ਜਾਧਵ ਸਬੰਧੀ ਕੌਮਾਂਤਰੀ ਨਿਆਂ ਅਦਾਲਤ ਦੇ ਫ਼ੈਸਲੇ ਦਾ ਪਾਲਣ ਕੀਤਾ: ਪਾਕਿ

ਇਸਲਾਮਾਮਬਾਦ (ਸਮਾਜਵੀਕਲੀ) –ਪਾਕਿਸਤਾਨ ਨੇ ਅੱਜ ਕਿਹਾ ਹੈ ਕਿ ਉਸ ਨੇ ਕੁਲਭੂਸ਼ਣ ਜਾਧਵ ਕੇਸ ਵਿੱਚ ਕੌਮਾਂਤਰੀ ਨਿਆਂ ਅਦਾਲਤ ਦੇ ਫ਼ੈਸਲੇ ਦਾ ਪੂਰੀ ਤਰ੍ਹਾਂ ਪਾਲਣ ਕੀਤਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਭਾਰਤ ਦੇ ਵਕੀਲ ਨੇ ਕਿਹਾ ਸੀ ਕਿ ਨਵੀਂ ਦਿੱਲੀ ਨੂੰ ਆਸ ਸੀ ਕਿ ਉਹ ਮੌਤ ਦੀ ਸਜ਼ਾ ਪ੍ਰਾਪਤ ਜਾਧਵ ਨੂੰ ਰਿਹਾਅ ਕਰਵਾਉਣ ਲਈ ਇਸਲਾਮਾਬਾਦ ਨੂੰ ‘ਗੈਰ-ਰਸਮੀ ਤਰੀਕਿਆਂ’ ਨਾਲ ਮਨਾ ਲੈਣਗੇ।

ਭਾਰਤੀ ਜਲ ਸੈਨਾ ਦੇ 49 ਸਾਲਾ ਸੇਵਾਮੁਕਤ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਅਪਰੈਲ 2017 ਵਿੱਚ ‘ਜਾਸੂਸੀ ਤੇ ਅਤਿਵਾਦ’ ਦੇ ਦੋਸ਼ਾਂ ਤਹਿਤ ਪਾਕਿਤਸਾਨੀ ਮਿਲਟਰੀ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ। ਪਾਕਿਸਤਾਨ ਵੱਲੋਂ ਜਾਧਵ ਨੂੰ ਸਫ਼ਾਰਤੀ ਰਸਾਈ ਮੁਹੱਈਆ ਕਰਨ ਤੋਂ ਇਨਕਾਰ ਕੀਤੇ ਜਾਣ ਖ਼ਿਲਾਫ਼ ਅਤੇ ਜਾਧਵ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਚੁਣੌਤੀ ਦੇਣ ਲਈ ਭਾਰਤ ਨੇ ਕੁਝ ਹਫ਼ਤਿਆਂ ਬਾਅਦ ਕੌਮਾਂਤਰੀ ਨਿਆਂ ਅਦਾਲਤ ਵਿੱਚ ਪਹੁੰਚ ਕੀਤੀ ਸੀ।

ਹੇਗ ਸਥਿਤ ਕੌਮਾਂਤਰੀ ਨਿਆਂ ਅਦਾਲਤ ਵਿੱਚ ਜਾਧਵ ਕੇਸ ’ਚ ਭਾਰਤ ਦੇ ਪ੍ਰਮੁੱਖ ਵਕੀਲ ਹਰੀਸ਼ ਸਾਲਵੇ ਸਨ। ਅਦਾਲਤ ਨੇ ਪਿਛਲੇ ਸਾਲ ਜੁਲਾਈ ਵਿੱਚ ਫ਼ੈਸਲਾ ਸੁਣਾਇਆ ਸੀ ਕਿ ਪਾਕਿਸਤਾਨ ਨੂੰ ਜਾਧਵ ਦੀ ਸਜ਼ਾ ’ਤੇ ‘ਪ੍ਰਭਾਵੀ ਸਮੀਖਿਆ ਤੇ ਮੁੜ ਵਿਚਾਰ’ ਜ਼ਰੂਰ ਕਰਨਾ ਚਾਹੀਦਾ ਹੈ ਅਤੇ ਬਿਨਾਂ ਦੇਰੀ ਤੋਂ ਉਸ ਨੂੰ ਸਫ਼ਾਰਤੀ ਰਸਾਈ ਮੁਹੱਈਆ ਕੀਤੀ ਜਾਣੀ ਚਾਹੀਦੀ ਹੈ।

ਉਪਰੰਤ ਲੰਘੀ 3 ਮਈ ਨੂੰ ਲੰਡਨ ਤੋਂ ਆਨਲਾਈਨ ਗੱਲਬਾਤ ਦੌਰਾਨ ਭਾਰਤ ਦੇ ਵਕੀਲ ਸ੍ਰੀ ਸਾਲਵੇ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਹੁਣ ਅਸੀਂ ਅਜਿਹੇ ਮੋੜ ’ਤੇ ਪਹੁੰਚ ਗਏ ਹਾਂ ਜਿੱਥੇ ਸਾਨੂੰ ਫੈਸਲਾ ਲੈਣਾ ਹੋਵੇਗਾ ਕਿ ਨਤੀਜੇ ’ਤੇ ਪਹੁੰਚਣ ਸਬੰਧੀ ਹਦਾਇਤਾਂ ਜਾਰੀ ਕਰਵਾਉਣ ਲਈ ਸਾਨੂੰ ਮੁੜ ਤੋਂ ਕੌਮਾਂਤਰੀ ਨਿਆਂ ਅਦਾਲਤ ਵਿੱਚ ਪਹੁੰਚ ਕਰਨੀ ਚਾਹੀਦੀ ਹੈ ਕਿਉਂਕਿ ਪਾਕਿਸਤਾਨ ਅੱਗੇ ਨਹੀਂ ਵਧ ਰਿਹਾ ਹੈ।’’

ਸ੍ਰੀ ਸਾਲਵੇ ਦੀ ਟਿੱਪਣੀ ਦਾ ਜਵਾਬ ਦਿੰਦਿਆਂ ਪਾਕਿਤਸਾਨ ਵਿਦੇਸ਼ ਦਫ਼ਤਰ ਦੀ ਤਰਜਮਾਨ ਆਇਸ਼ਾ ਫਾਰੂਕੀ ਨੇ ਕਿਹਾ ਜਾਧਵ ਮਾਮਲੇ ’ਚ ਭਾਰਤੀ ਵਕੀਲ ਵੱਲੋਂ ਦਿੱਤੇ ਗਏ ਬਿਆਨ ’ਤੇ ਇਲਸਾਮਾਬਾਦ ਨੇ ਗੌਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਾਲਵੇ ਨੇ ਕੁਝ ਅਜਿਹੀਆਂ ਟਿੱਪਣੀਆਂ ਕੀਤੀਆਂ ਹਨ ਜੋ ਕੇਸ ਦੇ ਤੱਥਾਂ ਤੋਂ ਉਲਟ ਹਨ।

ਉਨ੍ਹਾਂ ਕਿਹਾ, ‘‘ਅਸੀਂ ਭਾਰਤੀ ਵਕੀਲ ਦੇ ਉਸ ਨਿਰਆਧਾਰ ਤੇ ਝੂਠੇ ਬਿਆਨ ਨੂੰ ਖਾਰਜ ਕਰਦੇ ਹਾਂ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਪਾਕਿਤਸਾਨ ਨੇ ਕੌਮਾਂਤਰੀ ਨਿਆਂ ਅਦਾਲਤ ਦੇ ਫ਼ੈਸਲੇ ਦੀ ਪਾਲਣਾ ਨਹੀਂ ਕੀਤੀ। ਪਾਕਿਸਤਾਨ ਨੇ ਫ਼ੈਸਲੇ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ ਅਤੇ ਕੇਸ ਜਿਵੇਂ-ਜਿਵੇਂ ਅੱਗੇ ਵਧੇਗਾ ਉਹ ਉਸੇ ਤਰ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਵਚਨਬੱਧ ਹੈ।’’

ਪਾਕਿਤਸਤਾਨ ਵਿਦੇਸ਼ ਦਫ਼ਤਰ ਦੀ ਤਰਜਮਾਨ ਨੇ ਕਿਹਾ ਕਿ ਪਾਕਿਸਤਾਨ ਨੇ ਜਾਧਵ ਨੂੰ ਸਫ਼ਾਰਤੀ ਰਸਾਈ ਦੀ ਮਨਜ਼ੂਰੀ ਦਿੱਤੀ ਅਤੇ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਮੁਤਾਬਕ ਸਜ਼ਾ ’ਤੇ ਮੁੜ ਵਿਚਾਰ ਕਰਨ ਲਈ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਇਕ ਜ਼ਿੰਮੇਵਾਰ ਮੁਲਕ ਹੋਣ ਦੇ ਨਾਤੇ ਪਾਕਿਸਤਾਨ ਸਾਰੇ ਕੌਮਾਂਤਰੀ ਫ਼ਰਜ਼ਾਂ ਨਾਲ ਬੱਝਿਆ ਹੋਇਆ ਹੈ।

Previous articleਅਦਾਕਾਰਾ ਜ਼ੋਯਾ ਮੋਰਾਨੀ ਵੱਲੋਂ ਪਲਾਜ਼ਮਾ ਦਾਨ
Next articleਪ੍ਰਧਾਨ ਮੰਤਰੀ ਗਰੀਬਾਂ ਅਤੇ ਲੋੜਵੰਦਾਂ ਦੀ ਬਾਂਹ ਫੜਨ: ਐਂਟੋਨੀ