ਜ਼ਮਾਨਤ ’ਤੇ ਆਏ ਮੁਲਜ਼ਮ ਦੀ ਪੁਲੀਸ ਦੀ ਹਾਜ਼ਰੀ ’ਚ ਹੱਤਿਆ

ਮਾਮਲੇ ਨੂੰ ਸੜਕ ਹਾਦਸਾ ਕਰਾਰ ਦੇਣ ਦੀ ਕੋਸ਼ਿਸ਼; ਲੋਕਾਂ ਵੱਲੋਂ ਵਿਰੋਧ

ਮੋਗਾ- ਇੱਥੋਂ ਬਰਨਾਲਾ ਰੋਡ ’ਤੇ ਪਿੰਡ ਬੁੱਟਰ ਕਲਾਂ ਕੋਲ ਸ਼ੁੱਕਰਵਾਰ ਰਾਤ ਕਥਿਤ ਤੌਰ ’ਤੇ ਪੁਲੀਸ ਦੀ ਮੌਜੂਦਗੀ ’ਚ ਅਗਵਾ ਕਾਂਡ ਦੇ ਇਕ ਮੁਲਜ਼ਮ ਦੀ ਬੇਸਬਾਲ ਬੈਟਾਂ ਨਾਲ ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਵੇਰਵਿਆਂ ਮੁਤਾਬਕ ਅਦਾਲਤ ’ਚੋਂ ਜ਼ਮਾਨਤ ਮਿਲਣ ਤੋਂ ਬਾਅਦ ਮੁਲਜ਼ਮ ਆਪਣੇ ਸਕੇ ਭਰਾਵਾਂ ਨਾਲ ਸਕੌਰਪੀਓ ਗੱਡੀ ’ਚ ਘਰ ਪਰਤ ਰਿਹਾ ਸੀ। ਇਸ ਮਾਮਲੇ ’ਚ ਪੀੜਤ ਪਰਿਵਾਰ ਨੇ ਜਦ ਚੌਕੀ ਇੰਚਾਰਜ ਤੇ ਹੋਰ ਮੁਲਾਜ਼ਮਾਂ ਦੀ ਭੂਮਿਕਾ ਸਾਹਮਣੇ ਲਿਆਂਦੀ ਤਾਂ ਪੁਲੀਸ ਨੇ ਇਸ ਨੂੰ ਸੜਕ ਹਾਦਸਾ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਪਰਦਾਫ਼ਾਸ਼ ਕਰ ਦਿੱਤਾ। ਐੱਸਪੀ (ਜਾਂਚ) ਹਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਇਸ ਮਾਮਲੇ ’ਚ ਥਾਣਾ ਮਹਿਣਾ ਵਿਚ ਹੱਤਿਆ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲੀਸ ਮੁਤਾਬਕ 6 ਜੂਨ ਨੂੰ ਮ੍ਰਿਤਕ ਸ਼ਮਸ਼ੇਰ ਸਿੰਘ ਤੇ ਕਲੀਨਿਕ ਚਲਾਉਂਦੀ ਇਕ ਮਹਿਲਾ ਚਰਨਜੀਤ ਕੌਰ ਵਾਸੀ ਪਿੰਡ ਚੂਹੜਚੱਕ ਖ਼ਿਲਾਫ਼ ਉਨ੍ਹਾਂ ਦੇ ਹੀ ਪਿੰਡ ਦੇ ਇਕ ਬਜ਼ੁਰਗ ਗੁਰਦੇਵ ਸਿੰਘ ਨੂੰ ਅਗਵਾ ਕਰਨ ਦੇ ਦੋਸ਼ ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੋਵਾਂ ਉੱਤੇ ਬਜ਼ੁਰਗ ਨੂੰ ਬੰਦੀ ਬਣਾ ਕੇ 5 ਏਕੜ ਜ਼ਮੀਨ ਹੜੱਪਣ ਦਾ ਦੋਸ਼ ਵੀ ਲਾਇਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਕੇਸ ’ਚੋਂ ਮੁਲਜ਼ਮ ਸ਼ਮਸ਼ੇਰ ਸਿੰਘ ਨੂੰ ਸ਼ੁੱਕਰਵਾਰ ਨੂੰ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਜਦ ਉਹ ਰਿਸ਼ਤੇਦਾਰਾਂ ਦੇ ਪਿੰਡ ਦੌਧਰ ਤੋਂ ਦੇਰ ਸ਼ਾਮ ਸਕੌਰਪੀਓ ’ਚ ਭਰਾ ਛਿੰਦਰਪਾਲ ਸਿੰਘ ਤੇ ਸਾਹਿਲ ਸਿੰਘ ਤੇ ਰਿਸ਼ਤੇਦਾਰ ਸੁਰਜੀਤ ਸਿੰਘ ਨਾਲ ਘਰ ਪਰਤ ਰਿਹਾ ਸੀ ਤਾਂ ਪਿੰਡ ਬੁੱਟਰ ਕਲਾਂ ਕੋਲ ਦੋ ਸਵਿਫ਼ਟ, ਇਕ ਹੌਂਡਾ ਸਿਟੀ ਤੇ ਇਕ ਚਿੱਟੀ ਬੋਲੈਰੋ ਗੱਡੀਆਂ ’ਚ ਆਏ ਜੱਗਾ ਸਿੰਘ, ਲਖਵੀਰ ਸਿੰਘ, ਮਨਦੀਪ ਸਿੰਘ, ਅਮਰਜੀਤ ਸਿੰਘ, ਬਿੱਕਰ ਸਿੰਘ, ਚਮਕੌਰ ਸਿੰਘ, ਸਰਬਜੀਤ ਸਿੰਘ, ਸਿਮਰਨਜੀਤ ਸਿੰਘ ਸਿਮਰਾ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ ਸਾਰੇ ਵਾਸੀ ਪਿੰਡ ਚੂਹੜਚੱਕ ਤੇ 10-12 ਹੋਰ ਅਣਪਛਾਤਿਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਸਕੌਰਪੀਓ ਵਿਚੋਂ ਪੀੜਤਾਂ ਨੂੰ ਧੂਹ ਕੇ ਬਾਹਰ ਕੱਢ ਲਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਜ਼ਖ਼ਮੀਆਂ ਵਿਚੋਂ ਇਕ ਵੱਲੋਂ ਦਿੱਤੇ ਬਿਆਨ ਮੁਤਾਬਕ ਮੌਕੇ ’ਤੇ ਚੌਕੀ ਇੰਚਾਰਜ (ਬਲਖੰਡੀ) ਏਐੱਸਆਈ ਭਲਿੰਦਰ ਸਿੰਘ ਤੇ ਹੋਰ ਪੁਲੀਸ ਮੁਲਾਜ਼ਮਾਂ ਤੋਂ ਇਲਾਵਾ ਜੋਬਨ ਸਿੰਘ ਤੇ ਜੀਪੀ ਵਾਸੀ ਪਿੰਡ ਭਿੰਡਰ ਵੀ ਪਹੁੰਚ ਗਏ। ਕੁੱਟਮਾਰ ਦੌਰਾਨ ਸ਼ਮਸ਼ੇਰ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਉਹ ਤਿੰਨੋ ਜ਼ਖ਼ਮੀ ਹੋ ਗਏ। ਉਨ੍ਹਾਂ ਦੋਸ਼ ਲਾਇਆ ਕਿ ਹਮਲਾਵਰਾਂ ਨੇ ਸ਼ਮਸ਼ੇਰ ਸਿੰਘ ਨੂੰ ਹਸਪਤਾਲ ਨਹੀਂ ਲਿਜਾਣ ਦਿੱਤਾ ਤੇ ਉਹ ਦਮ ਤੋੜ ਗਿਆ। ਇਸ ਮਾਮਲੇ ’ਚ ਪੁਲੀਸ ਮੁਲਾਜ਼ਮਾਂ ਦਾ ਨਾਂ ਆਉਣ ’ਤੇ ਪੁਲੀਸ ਨੇ ਇਸ ਘਟਨਾ ਨੂੰ ਸੜਕ ਹਾਦਸਾ ਕਰਾਰ ਦੇਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਵਿਰੋਧ ਕਾਰਨ ਭੇਤ ਖੁੱਲ੍ਹ ਗਿਆ। ਪੀੜਤ ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਨੇ ਐੱਸਪੀ ਨੂੰ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰਨ ਲਈ ਕਿਹਾ। ਉਨ੍ਹਾਂ ਚਿਤਾਵਨੀ ਦਿੱਤੀ ਸੀ ਕਿ ਜਦ ਤੱਕ ਕੇਸ ਦਰਜ ਨਹੀਂ ਕੀਤਾ ਜਾਂਦਾ ਉਹ ਮ੍ਰਿਤਕ ਦਾ ਨਾ ਤਾਂ ਪੋਸਟਮਾਰਟਮ ਕਰਵਾਉਣਗੇ ਅਤੇ ਨਾ ਹੀ ਸਸਕਾਰ ਕਰਨਗੇ। ਪੁਲੀਸ ਵੱਲੋਂ ਦਿੱਤੇ ਭਰੋਸੇ ਮਗਰੋਂ ਮ੍ਰਿਤਕ ਦਾ ਪੋਸਟਮਾਰਟਮ ਕੀਤਾ ਗਿਆ।

Previous articleਬਰਗਾੜੀ ਕਾਂਡ ਦੇ ਮੁੱਖ ਮੁਲਜ਼ਮ ਦੀ ਨਾਭਾ ਜੇਲ੍ਹ ’ਚ ਹੱਤਿਆ
Next articleਪਿਲੈਟਸ ਜਹਾਜ਼ ਸੌਦਾ: ਸੰਜੈ ਭੰਡਾਰੀ ਤੇ ਹੋਰਾਂ ਖ਼ਿਲਾਫ਼ ਕੇਸ ਦਰਜ