ਜਲ ਸੈਨਾ ਦਾ ਟ੍ਰੇਨਰ ਮਿੱਗ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ

ਇੰਜਣ ’ਚ ਅੱਗ ਲੱਗਣ ਕਾਰਨ ਵਾਪਰਿਆ ਹਾਦਸਾ, ਜਾਂਚ ਦੇ ਹੁਕਮ

ਭਾਰਤੀ ਜਲ ਸੈਨਾ ਦਾ ਟ੍ਰੇਨਰ ਮਿੱਗ ਸ਼ਨਿਚਰਵਾਰ ਦੁਪਹਿਰ ਗੋਆ ’ਚ ਪਿੰਡ ਦੇ ਬਾਹਰਵਾਰ ਹਾਦਸਾਗ੍ਰਸਤ ਹੋ ਗਿਆ। ਮਿੱਗ ’ਚ ਸਵਾਰ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਆਏ। ਜਲ ਸੈਨਾ ਦੇ ਫਲੈਗ ਅਫ਼ਸਰ ਰੀਅਰ ਐਡਮਿਰਲ ਫਿਲੀਪੋਜ਼ ਜੌਰਜ ਪਿਨੂਮੋਤਿਲ ਨੇ ਦੱਸਿਆ ਕਿ ਵੱਡਾ ਹਾਦਸਾ ਹੋਣੋਂ ਟਲ ਗਿਆ ਕਿਉਂਕਿ ਪਾਇਲਟ ਨੇ ਮਿੱਗ ਦੀ ਦਿਸ਼ਾ ਅਬਾਦੀ ਵਾਲੇ ਇਲਾਕੇ ਤੋਂ ਦੂਰ ਕਰ ਦਿੱਤੀ ਸੀ। ਅਧਿਕਾਰੀ ਨੇ ਕਿਹਾ ਕਿ ਜਦੋਂ ਹਾਦਸਾ ਵਾਪਰਿਆ ਤਾਂ ਮਿੱਗ ਸਿਖਲਾਈ ਉਡਾਣ ’ਤੇ ਸੀ। ਜਲ ਸੈਨਾ ਨੇ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਪਿੰਡ ਵਾਸੀ ਨੇ ਦੱਸਿਆ ਕਿ ਮਿੱਗ ਗੋਆ ਦੀ ਰਾਜਧਾਨੀ ਤੋਂ 15 ਕਿਲੋਮੀਟਰ ਦੂਰ ਵਰਨਾ ਪਿੰਡ ਦੇ ਬਾਹਰਵਾਰ ਪਹਾੜੀ ਕੋਲ ਹਾਦਸਾਗ੍ਰਸਤ ਹੋਇਆ ਹੈ। ਜਹਾਜ਼ ਦਾ ਮਲਬਾ ਇਕ ਕਿਲੋਮੀਟਰ ਦੇ ਘੇਰੇ ’ਚ ਖਿੰਡਿਆ ਪਿਆ ਹੈ।ਮਿੱਗ ਆਈਐੱਨਐੱਸ ਹੰਸਾ ’ਤੇ ਤਾਇਨਾਤ ਸੀ। ਜਲ ਸੈਨਾ ਦੇ ਤਰਜਮਾਨ ਨੇ ਟਵਿੱਟਰ ’ਤੇ ਦੱਸਿਆ ਕਿ ਸਿਖਲਾਈ ਦੌਰਾਨ ਮਿੱਗ 29ਕੇ ਦੇ ਇੰਜਣ ਨੂੰ ਅੱਗ ਲੱਗ ਗਈ ਪਰ ਦੋਵੇਂ ਪਾਇਲਟ ਕੈਪਟਨ ਐੱਮ ਸ਼ਿਓਖੰਡ ਅਤੇ ਲੈਫ਼ਟੀਨੈਂਟ ਕਮਾਂਡਰ ਦੀਪਕ ਯਾਦਵ ਸੁਰੱਖਿਅਤ ਬਾਹਰ ਨਿਕਲ ਆਏ। ਦੋਹਾਂ ਨੂੰ ਮੁਢਲੀ ਸਹਾਇਤਾ ਮਗਰੋਂ ਵਾਸਕੋ ਦੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।

Previous articleਚੰਗਾਲੀਵਾਲਾ ਕਾਂਡ: ਦਲਿਤ ਨੌਜਵਾਨ ਦੀ ਮੌਤ
Next articleਮੋਗਾ: ਨੌਜਵਾਨ ਨੇ ਹਵਾਲਾਤ ’ਚ ਫਾਹਾ ਲਿਆ