ਜ਼ਹਿਰੀਲੀ ਸ਼ਰਾਬ ਮਾਮਲਾ: ਬਾਜਵਾ ਤੇ ਦੂਲੋ ਨੇ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹਿਆ

ਚੰਡੀਗੜ੍ਹ (ਸਮਾਜ ਵੀਕਲੀ) : ਕਾਂਗਰਸੀ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੇ ਅੱਜ ਪੰਜਾਬ ਦੇ ਸ਼ਰਾਬ ਮਾਫ਼ੀਏ ਦੇ ਮਾਮਲੇ ’ਤੇ ਆਪਣੀ ਹੀ ਪਾਰਟੀ ਦੀ ਸਰਕਾਰ ਖ਼ਿਲਾਫ਼ ਬਿਗਲ ਵਜਾ ਦਿੱਤਾ ਹੈ। ਦੋਵੇਂ ਸੰਸਦ ਮੈਂਬਰਾਂ ਨੇ ਸ਼ਰਾਬ ਮਾਫ਼ੀਏ ਦੇ ਮੁੱਦੇ ’ਤੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧਾ ਨਿਸ਼ਾਨੇ ’ਤੇ ਲਿਆ ਹੈ।

ਦੋਵਾਂ ਨੇ ਅੱਜ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ ਅਤੇ ਜ਼ਹਿਰੀਲੀ ਸ਼ਰਾਬ ਕਾਰਨ ਮਾਝੇ ਵਿੱਚ ਵਾਪਰੀ ਤਰਾਸਦੀ ਅਤੇ ਪੰਜਾਬ ਦੇ ਸ਼ਰਾਬ ਮਾਫ਼ੀਏ ਦੀ ਸੀਬੀਆਈ ਅਤੇ ਈਡੀ ਤੋਂ ਜਾਂਚ ਕਰਾਏ ਜਾਣ ਦੀ ਮੰਗ ਕੀਤੀ ਹੈ। ਦੋਵਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਪੰਜਾਬ ਸਰਕਾਰ ਦੀ ਜਾਂਚ ’ਤੇ ਭਰੋਸਾ ਨਹੀਂ ਹੈ। ਰਾਜਪਾਲ ਨੇ ਭਰੋਸਾ ਦਿੱਤਾ ਕਿ ਉਹ ਕੇਂਦਰ ਸਰਕਾਰ ਨੂੰ ਇਹ ਮੰਗ ਲਿਖਤੀ ਤੌਰ ’ਤੇ ਭੇਜ ਦੇਣਗੇ ਅਤੇ ਨਾਲ ਹੀ ਉਹ ਪੰਜਾਬ ਸਰਕਾਰ ਤੋਂ ਵੀ ਇਸ ਮਾਮਲੇ ’ਤੇ ਰਿਪੋਰਟ ਮੰਗਣਗੇ।

ਸੰਸਦ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਖ-ਵੱਖ ਮੁੱਦਿਆਂ ’ਤੇ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ, ਜਿਸ ਬਾਰੇ ਉਹ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮੀਟਿੰਗ ਕਰਕੇ ਜਾਣੂ ਕਰਾਉਣਗੇ। ਜ਼ਹਿਰੀਲੀ ਸ਼ਰਾਬ ਨਾਲ ਵਾਪਰੀ ਘਟਨਾ ਦੀ ਜਾਂਚ ਲਈ ਉਹ ਬਾਕੀ ਸੰਸਦ ਮੈਂਬਰਾਂ ਨਾਲ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮਿਲਣਗੇ। ਸੰਸਦ ਮੈਂਬਰਾਂ ਨੇ ਕਿਹਾ ਕਿ ਮਾਝੇ ਦੀ ਘਟਨਾ ਮਹਿਜ਼ ਹਾਦਸਾ ਨਹੀਂ ਹੈ ਬਲਕਿ ਸ਼ਰਾਬ ਮਾਫ਼ੀਏ ਦੇ ਲੋਭ ਦਾ ਨਤੀਜਾ ਹੈ।

ਉਨ੍ਹਾਂ ਦੋਸ਼ ਲਾਇਆ ਕਿ ਲੌਕਡਾਊਨ ਦੌਰਾਨ ਡਿਸਟਿਲਰੀਜ਼ ਨੇ ਸ਼ਰਾਬ ਤਸਕਰੀ ਕਰਕੇ ਸਰਕਾਰੀ ਖ਼ਜ਼ਾਨੇ ਨੂੰ ਵੱਡੀ ਢਾਹ ਲਾਈ ਹੈ। ਗ਼ੈਰਕਾਨੂੰਨੀ ਸ਼ਰਾਬ ਫ਼ੈਕਟਰੀਆਂ ਨੇ ਹੱਥ ਰੰਗੇ ਹਨ ਪ੍ਰੰਤੂ ਕਿਸੇ ਵੀ ਅਸਲ ਦੋਸ਼ੀ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਪੰਜਾਬ ਵਿਚ ਗ਼ੈਰਕਾਨੂੰਨੀ ਸ਼ਰਾਬ ਫ਼ੈਕਟਰੀਆਂ ਦੇ ਕਾਰੋਬਾਰ ਨੂੰ ਖ਼ਤਮ ਕਰਨ ਵਿਚ ਮੁੱਖ ਮੰਤਰੀ ਪੂਰੀ ਤਰ੍ਹਾਂ ਫੇਲ੍ਹ ਰਹੇ ਹਨ। ਮੁੱਖ ਮੰਤਰੀ ਦੇ ਆਪਣੇ ਜ਼ਿਲ੍ਹੇ ਵਿਚ ਘਨੌਰ ਤੇ ਰਾਜਪੁਰਾ ਵਿਚ ਗ਼ੈਰਕਾਨੂੰਨੀ ਸ਼ਰਾਬ ਫ਼ੈਕਟਰੀਆਂ ਫੜੀਆਂ ਗਈਆਂ ਹਨ।

ਸੰਸਦ ਮੈਂਬਰਾਂ ਨੇ ਕਿਹਾ ਕਿ ਉਹ ਕਈ ਵਾਰ ਮੁੱਖ ਮੰਤਰੀ ਦੇ ਧਿਆਨ ਵਿਚ ਮਾਮਲਾ ਲਿਆ ਚੁੱਕੇ ਹਨ ਪ੍ਰੰਤੂ ਕੋਈ ਨੋਟਿਸ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਈਡੀ ਵਲੋਂ ਪੜਤਾਲ ਸ਼ੁਰੂ ਕੀਤੀ ਗਈ ਤਾਂ ਉਸ ਵਿਚ ਅੜਿੱਕੇ ਪਾਏ ਜਾ ਰਹੇ ਹਨ ਕਿਉਂਕਿ ਇਸ ਨਾਲ ਗ਼ੈਰਕਾਨੂੰਨੀ ਧੰਦੇ ਦੇ ਮੁੱਖ ਸੂਤਰਧਾਰ ਸਾਹਮਣੇ ਆਉਣਗੇ। ਸੰਸਦ ਮੈਂਬਰਾਂ ਨੇ ਕਿਹਾ ਕਿ ਸ਼ਰਾਬ ਮਾਫ਼ੀਆ ਦੀ ਬਦੌਲਤ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲੱਗ ਰਿਹਾ ਹੈ। ਸੰਸਦ ਮੈਂਬਰਾਂ ਨੇ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਵੀ ਸੌਂਪਿਆ।

Previous articleਅਫ਼ਗਾਨਿਸਤਾਨ ’ਚ ਜੇਲ੍ਹ ’ਤੇ ਹਮਲਾ, 29 ਹਲਾਕ
Next articleਪੰਜ ਪਿਆਰਿਆਂ ਨੇ ਲੰਗਾਹ ਨੂੰ 21 ਦਿਨ ਝਾੜੂ ਮਾਰਨ ਦੀ ਤਨਖ਼ਾਹ ਲਾਈ