੀਆਂ ਨੇ ਟਵਿੱਟਰ ’ਤੇ ‘ਹੈਸ਼ਟੈਗ ਐਮਰਜੈਂਸੀਇਨਜੇਐੱਨਯੂ’ ਰਾਹੀਂ ਮਾਰਚ ਅਤੇ ਪੁਲੀਸ ਲਾਠੀਚਾਰਜ ’ਚ ਜ਼ਖ਼ਮੀ ਹੋਏ ਵਿਦਿਆਰਥੀਆਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਵਧਾਈ ਗਈ ਫੀਸ ਦੇ ਫ਼ੈਸਲੇ ਨੂੰ ਵਾਪਸ ਲੈਣ ਦੀ ਮੰਗ ਕਰਦਿਆਂ ਵਿਦਿਆਰਥੀਆਂ ਨੇ ਹੱਥਾਂ ’ਚ ਤਖ਼ਤੀਆਂ ਫੜੀਆਂ ਹੋਈਆਂ ਸਨ ਅਤੇ ਉਹ ਨਾਅਰੇਬਾਜ਼ੀ ਕਰ ਰਹੇ ਸਨ। ਵਿਦਿਆਰਥੀਆਂ ਨੂੰ ਕੰਟਰੋਲ ਕਰਨ ਲਈ ਪੁਲੀਸ ਨੂੰ ਮੁਸ਼ੱਕਤ ਕਰਨੀ ਪਈ ਜੋ ਉਨ੍ਹਾਂ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ।
ਜੇਐੱਨਯੂ ਸਟੂਡੈਂਟਸ ਯੂਨੀਅਨ ਦੇ ਮੀਤ ਪ੍ਰਧਾਨ ਸਾਕੇਤ ਮੂਨ ਨੇ ਕਿਹਾ ਕਿ ਐੱਚਆਰਡੀ ਮੰਤਰਾਲੇ ਗ਼ੈਰਕਾਨੂੰਨੀ ਖਰੜੇ ਆਈਐੱਚਏ ਮੈਨੂਅਲ ਅਤੇ ਕਾਰਜਕਾਰੀ ਪ੍ਰੀਸ਼ਦ ਦੇ ਫ਼ੈਸਲਿਆਂ ਨੂੰ ਵਾਪਸ ਲਵੇ। ਉਨ੍ਹਾਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਮੰਤਰਾਲੇ ਦੀ ਕਮੇਟੀ ’ਚ ਸ਼ਾਮਲ ਕਰਨ ਲਈ ਕਿਹਾ। ਮੰਤਰਾਲੇ ਦੇ ਅਧਿਕਾਰੀਆਂ ਨਾਲ ਬੈਠਕ ਬਾਰੇ ਸਾਕੇਤ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਸਾਥੀਆਂ ਨੂੰ ਰਿਹਾਅ ਨਹੀਂ ਕਰ ਦਿੱਤਾ ਜਾਂਦਾ, ਉਹ ਵਫ਼ਦ ਨਹੀਂ ਭੇਜਣਗੇ। ਪ੍ਰਧਾਨ ਆਇਸ਼ ਘੋਸ਼ ਨੇ ਕਿਹਾ ਕਿ ਪੁਲੀਸ ਸਮਝਦੀ ਹੈ ਕਿ ਦੋ ਅਹੁਦੇਦਾਰਾਂ ਨੂੰ ਫੜ ਕੇ ਉਨ੍ਹਾਂ ਦਾ ਅੰਦੋਲਨ ਖ਼ਤਮ ਹੋ ਜਾਵੇਗਾ ਪਰ ਉਹ ਨਹੀਂ ਜਾਣਦੇ ਕਿ ਹਰ ਵਿਦਿਆਰਥੀ ਆਗੂ ਹੈ। ‘ਅਸੀਂ ਸਾਰੇ ਇਕੱਠੇ ਲੜ ਰਹੇ ਹਾਂ। ਦਿੱਲੀ ਪੁਲੀਸ ਘਬਰਾ ਗਈ ਹੈ। ਮੰਗਾਂ ਮੰਨੇ ਜਾਣ ਤੱਕ ਸਾਡਾ ਅੰਦੋਲਨ ਜਾਰੀ ਰਹੇਗਾ।’ ਉਨ੍ਹਾਂ ਸਵਾਲ ਕੀਤਾ ਕਿ ਵਿਦਿਆਰਥਣਾਂ ਨੂੰ ਮਰਦ ਪੁਲੀਸ ਮੁਲਾਜ਼ਮਾਂ ਨੇ ਕਿਉਂ ਫੜਿਆ। ਵਿਦਿਆਰਥੀ ਯੂਨੀਅਨ ਦੇ ਸਕੱਤਰ ਸਤੀਸ਼ ਚੰਦਰ ਯਾਦਵ ਨੇ ਕਿਹਾ ਕਿ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਉਹ ਐੱਚਆਰਡੀ ਮੰਤਰਾਲੇ ਕੋਲ ਇਹ ਮੰਗ ਉਠਾਉਣਗੇ। ਪਿਛਲੇ ਤਿੰਨ ਹਫ਼ਤਿਆਂ ਤੋਂ ਯੂਨੀਵਰਸਿਟੀ ਅੰਦਰ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਜਦੋਂ ਆਪਣੀਆਂ ਮੰਗਾਂ ਪੂਰੀਆਂ ਨਾ ਹੁੰਦੀਆਂ ਦੇਖੀਆਂ ਤਾਂ ਉਨ੍ਹਾਂ ਸੰਸਦ ਮੈਂਬਰਾਂ ਦਾ ਧਿਆਨ ਖਿੱਚਣ ਲਈ ਅੱਜ ਰੋਸ ਮਾਰਚ ਕੱਢਿਆ। ਸੈਂਕੜੇ ਪੁਲੀਸ ਮੁਲਾਜ਼ਮਾਂ ਨੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਗੇਟ ਤੋਂ ਮਸਾਂ 600 ਮੀਟਰ ਦੀ ਦੂਰੀ ’ਤੇ ਬਾਬਾ ਗੰਗਾਨਾਥ ਮਾਰਗ ’ਤੇ ਰੋਕ ਲਿਆ ਸੀ ਪਰ ਸ਼ੁਰੂ ’ਚ ਪੁਲੀਸ ਨੇ ਜੇਐੱਨਯੂ ਦੇ ਗੇਟ ਬਾਹਰ ਲੱਗੇ ਅੜਿੱਕਿਆਂ ਨੂੰ ਹਟਾ ਲਿਆ ਗਿਆ ਸੀ ਅਤੇ ਵਿਦਿਆਰਥੀਆਂ ਨੂੰ ਮਾਰਚ ਕੱਢਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਵਿਦਿਆਰਥੀਆਂ ਨੇ ਹੱਥਾਂ ’ਚ ‘ਸਰਕਾਰੀ ਸਿੱਖਿਆ ਬਚਾਉਣ’, ‘ਫੀਸਾਂ ਘਟਾਉਣ’ ਅਤੇ ‘ਸਾਰਿਆਂ ਲਈ ਸਸਤੇ ਹੋਸਟਲ ਯਕੀਨੀ ਬਣਾਉਣ’ ਦੇ ਨਾਅਰਿਆਂ ਵਾਲੇ ਬੈਨਰ ਫੜੇ ਹੋਏ ਸਨ। ਇਕ ਵਿਦਿਆਰਥੀ ਨੇ ਦੋਸ਼ ਲਾਇਆ ਕਿ ਉਨ੍ਹਾਂ ਵਾਈਸ ਚਾਂਸਲਰ ਨੂੰ ਲੰਬੇ ਸਮੇਂ ਤੋਂ ਨਹੀਂ ਦੇਖਿਆ ਹੈ। ਉਸ ਨੇ ਕਿਹਾ ਕਿ ਵੀਸੀ ਨੂੰ ਵਿਦਿਆਰਥੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਜੇਐੱਨਯੂ ਟੀਚਰਜ਼ ਐਸੋਸੀਏਸ਼ਨ ਨੇ ਯੂਨੀਵਰਸਿਟੀ ਕੈਂਪਸ ਦੇ ਮੌਜੂਦਾ ਹਾਲਾਤ ’ਤੇ ਚਿੰਤਾ ਜਤਾਈ ਹੈ।

Previous articleIndia targets $26 bn defence industry by 2025: Rajnath
Next articleਸਦਨ ’ਚ ਫ਼ਾਰੂਕ ਦੀ ਗੈਰਮੌਜੂਦਗੀ ਦਾ ਮੁੱਦਾ ਗੂੰਜਿਆ