ਜਿਣਸਾਂ ਦਾ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗਾ: ਤੋਮਰ

ਚੰਡੀਗੜ੍ਹ (ਸਮਾਜਵੀਕਲੀ): ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਅੱਜ ਕਿਸਾਨਾਂ ਦੇ ਤੌਖ਼ਲੇ ਦੂਰ ਕਰਦੇ ਹੋਏ ਕਿਹਾ ਕਿ ਦੇਸ਼ ’ਚ ਜਿਣਸਾਂ ਦਾ ਘੱਟੋ-ਘੱਟ ਸਮਰਥਨ ਮੁੱਲ ਜਾਰੀ ਰਹੇਗਾ। ਤੋਮਰ ਨੇ ਕਿਹਾ ਕਿ ਖੇਤੀ ਸੁਧਾਰਾਂ ਲਈ ਪਾਸ ਕੀਤੇ ਆਰਡੀਨੈਂਸ ਕਿਸਾਨ ਵਿਰੋਧੀ ਨਹੀਂ ਹਨ ਅਤੇ ਨਾ ਹੀ ਸੰਘੀ ਢਾਂਚੇ ਨੂੰ ਕੋਈ ਢਾਹ ਲਾਉਣ ਵਾਲੇ ਹਨ। ਖੇਤੀ ਮੰਤਰੀ ਨੇ ਪੰਜਾਬ ਦੇ ਮੀਡੀਆ ਨਾਲ ਵੀਡੀਓ ਕਾਨਫਰੰਸ ਦੌਰਾਨ ਕਿਹਾ ਕਿ ਖੇਤੀ ਸੁਧਾਰ ਤਾਂ ਕਿਸਾਨੀ ਨੂੰ ਮਜ਼ਬੂਤ ਕਰਨ ਵਾਲੇ ਹਨ ਅਤੇ ਸੂਬਿਆਂ ਦੇ ਮੰਡੀਕਰਨ ਢਾਂਚੇ ਨੂੰ ਇਹ ਕਿਸੇ ਰੂਪ ਵਿਚ ਪ੍ਰਭਾਵਿਤ ਨਹੀਂ ਕਰਨਗੇ।

ਉਨ੍ਹਾਂ ਕਿਹਾ ਕਿ ਕਿਸਾਨ ਹੁਣ ਸਨਅਤਕਾਰਾਂ ਵਾਂਗ ਆਪਣੀ ਪੈਦਾਵਾਰ ਕਿਸੇ ਵੀ ਮੁੱਲ ’ਤੇ ਅਤੇ ਕਿਸੇ ਵੀ ਸਥਾਨ ’ਤੇ ਵੇਚ ਸਕਣਗੇ।

ਉਨ੍ਹਾਂ ਕਿਹਾ ਕਿ ਆਰਡੀਨੈਂਸ ਜਾਰੀ ਕਰਨ ਲਈ ਕੇਂਦਰ ਨੂੰ ਸਮਵਰਤੀ ਸੂਚੀ ਵਿਚ ਅਧਿਕਾਰ ਮਿਲੇ ਹੋਏ ਹਨ ਅਤੇ ਇਹ ਕਿਸੇ ਵੀ ਤਰ੍ਹਾਂ ਸੰਘੀ ਢਾਂਚੇ ਨੂੰ ਪ੍ਰਭਾਵਿਤ ਨਹੀਂ ਕਰਦੇ ਹਨ ਬਲਕਿ ਮਜ਼ਬੂਤ ਕਰਦੇ ਹਨ। ਉਨ੍ਹਾਂ ਇੱਕ ਸੁਆਲ ਦੇ ਜੁਆਬ ਵਿਚ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਮੀਟਿੰਗ ਵਿਚ ਇਹ ਮਾਮਲਾ ਉਠਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਗਿਆ ਸੀ।

ਤੋਮਰ ਨੇ ਕਿਹਾ ਕਿ ਸੂਬਿਆਂ ਨੂੰ ਮੰਡੀਆਂ ਤੋਂ ਹੁੰਦੀ ਆਮਦਨ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮੰਡੀ ਖੇਤਰ ਤੋਂ ਬਾਹਰਲਾ ਵਿਅਕਤੀ ਆਪਣੇ ਪੈਨ ਕਾਰਡ ਦੇ ਅਧਾਰ ’ਤੇ ਫ਼ਸਲ ਖਰੀਦ ਸਕੇਗਾ, ਉਸ ਨੂੰ ਮੰਡੀ ਲਾਇਸੈਂਸ ਦੀ ਲੋੜ ਨਹੀਂ ਪਵੇਗੀ। ਫ਼ਸਲ ਖਰੀਦ ਵਿਚ ਮੁਕਾਬਲੇ ਦਾ ਫਾਇਦਾ ਸਿੱਧੇ ਤੌਰ ’ਤੇ ਕਿਸਾਨ ਨੂੰ ਹੋਵੇਗਾ।

Previous articleਗਰਮਖਿਆਲੀਆਂ ਅਤੇ ਪੁਲੀਸ ਵਿਚਾਲੇ ਖਿੱਚ-ਧੂਹ
Next articleਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੈਟਿਕ ਪਾਰਟੀ ਦੇ ਊਮੀਦਵਾਰ ਬਣੇ ਬਿਡੇਨ