ਜਿਨਸੀ ਸ਼ੋਸ਼ਣ: ਪੁਲੀਸ ਨੇ ਪੀੜਤ ਡਾਕਟਰ ਨੂੰ ਹਿਰਾਸਤ ’ਚ ਲਿਆ

ਫ਼ਰੀਦਕੋਟ- ਪਿਛਲੇ ਵੀਹ ਦਿਨਾਂ ਤੋਂ ਇਨਸਾਫ਼ ਲਈ ਧਰਨੇ ’ਤੇ ਬੈਠੀ ਜਿਨਸੀ ਸ਼ੋਸ਼ਣ ਪੀੜਤ ਔਰਤ ਡਾਕਟਰ ਅੱਜ ਸਵੇਰੇ ਪੁਲੀਸ ਨੂੰ ਚਕਮਾ ਦੇ ਕੇ ਅੱਧੀ ਦਰਜਨ ਸਾਥਣਾਂ ਸਮੇਤ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਦਾਖ਼ਲ ਹੋ ਗਈ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਯੂਨੀਵਰਸਿਟੀ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨੇ ’ਤੇ ਬੈਠ ਗਈਆਂ।
ਸੂਚਨਾ ਮਿਲਣ ’ਤੇ ਪੁਲੀਸ ਨੇ ਧਰਨੇ ਵਾਲੀ ਥਾਂ ਨੂੰ ਘੇਰਾ ਪਾ ਲਿਆ ਅਤੇ ਪੀੜਤ ਡਾਕਟਰ ਸਮੇਤ ਛੇ ਲੜਕੀਆਂ ਨੂੰ ਕਥਿਤ ਤੌਰ ’ਤੇ ਜ਼ਬਰਦਸਤੀ ਚੁੱਕ ਕੇ ਥਾਣਾ ਸਿਟੀ ਫ਼ਰੀਦਕੋਟ ਲੈ ਗਏ ਅਤੇ ਕਰੀਬ ਦੋ ਘੰਟਿਆਂ ਬਾਅਦ ਉਨ੍ਹਾਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ। ਜਾਂਚ ਕਮੇਟੀ ਨੇ 2 ਦਸੰਬਰ ਤੱਕ ਜਾਂਚ ਮੁਕੰਮਲ ਕਰਨੀ ਸੀ ਪਰ ਅਜੇ ਤੱਕ ਇਹ ਜਾਂਚ ਕਿਸੇ ਸਿਰੇ ਨਹੀਂ ਲੱਗ ਸਕੀ। ਪੀੜਤ ਡਾਕਟਰ ਨੇ ਕਿਹਾ ਕਿ ਪ੍ਰਸ਼ਾਸਨ ਬਹਾਨੇ ਬਣਾ ਕੇ ਮੁਲਜ਼ਮ ਡਾਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਪੁਲੀਸ ਨੇ ਉਸ ਨੂੰ ਕਥਿਤ ਧਮਕੀ ਦਿੱਤੀ ਕਿ ਜੇ ਉਹ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਵਾਉਣ ਦੀ ਮੰਗ ਤੋਂ ਪਿੱਛੇ ਨਹੀਂ ਹਟਦੀ ਤਾਂ ਉਸ ਦੀ ਨੌਕਰੀ ਨੂੰ ਵੀ ਖ਼ਤਰਾ ਹੋ ਸਕਦਾ ਹੈ।
ਇਸੇ ਦੌਰਾਨ ਜਿਨਸੀ ਸ਼ੋਸ਼ਣ ਵਿਰੁੱਧ ਐਕਸ਼ਨ ਕਮੇਟੀ ਦੇ ਆਗੂ ਰਜਿੰਦਰ ਸਿੰਘ, ਅਸ਼ੋਕ ਕੌਸ਼ਲ, ਜਤਿੰਦਰ ਸਿੰਘ, ਕੇਸ਼ਵ ਆਜ਼ਾਦ, ਸਾਹਿਲਦੀਪ ਸਿੰਘ, ਜਗਰੂਪ ਕੌਰ, ਹਰਵੀਰ ਕੌਰ ਅਤੇ ਲਾਲ ਸਿੰਘ ਗੋਲੇਵਾਲਾ ਨੇ ਕਿਹਾ ਕਿ ਪੀੜਤ ਔਰਤ ਡਾਕਟਰ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਭਰ ਦੀਆਂ ਜਥੇਬੰਦੀਆਂ 7 ਦਸੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਨਗੀਆਂ।

Previous articleDemi Lovato denies breaking sobriety with margaritas, weed
Next articleਡਾਕ ਘਰ ਦਾ ਨਾਂ ਸੰਦੀਪ ਧਾਲੀਵਾਲ ਨੂੰ ਸਮਰਪਿਤ ਕਰਨ ਬਾਰੇ ਬਿੱਲ ਪੇਸ਼