ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਵਿੱਢੇ ਯਤਨ ‘ਨਾਕਾਫ਼ੀ’: ਗੁਟੇਰੇਜ਼

ਗ੍ਰੀਨ ਹਾਊਸਾਂ ਦੀ ਵਧਦੀ ਨਿਕਾਸੀ ਸਮੇਤ ਕੁੱਲ ਆਲਮ ਨੂੰ ਦਰਪੇਸ਼ ਵਾਤਾਵਰਨ ਦੀਆਂ ਚੁਣੌਤੀਆਂ ਦਰਮਿਆਨ ਸਪੇਨ ਦੀ ਰਾਜਧਾਨੀ ਮੈਡਰਿਡ ਵਿੱਚ ਅੱਜ ਤੋਂ ਵਾਤਾਵਰਨ ਸਿਖਰ ਵਾਰਤਾ ਕੋਪ25 ਸ਼ੁਰੂ ਹੋ ਗਈ। ਭਾਰਤ ਸਮੇਤ ਲਗਪਗ ਦੋ ਸੌ ਮੁਲਕਾਂ ਦੇ ਸਫ਼ੀਰ ਤੇ ਅਧਿਕਾਰੀਆਂ ਨੇ ਵਾਤਾਵਰਨ ਸੰਕਟ ਨਾਲ ਸਿੱਝਣ ਦੇ ਤੌਰ ਤਰੀਕਿਆਂ ’ਤੇ ਚਰਚਾ ਕੀਤੀ। ਇਸ ਦੌਰਾਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਵਿਸ਼ਵ ਨੂੰ ਉਮੀਦ ਜਾਂ ਜਲਵਾਯੂ ਸਮਰਪਣ ਵਿੱਚੋਂ ਕਿਸੇ ਇਕ ਦੀ ਚੋਣ ਕਰਨੀ ਹੋਵੇਗੀ। ਯੂਐੱਨ ਮੁਖੀ ਨੇ ਕਿਹਾ ਕਿ ਵਾਤਾਵਰਨ ਸੰਕਟ ਨਾਲ ਨਜਿੱਠਣ ਲਈ ਆਲਮੀ ਪੱਧਰ ’ਤੇ ਵਿੱਢੇ ਯਤਨ ਨਾਕਾਫ਼ੀ ਹਨ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਆਲਮੀ ਤਪਸ਼ ਇਸੇ ਰਫ਼ਤਾਰ ਨਾਲ ਵਧਦੀ ਰਹੀ ਤਾਂ ਇਕ ਸਮਾਂ ਆਏਗਾ ਜਦੋਂ ਇਸ ਨੂੰ ‘ਘਟਾਉਣਾ ਲਗਪਗ ਨਾਮੁਮਕਿਨ’ ਹੋ ਜਾਵੇਗਾ।
ਯੂਰੋਪੀਅਨ ਕਲਾਈਮੇਟ ਫਾਊਂਡੇਸ਼ਨ ਦੀ ਸੀਈਓ ਤੇ ਪੈਰਿਸ ਸਮਝੌਤੇ ਦੀ ਮੁੱਖ ਨਿਰਮਾਤਾ ਲਾਰੈਂਸ ਟੁਬਿਆਨਾ ਨੇ ਕਿਹਾ, ‘ਚੀਨ ਤੇ ਜਾਪਾਨ ਜਿਹੇ ਮੁਲਕਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਇਸ ਟੀਚੇ ਨੂੰ ਪੂਰਾ ਕਰਨ ਤੋਂ ਅਸਮਰੱਥ ਹਨ। ਇਹੀ ਨਹੀਂ ਭਾਰਤ, ਰੂਸ ਜਾਂ ਬ੍ਰਾਜ਼ੀਲ ਜਿਹੇ ਮੁਲਕਾਂ ਨੇ ਵੀ 2015 ਦੇ ਵਾਤਾਵਰਨ ਕਰਾਰ ਤਹਿਤ ਕਾਰਬਨ ਨਿਕਾਸੀ ਦੇ ਨਿਰਧਾਰਿਤ ਟੀਚਿਆਂ ਨੂੰ ਪੂਰਾ ਕਰਨ ਲਈ ਕੋਈ ਉਤਸ਼ਾਹ ਨਹੀਂ ਵਿਖਾਇਆ। ਉਂਜ ਮੂਹਰੀ ਕਤਾਰ ਦੇ ਵਾਰਤਾਕਾਰਾਂ ਨੇ ਕੋਪ25 ਨੂੰ ‘ਤਕਨੀਕੀ ਪੱਧਰ ਦੀ ਗੱਲਬਾਤ’ ਦੱਸਦਿਆਂ ਕਿਹਾ ਕਿ ਇਹ ਅਗਲੇ ਸਾਲ ਗਲਾਸਗੋ ਵਿੱਚ ਹੋਣ ਵਾਲੀ ਮੀਟਿੰਗ ਲਈ ਮੰਚ ਤਿਆਰ ਕਰੇਗੀ, ਜਿੱਥੇ ਮੁਲਕਾਂ ਨੂੰ ਪੈਰਿਸ ਸਿਖਰ ਵਾਰਤਾ ਤੇ ਮੌਜੂਦਾ ਨਿਕਾਸੀਆਂ ਵਿਚਲੇ ਖੱਪੇ ਨੂੰ ਪੂਰਨ ਜਿਹੀਆਂ ਚੁਣੌਤੀਆਂ ਦਰਪੇਸ਼ ਰਹਿਣਗੀਆਂ। ਕਾਨਫਰੰਸ ਦੌਰਾਨ ਵਧਦੀ ਕਾਰਬਨ ਨਿਕਾਸੀ ਤੇ ਆਲਮੀ ਪੱਧਰ ’ਤੇ ਤਪਸ਼ ਵਧਣ ਕਰਕੇ ਪੈ ਰਹੇ ਅਸਰ ਨਾਲ ਸਬੰਧਤ ਤਿੰਨ ਰਿਪੋਰਟਾਂ ਵੀ ਜਾਰੀ ਕੀਤੀਆਂ ਗਈਆਂ।

Previous articleਸਵੀਡਨ ਦੀ ਸ਼ਾਹੀ ਜੋੜੀ ਵੱਲੋਂ ਮੋਦੀ ਨਾਲ ਮੁਲਾਕਾਤ
Next articleਅਰਥਚਾਰੇ ਨੂੰ ਲੈ ਕੇ ਸੰਸਦ ਵਿੱਚ ਹੰਗਾਮਾ