ਚੱਕਰਵਾਤੀ ਤੂਫ਼ਾਨ ‘ਬੁਲਬੁਲ’ ਕਾਰਨ ਪੱਛਮੀ ਬੰਗਾਲ ’ਚ 10 ਮੌਤਾਂ

ਪੱਛਮੀ ਬੰਗਾਲ ਦੇ ਸਾਹਿਲੀ ਜ਼ਿਲ੍ਹਿਆਂ ’ਚ ਅੱਜ ਤੇਜ਼ ਮੀਂਹ ਤੇ ਹਨੇਰੀ ਨਾਲ ਪਹੁੰਚੇ ਸਮੁੰਦਰੀ ਤੂਫਾਨ ‘ਬੁਲਬੁਲ’ ਕਾਰਨ 10 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਸੂਬੇ ਵਿੱਚ 2.73 ਲੱਖ ਪਰਿਵਾਰ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਸਮੁੰਦਰੀ ਤੂਫ਼ਾਨ ਕਾਰਨ ਸ਼ਹਿਰ ਤੇ ਇਸ ਨਾਲ ਲੱਗਦੇ ਉੱਤਰੀ ਤੇ ਦੱਖਣੀ 24 ਪਰਗਨਾ ਤੇ ਪੂਰਬੀ ਮਿਦਨਾਪੁਰ ’ਚ ਸੈਂਕੜੇ ਦਰੱਖਤ ਜੜ੍ਹੋਂ ਉੱਖੜ ਗਏ ਅਤੇ ਸ਼ਹਿਰ ਅੰਦਰ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਉਨ੍ਹਾਂ ਦੱਸਿਆ ਕਿ ਤੂਫਾਨ ਕਾਰਨ 2.73 ਲੱਖ ਪਰਿਵਾਰ ਪ੍ਰਭਾਵਿਤ ਹੋਏ ਹਨ ਤੇ 1.78 ਲੱਖ ਲੋਕਾਂ ਨੂੰ ਰਾਹਤ ਕੈਂਪਾਂ ’ਚ ਭੇਜਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਕੱਲੇ ਉੱਤਰੀ ਪਰਗਨਾ ’ਚ ਹੀ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ’ਚੋਂ ਵਧੇਰੇ ਮੌਤਾਂ ਦਰੱਖਤਾਂ ਹੇਠ ਆਉਣ ਕਾਰਨ ਹੋਈਆਂ ਹਨ। ਇਸੇ ਤਰ੍ਹਾਂ ਦੋ ਹੋਰ ਮੌਤਾਂ ਪੂਰਬੀ ਮਿਦਨਾਪੁਰ ’ਚ ਕੰਧ ਡਿੱਗਣ ਤੇ ਦਰੱਖਣ ਡਿੱਗਣ ਕਾਰਨ ਹੋਈਆਂ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਤੇਜ਼ ਮੀਂਹ ਕਾਰਨ ਡਿੱਗੇ ਦਰੱਖਤ ਹੇਠਾਂ ਆਉਣ ਨਾਲ ਵੀ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਲੋਕ ਆਪਣੇ ਘਰਾਂ ਅੰਦਰ ਹੀ ਬੈਠਣ ਲਈ ਮਜਬੂਰ ਹਨ। ਮੀਂਹ ਹਨੇਰੀ ਕਾਰਨ ਡਿੱਗੇ ਦਰੱਖਤਾਂ ਕਾਰਨ ਮੁੱਖ ਮਾਰਗ ਤੇ ਲਿੰਕ ਸੜਕਾਂ ਬੰਦ ਹੋ ਗਈਆਂ ਹਨ ਜਿਨ੍ਹਾਂ ਨੂੰ ਖੋਲ੍ਹਣ ਲਈ ਐੱਨਡੀਆਰਐੱਫ, ਪੁਲੀਸ, ਫਾਇਰ ਬ੍ਰਿਗੇਡ ਤੇ ਕੋਲਕਾਤਾ ਨਗਰ ਨਿਗਮ ਦੇ ਮੁਲਾਜ਼ਮ ਲੱਗੇ ਹੋਏ ਹਨ। ਸੂਬਾਈ ਆਫਤ ਪ੍ਰਬੰਧਨ ਮੰਤਰੀ ਜਾਵੇਦ ਖਾਨ ਨੇ ਕਿਹਾ ਕਿ ਸੜਕਾਂ ’ਤੇ ਡਿੱਗੇ ਰੁੱਖਾਂ ਨੂੰ ਹਟਾਉਣ ਲਈ ਸਾਰੀਆਂ ਹੰਗਾਮੀ ਸੇਵਾਵਾਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸੇ ਦੌਰਾਨ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅਗਲੇ ਹਫ਼ਤੇ ਉੱਤਰੀ ਬੰਗਾਲ ਦੀ ਆਪਣੀ ਯਾਤਰਾ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਉਹ ਭਲਕੇ ਨਾਮਖਾਨਾ ਤੇ ਬਕਖਾਲੀ ਦੇ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ।

Previous articleਅਯੁੱਧਿਆ: ਧਾਰਮਿਕ ਆਗੂਆਂ ਵੱਲੋਂ ਸ਼ਾਂਤੀ ਕਾਿੲਮ ਰੱਖਣ ਦਾ ਅਹਿਦ
Next articleਭਾਰਤ ਨੇ ਟੀ-20 ਲੜੀ ਜਿੱਤੀ