ਛੱਤਰੀ ਤੇ ਸਾਇਕਲ ਦੀ ਖਾਹਿਸ਼ ਨੂੰ ਯਾਦ ਕਰਦਿਆਂ

ਡਾ. ਨੌਰੰਗ ਸਿੰਘ ਮਾਂਗਟ

(ਸਮਾਜ ਵੀਕਲੀ)

ਡਾ. ਨੌਰੰਗ ਸਿੰਘ ਮਾਂਗਟ: ਗੁਰੂ ਅਮਰ ਦਾਸ ਅਪਾਹਜ ਆਸ਼ਰਮ, ਸਰਾਭਾ
ਇੰਡੀਆ:95018-42506, ਕੈਨੇਡਾ: 403-401-8787

ਆਮ ਕਹਾਵਤ ਹੈ ‘ਜੀਵੇ ਆਸਾ, ਮਰੇ ਨਿਰਾਸਾ’। ਆਸ ਨਾਲ ਹੀ ਇਨਸਾਨ ਮਿਹਨਤ ਕਰਦਾ ਹੈ। ਕਿਸੇ ਦੀ ਖਾਹਿਸ਼ ਛੋਟੀ ਹੁੰਦੀ ਹੈ, ਕਿਸੇ ਦੀ ਵੱਡੀ। ਅੱਜ ਤੋਂ ਪੰਜ-ਛੇ ਦਹਾਕੇ ਪਹਿਲਾਂ ਛੋਟੇ ਹੁੰਦਿਆਂ ਮੇਰੀ ਖਾਹਿਸ਼ ਹੁੰਦੀ ਸੀ ਛੱਤਰੀ ਤੇ ਸਾਇਕਲ। ਕਹਾਣੀ ਇਸ ਤਰ੍ਹਾਂ ਸੀ ਕਿ ਸਾਡੇ ਪਰਿਵਾਰ ਦਾ ਮੁੱਖ ਕਿੱਤਾ ਖੇਤੀ–ਬਾੜੀ ਸੀ। ਇਸ ਕਰਕੇ ਮੈਨੂੰ ਪੜ੍ਹਾਈ ਕਰਨ ਦੇ ਨਾਲ-ਨਾਲ ਖੇਤੀ ਵਿੱਚ ਵੀ ਹੱਥ ਵਟਾਉਣਾ ਪੈਂਦਾ ਸੀ। ਖੇਤੀ ਦੇ ਕੰਮਾਂ ‘ਚੋਂ ਮੱਝਾਂ ਚਾਰਨੀਆਂ, ਪਸ਼ੂਆਂ ਲਈ ਪੱਠੇ ਵੱਢਣੇ ਆਦਿ ਤਾਂ ਸੌਖੇ ਲੱਗਦੇ ਸੀ। ਪਰ ਚਾਰ-ਪੰਜ ਕੰਮ ਬੇਹੱਦ ਮੁਸ਼ਕਲ ਸਨ ।

ਸਭ ਤੋਂ ਔਖਾ ਕੰਮ ਸੀ ਛੁੱਟੀਆਂ ਦੌਰਾਨ 10-11 ਦਿਨ ਲਗਾਤਾਰ ਰੋਜ਼ਾਨਾ 9-10 ਘੰਟੇ ਕੜੱਕਦੀ ਧੁੱਪ ਵਿੱਚ ਦਾਤੀਆਂ ਨਾਲ ਕਣਕ (ਹਾੜੀ) ਵੱਢਣੀ। ਕਣਕ ਵੱਢਣ ਸਮੇਂ ਇੱਕ ਤਾਂ ਧੁੱਪ ਬੁਰਾ ਹਾਲ ਕਰਦੀ ਸੀ । ਦੂਜਾ ਜਿਹੜਾ ਮਿੱਟੀ-ਘੱਟਾ ਮੂੰਹ-ਗਰਦਨ ‘ਤੇ ਪੈ ਜਾਂਦਾ ਸੀ, ਉਹ ਬਹੁਤ ਤੰਗ ਕਰਦਾ ਸੀ। ਘਰ ਤੋਂ ਦੂਰ ਖੇਤਾਂ ਵਿੱਚ ਕਣਕ ਵੱਢਦਿਆਂ ਪਾਣੀ ਪੀਣ ਨੂੰ ਵੀ ਤਰਸ ਜਾਈਦਾ ਸੀ। ਉਸ ਸਮੇਂ ਦੇ ਪ੍ਰਬੰਧਾਂ ਮੁਤਾਬਕ ਹਾੜੀ ਦੀ ਵਾਢੀ ‘ਚ ਸਾਡੇ ਨੇੜੇ-ਤੇੜੇ ਜਮੀਨਾਂ ਵਾਲੇ 10-12 ਪਰਿਵਾਰਾਂ ਦੇ ਕਣਕ ਵੱਢਦੇ ਬੰਦਿਆਂ ਨੂੰ ਨਿਹਾਲੀ ਤਾਈ (ਝਿਉਰੀ) ਪਾਣੀ ਪਿਲਾਉਂਦੀ ਹੁੰਦੀ ਸੀ। ਉਸਨੇ ਸਿਰ ‘ਤੇ ਪਾਣੀ ਦਾ ਘੜਾ ਰੱਖਿਆ ਹੁੰਦਾ ਸੀ। ਜਿੱਥੇ-ਜਿੱਥੇ ਵੀ ਕੋਈ ਕਣਕ ਵੱਢਦਾ ਹੁੰਦਾ ਸੀ ਉੱਥੇੇ ਹੀ ਖੇਤਾਂ ਵਿੱਚ ਜਾ ਕੇ ਪਾਣੀ ਪਿਲਾਈ ਜਾਂਦੀ ਸੀ। ਕਈ ਵਾਰ ਜਦੋਂ ਉਸ ਨੂੰ ਜ਼ਿਆਦਾ ਦੇਰ ਹੋ ਜਾਣੀ ਤਾਂ ਪਿਆਸ ਨਾਲ ਮੂੰਹ ਸੁੱਕਣ ਲੱਗ ਜਾਣਾ। ਫਿਰ ਉੱਠ-ਉੱਠ ਕੇ ਦੇਖਣਾ ਕਿ ਘੜੇ ਵਾਲੀ ਤਾਈ ਕਿੱਥੇ ਕੁ ਆ ਰਹੀ ਹੈ।

ਦੂਜਾ ਸਖ਼ਤ ਕੰਮ ਸੀ ਜੇਠ-ਹਾੜ (ਮਈ-ਜੂਨ) ਦੇ ਮਹੀਨੇ ਕਣਕ ਦੀ ਗਹਾਈ ਲਈ ਫਲ੍ਹਾ ਹੱਕਣਾ ਅਤੇ ਫਿਰ ਮਸ਼ੀਨੀ ਯੁੱਗ ਆਉਣ ਤੋਂ ਬਾਅਦ ਕਣਕ ਕੱਢਣ ਲਈ ਥਰੈਸ਼ਰ ਤੇ ਕੰਮ ਕਰਨਾ । ਤੀਜਾ ਔਖਾ ਕੰਮ ਸੀ ਗਰਮੀਆਂ ਵਿੱਚ ਪਿੰਡ ਦੀਆਂ ਰੂੜੀਆਂ ‘ਚੋਂ ਪਸ਼ੂਆਂ ਦੇ ਗਲ਼ੇ-ਸੜੇੇ ਗੋਹੇ ਦੀ ਖਾਦ ਲਿਜਾ ਕੇ ਖੇਤਾਂ ਵਿੱਚ ਪਾਉਣੀ । ਚੌਥਾ ਕਰੜਾ ਕੰਮ ਸੀ ਸਾਉਣ-ਭਾਦੋਂ ਦੀ ਧੁੱਪ ਵਿੱਚ ਮੱਕੀ, ਕਪਾਹ ਅਤੇ ਕਮਾਦ ਦੀ ਗੁਡਾਈ ਕਰਨੀ । ਪੰਜਵਾਂ ਅਤੀ ਕਠਿਨ ਕੰਮ ਸੀ ਸਉਣ-ਭਾਦੋਂ ‘ਚ ਮੱਕੀ ਤੇ ਕਪਾਹ ‘ਚੋਂ ਕੱਖ ਕੱਢਣੇ । ਅਜਿਹੇ ਔਖੇ ਕੰਮ ਕਰਦਿਆਂ ਪਸੀਨੇ ਨਾਲ ਭਿੱਜੇ ਨੂੰ ਇਹ ਪੰਕਤੀਆ ਅਕਸਰ ਹੀ ਯਾਦ ਆਉਂਦੀਆਂ: “ਜੱਟਾ ਤੇਰੀ ਜੂਨ ਬੁਰੀ, ਹਲ ਛੱਡ ਕੇ ਚਰ੍ਹੀ ਨੂੰ ਜਾਵੇਂ” ਅਤੇ “ਭਾਦੋਂ ਦਾ ਭਜਾਇਆ ਜੱਟ ਸਾਧ ਹੋ ਗਿਆ”। ਇਸ ਧੁੱਪ ਤੇ ਗਰਮੀ ਦੇ ਸਤਾਏ ਹੋਏ ਨੇ ਮੈਂ ਵੀ ਪ੍ਰਮਾਤਮਾ ਅੱਗੇ ਅਕਸਰ ਅਰਦਾਸ ਕਰਨੀ ਕਿ ਹੇ ਮਾਲਕ ਇਸ ਜੂਨ ‘ਚੋਂ ਕੱਢ ਕੇ ਕੋਈ ਸੌਖਾ ਕੰਮ ਦੇ ਦੇ।

ਅੱਗ ਵਰ੍ਹਦੀ ਧੁੱਪ ਵਿੱਚ ਖੇਤਾਂ ‘ਚ ਕੰਮ ਕਰਦਿਆਂ ਜਦੋਂ ਕਿਸੇ ਪੜ੍ਹੇ-ਲਿਖੇ ਜਾਂ ਹੋਰ ਦਾਨੇ ਪੁਰਸ਼ ਨੂੰ ਸਾਇਕਲ ‘ਤੇ ਜਾਂ ਧੁੱਪ ਤੋਂ ਬਚਣ ਲਈ ਛੱਤਰੀ ਲੈ ਕੇ ਜਾਂਦਿਆਂ ਵੇਖਣਾ ਤਾਂ ਮਨ ਵਿੱਚ ਇੱਛਾ ਪੈਦਾ ਹੋਣੀ ਕਿ ਕੀ ਮੇਰੇ ਕੋਲ ਵੀ ਕਦੇ ਇਸ ਤਰ੍ਹਾਂ ਸਾਇਕਲ, ਛੱਤਰੀ ਹੋਣਗੇ? ਕੀ ਮੇਰੀ ਭਵਿੱਖਤ ਜ਼ਿੰਦਗੀ ਵੀ ਇਹਨਾਂ ਦਾਨੇ ਵਿਅਕਤੀਆਂ ਵਰਗੀ ਅਰਾਮਦਾਇਕ ਹੋਵੇਗੀ? ਉਸ ਸਮੇਂ ਛੱਤਰੀ ਦੀ ਕੀਮਤ ਤਕਰੀਬਨ ਪੰਜ-ਛੇ ਰੁਪਏ, ਨਵੇਂ ਸਾਇਕਲ ਦੀ ਕੀਮਤ ਡੇਢ ਕੁ ਸੌ ਰੁਪਏ ਅਤੇ ਪੁਰਾਣੇ ਦੀ 60-70 ਰੁਪਏ ਹੁੰਦੀ ਸੀ। ਬੇਸ਼ੱਕ ਸਮੇਂ ਦੇ ਨਾਲ ਐਮ.ਐਸਸੀ., ਪੀਐਚ.ਡੀ. ਕਰਨ ਤੋਂ ਬਾਅਦ ਪੀ. ਏ. ਯੂ. ਲੁਧਿਆਣਾ ਅਤੇ ਉਸ ਤੋਂ ਬਾਅਦ ਕੈਨੇਡਾ ਵਿੱਚ ਪ੍ਰੋਫ਼ੈਸਰ-ਸਾਇੰਸਦਾਨ ਦੀ ਨੌਕਰੀ ਕਰਦਿਆਂ ਖਾਹਿਸ਼ਾਂ ਵੀ ਬਦਲਦੀਆਂ ਗਈਆਂ। ਪਰ ਛੋਟੇ ਹੁੰਦਿਆਂ ਧੁੱਪੇ ਖੇਤਾਂ ‘ਚ ਕੰਮ ਕਰਨ ਵੇਲੇ ਮਨ ਚ’ ਉੱਠਦੀ ਛੱਤਰੀ ਤੇ ਸਾਇਕਲ ਦੀ ਖਾਹਿਸ਼ ਅੱਜ ਵੀ ਮੇਰੇ ਜਿਹਨ ਵਿੱਚ ਜਿਉਂ ਦੀ ਤਿਉਂ ਤਾਜਾ ਹੈ।

Previous article‘Russian’ hackers targeted NASA as part of SolarWinds attack
Next article‘Nigerian troops kill Boko Haram militants, take back lost town’