ਜੇਐੱਨਯੂ: ਵਿਦਿਆਰਥੀਆਂ ਖ਼ਿਲਾਫ਼ ਕੇਸ ਦਰਜ

* ਪ੍ਰੈੱਸ ਕਾਨਫਰੰਸ ਦੌਰਾਨ ਵਿਦਿਆਰਥੀਆਂ ਤੇ ਮੀਡੀਆ ਵਿਚਾਲੇ ਧੱਕਾਮੁੱਕੀ

ਨਵੀਂ ਦਿੱਲੀ- ਹੋਸਟਲ ਫੀਸਾਂ ਵਿੱਚ ਵਾਧੇ ਨੂੰ ਲੈ ਕੇ ਬੀਤੇ ਦਿਨ ਕੀਤੇ ਗਏ ਰੋਸ ਮੁਜ਼ਾਹਰੇ ਦੌਰਾਨ ਪੁਲੀਸ ਨਾਲ ਹੋਈਆਂ ਝੜਪਾਂ ਦੇ ਮਾਮਲੇ ’ਚ ਜੇਐੱਨਯੂ ਦੇ ਵਿਦਿਆਰਥੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਗਏ ਹਨ ਜਦਕਿ ਦੂਜੇ ਪਾਸੇ ਯੂਨੀਵਰਸਿਟੀ ਮਾਮਲੇ ਸਬੰਧੀ ਰੱਖੀ ਪ੍ਰੈੱਸ ਕਾਨਫਰੰਸ ਦੌਰਾਨ ਵਿਦਿਆਰਥੀਆਂ ਤੇ ਪੱਤਰਕਾਰਾਂ ਵਿਚਾਲੇ ਝੜਪ ਹੋ ਗਈ।
ਦਿੱਲੀ ਪੁਲੀਸ ਅਨੁਸਾਰ ਦੋਵੇਂ ਕੇਸ ਵੱਖ ਵੱਖ ਥਾਣਿਆਂ ’ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਗਏ ਹਨ। ਦਿੱਲੀ ਪੁਲੀਸ ਦੇ ਬੁਲਾਰੇ ਅਨਿਲ ਮਿੱਤਲ ਨੇ ਦੱਸਿਆ, ‘ਇੱਕ ਐੱਫਆਈਆਰ ਕਿਸ਼ਨਗੜ੍ਹ ਥਾਣੇ ਜਦਕਿ ਦੂਜੀ ਲੋਧੀ ਕਲੋਨੀ ’ਚ ਦਰਜ ਕੀਤੀ ਗਈ ਹੈ।’ ਦੋਵਾਂ ਕੇਸ ਵਿੱਚ ਤਕਰੀਬਨ ਇੱਕੋ ਜਿਹੀਆਂ ਧਾਰਾਵਾਂ ਲਾਈਆਂ ਗਈਆਂ ਹਨ। ਇਨ੍ਹਾਂ ’ਚ ਧਾਰਾ 144 ਦੀ ਉਲੰਘਣਾ, ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ’ਚ ਅੜਿੱਕਾ ਪਾਉਣ ਤੇ ਸਰਕਾਰੀ ਮੁਲਾਜ਼ਮਾਂ ਨਾਲ ਧੱਕਾਮੁੱਕੀ ਕਰਨ ਨਾਲ ਸਬੰਧਤ ਧਾਰਾਵਾਂ ਸ਼ਾਮਲ ਹਨ। ਮਿੱਤਲ ਨੇ ਕਿਹਾ ਕਿ ਵਿਦਿਆਰਥੀਆਂ ’ਤੇ ਲਾਠੀਚਾਰਜ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਯੂਨੀਵਰਸਿਟੀ ਵਿਵਾਦ ਨੂੰ ਲੈ ਕੇ ਰੱਖੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਜੇਐੱਨਯੂ ਦੇ ਵਿਦਿਆਰਥੀਆਂ ਤੇ ਟੀਵੀ ਪੱਤਰਕਾਰਾਂ ਵਿਚਾਲੇ ਧੱਕਾਮੁੱਕੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਮੈਂਬਰਾਂ ਨੇ ਬੀਤੇ ਦਿਨ ਸੰਸਦ ਵੱਲ ਮਾਰਚ ਸਬੰਧੀ ਪ੍ਰੈੱਸ ਕਾਨਫਰੰਸ ਸੱਦੀ ਸੀ ਤੇ ਇਸ ਦੌਰਾਨ ਉਹ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਨੂੰ ਲੈ ਕੇ ਨਾਰਾਜ਼ ਹੋ ਗਏ। ਇਸ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਪਹਿਲਾਂ ਬਹਿਸ ਹੋ ਗਈ ਜੋ ਬਾਅਦ ਵਿੱਚ ਧੱਕਾਮੁੱਕੀ ਵਿੱਚ ਬਦਲ ਗਈ। ਇਸ ਘਟਨਾ ਤੋਂ ਬਾਅਦ ਪ੍ਰੈੱਸ ਕਾਨਫਰੰਸ ਬੰਦ ਕਰ ਦਿੱਤੀ ਗਈ।

Previous articleBig ticket strategic sale of BPCL, CONCOR, SCI, among others
Next articleCCEA approves 2 year moratorium on spectrum auction dues