ਜਵਾਨ ਪੁੱਤ ਦੀ ਮੌਤ; ਮਾਪਿਆਂ ਵਲੋਂ ਹਸਪਤਾਲ ’ਤੇ ਗ਼ਲਤ ਅਪਰੇਸ਼ਨ ਕਰਨ ਦਾ ਦੋਸ਼

ਪਿੰਡ ਭੰਬੋਤਾੜ ਦੇ 23 ਸਾਲਾ ਕਾਮਰਸ ਗੈਜੂਏਟ ਰੋਹਿਤ ਦੀ ਨਿੱਜੀ ਹਸਪਤਾਲ ਵੱਲੋਂ ਕਥਿਤ ਤੌਰ ’ਤੇ ਗਲ਼ਤ ਆਪ੍ਰੇਸ਼ਨ ਕੀਤੇ ਜਾਣ ਉਪਰੰਤ ਕਰੀਬ ਸਾਢੇ ਮਹੀਨੇ ਬਾਅਦ ਪੀਜੀਆਈ ਚੰਡੀਗੜ੍ਹ ’ਚ ਦੇਰ ਰਾਤ ਮੌਤ ਹੋ ਗਈ।
ਮ੍ਰਿਤਕ ਦੇ ਪਿਤਾ ਮਦਨ ਲਾਲ ਨੇ ਭਰੀਆਂ ਅੱਖਾਂ ਨਾਲ ਦੱਸਿਆ ਕਿ ਪਹਿਲੀ ਜੁਲਾਈ ਨੂੰ ਰੋਹਿਤ ਦੇ ਪੇਟ ਦਰਦ ਉੱਠੀ। ਉਨ੍ਹਾਂ ਪੱਥਰੀ ਦੀ ਦਰਦ ਸਮਝਦਿਆਂ ਅਗਲੇ ਦਿਨ ਰੋਹਿਤ ਨੂੰ ਤਲਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਚੈੱਕ ਕਰਵਾਇਆ ਜਿੱਥੇ ਉਨ੍ਹਾਂ ਨੂੰ ਪੇਟ ’ਚ ਅਪੈਂਡੇਸਾਇਟਸ ਹੋਣ ਦੀ ਗੱਲ ਕਹੀ ਅਤੇ ਉਸ ਨੇ ਢਿੱਡ ’ਚ ਜ਼ਹਿਰ ਫੈਲਣ ਦੇ ਡਰੋਂ ਡਾਕਟਰ ਦੀ ਸਲਾਹ ਅਨੁਸਾਰ ਅਪਰੇਸ਼ਨ ਕਰਵਾਉਣ ਦੀ ਹਾਮੀ ਭਰ ਦਿੱਤੀ। ਡਾਕਟਰ ਨੇ ਤਿੰਨ ਦਿਨਾਂ ’ਚ ਰੋਹਿਤ ਦੇ ਠੀਕ ਹੋਣ ਉਪਰੰਤ ਛੁੱਟੀ ਦੇਣ ਦੀ ਗੱਲ ਕਹੀ ਸੀ, ਪਰ 18 ਦਿਨਾਂ ‘ਚ ਰੋਹਿਤ ਨੂੰ ਤਿੰਨ ਵਾਰ ਹਸਪਤਾਲ ’ਚ ਦਾਖ਼ਲ ਕਰਵਾਉਣਾ ਪਿਆ, ਪਰ ਉਸ ਦੀ ਹਾਲਤ ਵਿਗੜਦੀ ਚੱਲੀ ਗਈ। ਅਪਰੇਸ਼ਨ ਵਾਲੀ ਜਗ੍ਹਾ ’ਤੇ ਪਸ ਭਰ ਗਈ ਜਿਸ ਨੂੰ ਹਸਪਤਾਲ ਦੇ ਜੂਨੀਅਰ ਡਾਕਟਰ ਨੇ ਕੱਢਿਆ। ਸ੍ਰੀ ਲਾਲ ਨੇ ਦੱਸਿਆ ਕਿ ਰੋਹਿਤ ਦੀ ਹਾਲਤ ਵਿਗੜਦੀ ਦੇਖ ਉਹ ਰੋਹਿਤ ਨੂੰ ਡੀ.ਐਮ.ਸੀ.ਲੁਧਿਆਣਾ ਲੈ ਗਏ, ਜਿੱਥੇ ਜਾਂਚ ਉਪਰੰਤ ਡਾਕਟਰਾਂ ਨੇ ਦੱਸਿਆ ਕਿ ਡਾਕਟਰ ਨੇ ਅਪਰੇਸ਼ਨ ਦੌਰਾਨ ਰੋਹਿਤ ਦੀ ਗਲਤ ਨਸ ਕੱਟ ਦਿੱਤੀ ਸੀ ਅਤੇ ਪੇਟ ਅੰਦਰ ਇਨਫੈਕਸ਼ਨ ਹੋ ਗਈ। ਦੋ ਮਹੀਨੇ ਬਾਅਦ ਰੋਹਿਤ ਨੂੰ ਪੀਜੀਆਈ ਚੰਡੀਗੜ੍ਹ ਲਿਜਾਣਾ ਪਿਆ ਜਿੱਥੇ 23-24 ਦਿਨਾਂ ਬਾਅਦ ਰੋਹਿਤ ਦੀ ਲੰਘੀ ਰਾਤ ਹਸਪਤਾਲ ’ਚ ਮੌਤ ਹੋ ਗਈ। ਮਦਨ ਲਾਲ ਨੇ ਰੋਂਦਿਆਂ ਦੱਸਿਆ ਕਿ ਉਸ ਦੇ ਪੁੱਤਰ ਦੀ ਮੌਤ ਤਲਵਾੜਾ ਦੇ ਨਿੱਜੀ ਹਸਪਤਾਲ ਦੇ ਡਾਕਟਰ ਵੱਲੋਂ ਗਲ਼ਤ ਅਪਰੇਸ਼ਨ ਕਰਨ ਨਾਲ ਹੋਈ ਹੈ, ਆਪਣੇ ਪੁੱਤਰ ਦੀ ਵਿਗੜਦੀ ਹਾਲਤ ਦੇਖ ਉਹ ਆਪਣੇ ਸਮਰਥਕਾਂ ਨਾਲ ਬੀਤੇ ਸ਼ਨਿੱਚਰਵਾਰ ਡਾਕਟਰ ਕੋਲ਼ ਗਏ ਤਾਂ ਉਸ ਨੇ ਢਾਈ ਲੱਖ ਰੁਪਏ ਦੇ ਕੇ ਆਪਣੇ ਹੱਕ ’ਚ ਕਾਗਜ਼ੀ ਕਾਰਵਾਈ ਕਰ ਕੇ ਮਾਮਲਾ ਰਫ਼ਾ ਦਫ਼ਾ ਕਰਵਾ ਲਿਆ।
ਇਸ ਸਬੰਧ ਨਿੱਜੀ ਹਸਪਤਾਲ ਦੇ ਡਾਕਟਰ ਜੇ. ਕੇ. ਸ਼ਰਮਾ ਨੇ ਮ੍ਰਿਤਕ ਦੇ ਪਿਤਾ ਵੱਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਰੋਹਿਤ ਦੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਤੋਂ ਇਨਕਾਰ ਕੀਤਾ। ਉਨ੍ਹਾਂ ਰੋਹਿਤ ਦੇ ਅਪੈਂਡਿਕਸ ਦੇ ਅਪਰੇਸ਼ਨ ਨੂੰ ਸਫ਼ਲ ਦੱਸਿਆ ਅਤੇ ਕਿਹਾ ਕਿ ਉਹ ਸ਼ਰਾਬ ਪੀਣ ਦਾ ਆਦੀ ਸੀ, ਜਿਸ ਕਾਰਨ ਉਸਨੂੰ ਪੈਂਕ੍ਰਿਆਜ਼ ਦੀ ਬਿਮਾਰੀ ਵੀ ਸੀ।
ਮਦਨ ਲਾਲ ਨੇ ਹਸਪਤਾਲ ਦੇ ਡਾਕਟਰ ਵੱਲੋਂ ਰੋਹਿਤ ’ਤੇ ਲਗਾਏ ਇਲਜ਼ਾਮਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਡਾਕਟਰ ਆਪਣਾ ਤੇ ਆਪਣੇ ਹਸਪਤਾਲ ਦੀ ਬਦਨਾਮੀ ਦੇ ਡਰੋਂ ਉਨ੍ਹਾਂ ਦੇ ਮੁੰਡੇ ਨੂੰ ਬਦਨਾਮ ਕਰ ਰਿਹਾ ਹੈ।

Previous articleਸ੍ਰੀਨਗਰ ਵਿੱਚ ਜਨਜੀਵਨ ਪ੍ਰਭਾਵਿਤ
Next articleਮੌੜ ਬੰਬ ਧਮਾਕੇ ਦੇ ਮੁਲਜ਼ਮਾਂ ਬਾਰੇ ਸਬੂਤ ਲੱਭੇ: ਡੀਜੀਪੀ