ਚੰਦਾ ਕੋਛੜ ਤੇ ਧੂਤ ਦੇ ਟਿਕਾਣਿਆਂ ’ਤੇ ਛਾਪੇ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਈਸੀਆਈਸੀਆਈ ਬੈਂਕ ਦੀ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ ਚੰਦਾ ਕੋਛੜ ਤੇ ਵੀਡੀਓਕੌਨ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਨਾਲ ਸਬੰਧਤ ਮੁੰਬਈ ਅਤੇ ਹੋਰ ਥਾਵਾਂ ’ਤੇ ਸਥਿਤ ਕਰੀਬ ਪੰਜ ਦਫ਼ਤਰਾਂ ਤੇ ਰਿਹਾਇਸ਼ੀ ਜਾਇਦਾਦਾਂ ਉੱਤੇ ਛਾਪੇ ਮਾਰੇ ਹਨ। ਇਹ ਮਾਮਲਾ ਬੈਂਕ ਕਰਜ਼ ਧੋਖਾਧੜੀ ਨਾਲ ਸਬੰਧਤ ਹੈ। ਈਡੀ ਅਧਿਕਾਰੀਆਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਐਕਟ ਤਹਿਤ ਚੰਦਾ ਤੇ ਵੇਣੂਗੋਪਾਲ ਨਾਲ ਸਬੰਧਤ ਜਾਇਦਾਦਾਂ ਦੀ ਮੁੰਬਈ ਤੇ ਔਰੰਗਾਬਾਦ ਵਿਚ ਤਲਾਸ਼ੀ ਲਈ ਗਈ ਹੈ। ਏਜੰਸੀ ਨੇ ਚੰਦਾ ਕੋਛੜ, ਦੀਪਕ ਕੋਛੜ, ਧੂਤ ਤੇ ਹੋਰਾਂ ਖ਼ਿਲਾਫ਼ ਬੈਂਕ ਵੱਲੋਂ 1,875 ਕਰੋੜ ਰੁਪਏ ਦਾ ਕਰਜ਼ ਦੇਣ ਦੇ ਮਾਮਲੇ ਵਿਚ ਧੋਖਾਧੜੀ ਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਸੀ। ਆਈਸੀਆਈਸੀਆਈ ਬੈਂਕ ਨੇ ਇਹ ਕਰਜ਼ਾ ਵੀਡੀਓਕੌਨ ਗਰੁੱਪ ਨੂੰ ਦਿੱਤਾ ਸੀ। ਈਡੀ ਇਸ ਮਾਮਲੇ ਵਿਚ ਹੋਰ ਸਬੂਤਾਂ ਦੀ ਭਾਲ ਕਰ ਰਹੀ ਹੈ। ਏਜੰਸੀ ਨੇ ਪੁਲੀਸ ਦੀ ਸਹਾਇਤਾ ਨਾਲ ਇਹ ਛਾਪੇ ਸ਼ੁੱਕਰਵਾਰ ਸਵੇਰ ਮਾਰੇ। ਈਡੀ ਵੱਲੋਂ ਮਨੀ ਲਾਂਡਰਿੰਗ ਨਾਲ ਸਬੰਧਤ ਇਹ ਕੇਸ ਪਿਛਲੇ ਮਹੀਨੇ ਸੀਬੀਆਈ ਨੂੰ ਮਿਲੀ ਇਕ ਸ਼ਿਕਾਇਤ ਮਗਰੋਂ ਦਰਜ ਕੀਤਾ ਗਿਆ ਸੀ। ਕੇਸ ਵਿਚ ਧੂਤ ਵੱਲੋਂ ਸਥਾਪਤ ਇਕ ਕੰਪਨੀ ਸੁਪਰੀਮ ਐਨਰਜੀ, ਦੀਪਕ ਕੋਛੜ ਦੀ ਕੰਪਨੀ ਨੂਪਾਵਰ ਰਿਨਿਊਐਬਲਸ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਕੋਛੜ ਦੀ ਦੱਖਣੀ ਮੁੰਬਈ ਸਥਿਤ ਰਿਹਾਇਸ਼ ਦੀ ਵੀ ਤਲਾਸ਼ੀ ਲਈ ਗਈ ਹੈ। ਏਜੰਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਚੰਦਾ ਕੋਛੜ ਤੇ ਉਨ੍ਹਾਂ ਦੇ ਪਤੀ ਦੀਪਕ ਕੋਛੜ ਦੇ ਨੇੜਲੇ ਰਿਸ਼ਤੇਦਾਰ ਮਹੇਸ਼ ਪੁਗਾਲੀਆ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇਸ ਤੋਂ ਇਲਾਵਾ ਧੂਤ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ। ਛਾਪਿਆਂ ਦੌਰਾਨ ਕੋਈ ਇਤਰਾਜ਼ਯੋਗ ਦਸਤਾਵੇਜ਼ ਜਾਂ ਹੋਰ ਵਸਤ ਕਬਜ਼ੇ ਵਿਚ ਲੈਣ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਇਸ ਕੇਸ ਦੀ ਪੜਤਾਲ ਆਮਦਨ ਕਰ ਵਿਭਾਗ ਵੀ ਕਰ ਰਿਹਾ ਹੈ।

Previous articleਤਬਾਹੀ ਤੇ ਅਸਥਿਰਤਾ ਲਈ ਅਤਿਵਾਦ ਜ਼ਿੰਮੇਵਾਰ: ਸੁਸ਼ਮਾ
Next articleਕੱਚੇ ਕਾਮਿਆਂ ਨੇ ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹਰਾਹ ਕੀਤਾ ਜਾਮ