ਜਪਾਨ ਦੇ ਐਨੀਮੇਸ਼ਨ ਸਟੂੁਡੀਓ ਵਿੱਚ ਅੱਗ ਲੱਗੀ; 33 ਮੌਤਾਂ

ਕਿਸੇ ਵਿਅਕਤੀ ਨੇ ਇਮਾਰਤ ’ਤੇ ਤਰਲ ਪਦਾਰਥ ਸੁੱਟ ਕੇ ਅੱਗ ਲਗਾਈ

ਜਪਾਨ ਦੇ ਸ਼ਹਿਰ ਕਯੋਟੋ ਵਿੱਚ ਇੱਕ ਐਨੀਮੇਸ਼ਨ ਪ੍ਰੋਡਕਸ਼ਨ ਕੰਪਨੀ ਦੀ ਇਮਾਰਤ ਵਿੱਚ ਅੱਗ ਲੱਗਣ ਨਾਲ 33 ਲੋਕਾਂ ਦੀ ਮੌਤ ਹੋ ਗਈ ਅਤੇ 36 ਹੋਰ ਝੁਲਸ ਗਏ। ਪੁਲੀਸ ਨੇ ਦੱਸਿਆ ਕਿ ਇੰਜ ਲੱਗ ਰਿਹਾ ਸੀ ਜਿਵੇਂ ਜਾਣ-ਬੁੱਝ ਕੇ ਅੱਗ ਲਗਾਈ ਗਈ ਹੋਵੇ ਪਰ ਇਸ ਦੇ ਪਿੱਛੇ ਮਕਸਦ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ। ਫਾਇਰ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ ਕਿਉਂਕਿ ਅਜੇ ਤੱਕ ਸੜ ਕੇ ਸੁਆਹ ਹੋਈ ਇਮਾਰਤ ਵਿੱਚੋਂ ਲਾਸ਼ਾਂ ਕੱਢੀਆਂ ਜਾ ਰਹੀਆਂ ਹਨ। ਇਮਾਰਤ ਦੀ ਦੂਜੀ ਮੰਜ਼ਿਲ ਅਤੇ ਛੱਤ ਵੱਲ ਜਾਂਦੀਆਂ ਪੌੜੀਆਂ ’ਚੋਂ ਮਿਲੀਆਂ ਲਾਸ਼ਾਂ ਨਾਲ ਮ੍ਰਿਤਕਾਂ ਦੀ ਗਿਣਤੀ 33 ’ਤੇ ਪੁੱਜ ਗਈ ਹੈ। ਅਧਿਕਾਰੀਆਂ ਅਨੁਸਾਰ ਇਸ ਅੱਗਜ਼ਨੀ ਵਿੱਚ ਝੁਲਸੇ 36 ਲੋਕਾਂ ਵਿੱਚੋਂ 10 ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਥਾਨਕ ਮੀਡੀਆ ਅਨੁਸਾਰ ਜਿਸ ਵੇਲੇ ਅੱਗ ਸ਼ੁਰੂ ਹੋਈ ਉਦੋਂ ਇਮਾਰਤ ਦੇ ਅੰਦਰ ਕਰੀਬ 70 ਲੋਕ ਮੌਜੂਦ ਸਨ। ਫਾਇਰ ਵਿਭਾਗ ਤੇ ਤਰਜਮਾਨ ਨੇ ਦੱਸਿਆ, ‘‘ਉਨ੍ਹਾਂ ਨੂੰ ਸਵੇਰੇ 10:35 ’ਤੇ ਅੱਗ ਲੱਗਣ ਬਾਰੇ ਫੋਨ ਆਉਣੇ ਸ਼ੁਰੂ ਹੋਏ। ਫੋਨ ਕਰਨ ਵਾਲਿਆਂ ਨੇ ਦੱਸਿਆ ਕਿ ਕਯੋਟੋ ਐਨੀਮੇਸ਼ਨ ਦੀ ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਜ਼ੋਰਦਾਰ ਧਮਾਕੇ ਦੀ ਆਵਾਜ਼ ਆਈ ਅਤੇ ਚਾਰੇ ਪਾਸੇ ਧੂੰਆਂ ਫੈਲ ਗਿਆ।’’ ਪੁਲੀਸ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਜਾਣਬੁੱਝ ਕੇ ਅੱਗ ਲਾਏ ਜਾਣ ਦਾ ਸ਼ੱਕ ਹੈ। ਪੁਲੀਸ ਦੇ ਤਰਜਮਾਨ ਨੇ ਦੱਸਿਆ, ‘‘ਇੱਕ ਵਿਅਕਤੀ ਨੇ ਕੋਈ ਜਲਣਸ਼ੀਲ ਤਰਲ ਪਦਾਰਥ ਇਮਾਰਤ ’ਤੇ ਸੁੱਟਿਆ ਅਤੇ ਅੱਗ ਲਗਾ ਦਿੱਤੀ।’’ ਸਰਕਾਰੀ ਚੈਨਲ ਐਨਐਓਕੇ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਘਟਨਾ ਸਬੰਧੀ ਹਿਰਾਸਤ ਵਿੱਚ ਲਿਆ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

Previous articleਲੁਧਿਆਣਾ ਸਿਟੀ ਸੈਂਟਰ ਘੁਟਾਲੇ ਦੀ ਫਾਈਲ ਗੁੰਮ
Next articleਮੂਨਕ ਨੇੜੇ ਘੱਗਰ ’ਚ ਪਿਆ 70 ਫੁੱਟ ਚੌੜਾ ਪਾੜ