ਜਗਤਾਰ ਜੌਹਲ ਦੀ ਰਿਹਾਈ ਲਈ ਲੰਡਨ ਵਿੱਚ ਬੌਰਿਸ ਜੌਹਸਨ ਦੇ ਘਰ ਬਾਹਰ ਪ੍ਰਦਰਸ਼ਨ

ਜਲੰਧਰ (ਸਮਾਜ ਵੀਕਲੀ) : ਇੰਗਲੈਂਡ ਦੇ ਨਾਗਰਿਕ ਜਗਤਾਰ ਸਿੰਘ ਜੱਗੀ ਨੂੰ ਜਲੰਧਰ ਦੇ ਰਾਮਾਮੰਡੀ ਇਲਾਕੇ ਵਿੱਚੋਂ ਤਿੰਨ ਸਾਲ ਪਹਿਲਾਂ ਪੰਜਾਬ ਪੁਲੀਸ ਨੇ ਉਦੋਂ ਚੁੱਕ ਲਿਆ ਸੀ ਜਦੋਂ ਉਹ ਆਪਣੀ ਪਤਨੀ ਅਤੇ ਭੈਣ ਨਾਲ ਖਰੀਦੋ-ਫਰੋਖਤ ਕਰਨ ਲਈ ਆਇਆ ਹੋਇਆ ਸੀ। ਜੌਹਲ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਲਈ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਦੇ ਘਰ ਦੇ ਬਾਹਰ 10 ਡਾਊਨਿੰਗ ਸਟਰੀਟ ਲੰਡਨ ਵਿਖੇ ਸਿੱਖ ਸੰਗਤਾਂ ਨੇ ਵਿਖਾਵਾ ਕੀਤਾ।

ਜੱਗੀ ਜੌਹਲ ਜਲੰਧਰ ਦੇ ਕਸਬਾ ਜੰਡਿਆਲਾ ਮੰਜਕੀ ਦਾ ਰਹਿਣ ਵਾਲਾ ਹੈ ਤੇ ਅਕਤੂਬਰ 2017 ਵਿੱਚ ਉਹ ਵਿਆਹ ਕਰਵਾਉਣ ਲਈ ਭਾਰਤ ਆਇਆ ਹੋਇਆ ਸੀ ਤੇ ਵਿਆਹ ਤੋਂ ਹਫਤੇ ਬਾਅਦ ਹੀ ਪੰਜਾਬ ਪੁਲੀਸ ਨੇ ਉਸ ਨੂੰ ਚੁੱਕ ਲਿਆ। ਇੰਗਲੈਂਡ ਦੇ 100 ਦੇ ਕਰੀਬ ਐਮਪੀਜ਼ ਨੇ ਉਸ ਦੀ ਰਿਹਾਈ ਲਈ ਅਵਾਜ਼ ਵੀ ਉਠਾਈ ਸੀ। ਜੱਗੀ ਜੌਹਲ ‘ਤੇ 10 ਦੇ ਕਰੀਬ ਕੇਸ ਪਾਏ ਹੋਏ ਹਨ ਤੇ ਕਈਆਂ ਵਿੱਚੋਂ ਤਾਂ ਉਹ ਬਰੀ ਵੀ ਹੋ ਗਿਆ ਹੈ। ਵਿਖਾਵਾ ਕਰ ਰਹੇ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੂੰ ਅਪੀਲ ਕੀਤੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਦਬਾਅ ਪਾ ਕੇ ਜੌਹਲ ਦੀ ਰਿਹਾਈ ਯਾਕੀਨੀ ਬਣਾਉਣ।

ਸ ਮੌਕੇ ਮੁਜਾਹਰੇ ਨੂੰ ਜਗਤਾਰ ਸਿੰਘ ਜੱਗੀ ਜੌਹਲ ਦੇ ਭਰਾ ਭਾਈ ਗੁਰਪ੍ਰੀਤ ਸਿੰਘ ਜੌਹਲ, ਫੈਡਰੇਸ਼ਨ ਸਿੱਖ ਆਰਗੇਨਾਈਜੇਸ਼ਨਜ਼ ਯੂਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸ਼ਿੰਦਰ ਸਿੰਘ ਡੱਲੇਵਾਲ, ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ, ਭਾਈ ਦਵਿੰਦਰਜੀਤ ਸਿੰਘ, ਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਭਾਈ ਸਮਸ਼ੇਰ ਸਿੰਘ, ਸਿੱਖ ਯੂਥ ਯੂਕੇ ਦੇ ਭਾਈ ਦੀਪਾ ਸਿੰਘ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਰਾਜਮਨਵਿੰਦਰ ਸਿੰਘ ਕੰਗ, ਭਾਈ ਅਵਤਾਰ ਸਿੰਘ ਖੰਡਾ, ਭਾਈ ਅਵਤਾਰ ਸਿੰਘ ਲਿੱਧੜ ਡਰਬੀ ਸਮੇਤ ਸਿੱਖ ਬੀਬੀਆਂ ਨੇ ਸੰਬੋਧਨ ਕੀਤਾ।

Previous articleਮੋਦੀ ਨੇ ਪਿਛਲੇ ਛੇ ਸਾਲਾਂ ’ਚ ਅਸੰਗਠਿਤ ਅਰਥਚਾਰੇ ਨੂੰ ਤਬਾਹ ਕੀਤਾ: ਰਾਹੁਲ ਗਾਂਧੀ
Next articleਯੈੱਸ ਬੈਂਕ ਘੁਟਾਲਾ: ਵਧਾਵਨ ਭਰਾਵਾਂ ਨੂੰ ਜ਼ਮਾਨਤ