ਜਾਧਵ ਮਾਮਲਾ: ਆਹਲੂਵਾਲੀਆ ਇਸਲਾਮਾਬਾਦ ਹਾਈ ਕੋਰਟ ’ਚ ਭਾਰਤ ਦਾ ਪੱਖ ਰੱਖਣ ਦੇ ਇੱਛੁਕ

ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨ ਦੇ ਵਕੀਲ ਨੇ ਇਸਲਾਮਾਬਾਦ ਹਾਈ ਕੋਰਟ ਨੂੰ ਦੱਸਿਆ ਹੈ ਕਿ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਮੌਤ ਦੀ ਸਜ਼ਾਯਾਫ਼ਤਾ ਕੈਦੀ ਕੁਲਭੂਸ਼ਣ ਜਾਧਵ ਨੂੰ ਵਕੀਲ ਮੁਹੱਈਆ ਕਰਵਾਉਣ ਸਬੰਧੀ ਭਾਰਤ ਦਾ ਪੱਖ ਤਫ਼ਸੀਲ ’ਚ ਰੱਖਣਾ ਚਾਹੁੰਦੇ ਹਨ।

ਰੋਜ਼ਨਾਮਚਾ ਡਾਅਨ ਨੇ ਆਪਣੀ ਇਕ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਭਾਰਤੀ ਹਾਈ ਕਮਿਸ਼ਨ ਦੇ ਬੈਰਿਸਟਰ ਸ਼ਾਹਨਵਾਜ਼ ਨੂਨ ਨੇ ਚੀਫ਼ ਜਸਟਿਸ ਅਤਹਰ ਮਿਨਅੱਲ੍ਹਾ, ਜਸਟਿਸ ਆਮੇਰ ਫ਼ਾਰੂਕ ਤੇ ਜਸਟਿਸ ਮੀਆਂਗੁਲੀ ਹਾਸਨ ਔਰੰਗਜ਼ੇਬ ਦੀ ਸ਼ਮੂਲੀਅਤ ਵਾਲੇ ਇਸਲਾਮਾਬਾਦ ਹਾਈ ਕੋਰਟ ਦੇ ਵਡੇਰੇ ਬੈਂਚ ਨੂੰ ਦੱਸਿਆ ਕਿ ਜਾਧਵ ਲਈ ਵਕੀਲ ਨਿਯੁਕਤ ਕਰਨ ਨਾਲ ਸਬੰਧਤ ਮਾਮਲੇ ’ਚ ਤਫ਼ਸੀਲ ਨਾਲ ਚਰਚਾ ਕੀਤੀ ਗਈ ਹੈ ਤੇ ਆਹਲੂਵਾਲੀਆ ਹਾਈ ਕੋਰਟ ਅੱਗੇ ਭਾਰਤ ਸਰਕਾਰ ਦਾ ਪੱਖ ਰੱਖ ਸਕਦੇ ਹਨ।

ਜਸਟਿਸ ਮਿਨਅੱਲ੍ਹਾ ਨੇ ਕਿਹਾ ਕਿ ਕੌਮਾਂਤਰੀ ਨਿਆਂ ਅਦਾਲਤ ਦੇ ਫੈਸਲੇ ਨੂੰ ਅਮਲ ਵਿੱਚ ਲਿਆਉਣ ਲਈ ਇਸਲਾਮਾਬਾਦ ਹਾਈ ਕੋਰਟ ਨੂੰ ਭਾਰਤ ਸਰਕਾਰ ਦੇ ਜਵਾਬ ਦੀ ਉਡੀਕ ਹੈ, ਕਿਉਂਕਿ ‘ਕੇਸ ਦੀ ਨਿਰਪੱਖ ਸੁਣਵਾਈ ਯਕੀਨੀ ਬਣਾਉਣਾ ਸਾਡਾ ਫਰਜ਼ ਹੈ। ਜੇਕਰ ਸਫ਼ੀਰ ਕੋਰਟ ਅੱਗੇ ਪੇਸ਼ ਹੋਣਾ ਚਾਹੁੰਦਾ ਹੈ ਤਾਂ ਉਨ੍ਹਾਂ ਦਾ ਸਵਾਗਤ ਹੈ।’ ਅਟਾਰਨੀ ਜਨਰਲ ਖਾਲਿਦ ਜਾਵੇਦ ਖ਼ਾਨ ਨੇ ਕੋਰਟ ਨੂੰ ਸਲਾਹ ਦਿੱਤੀ ਕਿ ਭਾਰਤੀ ਹਾਈ ਕਮਿਸ਼ਨਰ ਨੂੰ ਆਉਣ ਦੀ ਖੁੱਲ੍ਹ ਹੈ, ਪਰ ਭਾਰਤ ਨੂੰ ਪਹਿਲਾਂ ਵਕੀਲ ਨਿਯੁਕਤ ਕਰਨਾ ਚਾਹੀਦਾ ਹੈ।

Previous articleਖੇਤੀ ਕਾਨੂੰਨਾਂ ਦਾ ਵਿਰੋਧ: ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਪੁਰਸਕਾਰ ਮੋੜਿਆ
Next article‘Daniel Pearl’s murder was related to international terrorism’