ਜਾਣੋ- ਵਿਕਰਮ ਨਾਲੋਂ ਕਿਉਂ ਟੁੱਟਿਆ ਇਸਰੋ ਦਾ ਸੰਪਰਕ, ਵਿਗਿਆਨੀ ਦੱਸ ਰਹੇ ਹਨ ਇਹ ਕਾਰਨ

ਨਵੀਂ ਦਿੱਲੀ : ਸ਼ੁੱਕਰਵਾਰ-ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਚੰਦਰਯਾਨ-2 ਦਾ ਵਿਕਰਮ ਲੈਂਡਰ ਚੰਦਰਮਾ ਦੀ ਸੱਤ੍ਹਾ ‘ਤੇ ਉਤਰਨ ਵਾਲਾ ਸੀ। ਹਾਲਾਂਕਿ ਸੱਤ੍ਹਾ ਤੋਂ 2.1 ਕਿਲੋਮੀਟਰ ਦੀ ਦੂਰੀ ‘ਤੇ ਇਸਰੋ ਦਾ ਲੈਂਡਰ ਨਾਲੋਂ ਸੰਪਰਕ ਟੁੱਟ ਗਿਆ। ਉਸ ਤੋਂ ਬਾਅਦ ਤੋਂ ਹੀ ਵਿਗਿਆਨਕ ਇਸ ਦੇ ਕਾਰਨ ਦਾ ਪਤਾ ਲਾਉਣ ‘ਚ ਜੁਟੇ ਹੋਏ ਹਨ। ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਲੈਂਡਿੰਗ ਦੌਰਾਨ ਵਿਕਰਮ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ ਤੇ ਉਸ ਨੂੰ ਰੋਕਣ ਲਈ ਸਹੀ ਢੰਗ ਨਾਲ ਬ੍ਰੇਕ ਨਹੀਂ ਲੱਗ ਸਕੀ ਸੀ। ਹਾਲਾਂਕਿ ਹੁਣ ਵਿਗਿਆਨੀਆਂ ਦਾ ਅਨੁਮਾਨ ਹੈ ਕਿ ਸ਼ਾਇਦ ਜ਼ਿਆਦਾ ਤੇਜ਼ ਬ੍ਰੇਕ ਲੱਗਣ ਕਾਰਨ ਵਿਕਰਮ ਬੇਕਾਬੂ ਹੋ ਗਿਆ ਤੇ ਉਸ ਦਾ ਇਸਰੋ ਨਾਲੋਂ ਰਾਬਤਾ ਟੁੱਟ ਗਿਆ। ਇਸਰੋ ਦੇ ਕੁਝ ਵਿਗਿਆਨਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਬਹੁਤ ਤੇਜ਼ ਰਫ਼ਤਾਰ ਨਾਲ ਚੱਲ ਰਹੀ ਕੋਈ ਗੱਡੀ ਤੇਜ਼ ਬ੍ਰੇਕ ਲੱਗਣ ਕਾਰਨ ਪਲਟ ਜਾਂਦੀ ਹੈ ਸ਼ਾਇਦ ਉਸੇ ਤਰ੍ਹਾਂ ਹੀ ਵਿਕਰਮ ਨਾਲ ਹੋਇਆ ਹੋਵੇਗਾ। ਇਸਰੋ ਦੇ ਵਿਗਿਆਨੀਆਂ ਨੇ ਕਿਹਾ ਕਿ ਰਫ ਬ੍ਰੇਕਿੰਗ ਫੇਜ਼ ਦੌਰਾਨ ਵਿਕਰਮ ਦੇ ਪੈਰ ਹੋਰੀਜੈਂਟਲ ਅਵਸਥਾ ਵਿਚ ਸਨ। ਫਾਈਨ ਬ੍ਰੇਕਿੰਗ ਤੋਂ ਪਹਿਲਾਂ ਪੈਰਾਂ ਨੂੰ 90 ਡਿਗਰੀ ਮੋੜ ਕੇ ਵਰਟੀਕਲ ਕਰਨਾ ਸੀ। ਸੰਭਾਵੀ ਤੌਰ ‘ਤੇ ਇਸ ਦੌਰਾਨ ਤੇਜ਼ ਬ੍ਰੇਕ ਲੱਗਣ ਨਾਲ ਹੀ ਲੈਂਡਰ ਦੀ ਅਵਸਥਾ ਬਦਲ ਗਈ ਸੀ। ਉਹ ਸਹੀ ਤਰੀਕੇ ਨਾਲ ਲੈਂਡ ਨਹੀਂ ਹੋਇਆ ਜਿਸ ਕਾਰਨ ਧਰਤੀ ਨਾਲੋਂ ਉਸ ਦਾ ਸੰਪਰਕ ਟੁੱਟ ਗਿਆ।

Previous articleਸਵਿਟਜ਼ਰਲੈਂਡ ਨੇ ਸੌਂਪੀ ਭਾਰਤੀਆਂ ਦੇ ਖ਼ਾਤਿਆਂ ਦੀ ਜਾਣਕਾਰੀ
Next articleਖਾੜੀ ਦੇਸ਼ਾਂ ਨਾਲ ਰਿਸ਼ਤਿਆਂ ਨੂੰ ਮਜ਼ਬੂਤੀ ਦੇਵੇਗਾ ਭਾਰਤ