ਜਬਰ ਜਨਾਹ ਦੇ ਮੁਲਜ਼ਮ ਨੂੰ ਫੜਨ ਗਈ ਪੁਲੀਸ ਟੀਮ ’ਤੇ ਹਮਲਾ

ਮੋਗਾ– ਇੱਥੇ ਥਾਣਾ ਅਜੀਤਵਾਲ ਅਧੀਨ ਪਿੰਡ ਝੰਡੇਆਣਾ ਸ਼ਰਕੀ ’ਚ ਲੰਘੀ ਦੇਰ ਸ਼ਾਮ ਜਬਰ-ਜਨਾਹ ਦੇ ਮੁਲਜ਼ਮ ਸਿਪਾਹੀ ਨੂੰ ਫੜਨ ਗਏ ਥਾਣੇਦਾਰ ਬਲਵਿੰਦਰ ਸਿੰਘ ਸਣੇ ਪੁਲੀਸ ਮੁਲਾਜ਼ਮਾਂ ਦੀ ਲੋਕਾਂ ਨੇ ਕੁੱਟਮਾਰ ਕੀਤੀ। ਲੋਕਾਂ ਨੇ ਸਰਕਾਰੀ ਗੱਡੀ ਭੰਨ ਦਿੱਤੀ ਤੇ ਮੁਲਜ਼ਮ ਨੂੰ ਵੀ ਛੁਡਵਾ ਲਿਆ। ਇਸ ਮਗਰੋਂ ਮੌਕੇ ’ਤੇ ਪਹੁੰਚੀ ਹੋਰ ਪੁਲੀਸ ਫੋਰਸ ਨੇ ਸਥਿਤੀ ਸੰਭਾਲੀ। ਪਿੰਡ ਵਾਸੀਆਂ ਨੇ ਪੁਲੀਸ ’ਤੇ ਉਨ੍ਹਾਂ ਦੀ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਕੁੱਟਮਾਰ ਕਾਰਨ ਜ਼ਖ਼ਮੀ ਹੋਈਆਂ 6 ਔਰਤਾਂ ਢੁੱਡੀਕੇ ਸਿਵਲ ਹਸਪਤਾਲ ’ਚ ਦਾਖ਼ਲ ਹਨ।
ਥਾਣਾ ਅਜੀਤਵਾਲ ’ਚ ਹੌਲਦਾਰ ਹਰਜਿੰਦਰ ਸਿੰਘ ਦੇ ਬਿਆਨ ’ਤੇ ਜਬਰ ਜਨਾਹ ਦੇ ਮੁਲਜ਼ਮ ਸਿਪਾਹੀ ਸਰਬਜੀਤ ਸਿੰਘ ਤੋਂ ਇਲਾਵਾ ਦਰਸ਼ਨ ਸਿੰਘ, ਡਿੰਪਲ, ਗੁਨ, ਬਲਦੀਪ ਸਿੰਘ, ਰਿੰਕੂ, ਰਾਜਪ੍ਰੀਤ ਸਿੰਘ ਉਰਫ਼ ਜੀਤਾ, ਅੰਗਰੇਜ਼ ਸਿੰਘ, ਰਵੀ, ਬਿੰਕਰ ਕੌਰ ਉਰਫ਼ ਲੰਮੋ, ਰਣਜੀਤ ਕੌਰ, ਕਰਮਜੀਤ ਕੌਰ, ਰਮਨਦੀਪ ਕੌਰ, ਸੁਮਨਦੀਪ ਕੌਰ, ਹਰਜਿੰਦਰ ਕੌਰ ਤੇ ਚਰਨੋ ਅਤੇ 15/20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਐੱਸਪੀ ਰਤਨ ਸਿੰਘ ਬਰਾੜ ਦੀ ਅਗਵਾਈ ਹੇਠ ਡੀਐੱਸਪੀ (ਸਥਾਨਕ) ਕੁਲਜਿੰਦਰ ਸਿੰਘ ਸੰਧੂ, ਡੀਐੱਸਪੀ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਨੇ ਵੀ ਪਿੰਡ ਝੰਡੇਆਣਾ ਸ਼ਰਕੀ ਪਹੁੰਚ ਕੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ।
ਉਨ੍ਹਾਂ ਔਰਤਾਂ ਦੀ ਕੁੱਟ-ਮਾਰ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਨ੍ਹਾਂ ਬਚਾਅ ਲਈ ਝੂਠੀ ਕਹਾਣੀ ਘੜੀ ਹੈ। ਉਨ੍ਹਾਂ ਦੱਸਿਆ ਕਿ ਹੌਲਦਾਰ ਦਾ ਪਰਸ ਖੋਹਣ, ਪੁਲੀਸ ਦੀ ਮਾਰਕੁੱਟ ਕਰਨ, ਸਰਕਾਰੀ ਗੱਡੀ ਦੀ ਭੰਨ ਤੋੜ ਕਰਨ ਤੇ ਸਰਕਾਰੀ ਕੰਮ ਵਿੱਚ ਵਿਘਣ ਪਾਉਣ ਦੇ ਦੋਸ਼ ਹੇਠ ਤਕਰੀਬਨ 35 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

Previous articleਸ਼ਾਹ ਦੀ ਜਵਾਬਦੇਹੀ ਤੈਅ ਕਰਨੀ ਬਣਦੀ ਹੈ: ਡੀ. ਰਾਜਾ
Next articleਦਰੋਣਾਚਾਰੀਆ ਐਵਾਰਡ ਜੇਤੂ ਜੋਗਿੰਦਰ ਸੈਣੀ ਦਾ ਦੇਹਾਂਤ