ਚੰਡੀਗੜ੍ਹ ’ਤੇ ਭਾਰੂ ਪੈ ਰਿਹੈ ਕਿਰਨ-ਟੰਡਨ ਗੁਟਾਂ ਦਾ ‘ਵਿਵਾਦ’

ਸੰਸਦ ਮੈਂਬਰ ਕਿਰਨ ਖੇਰ ਅਤੇ ਭਾਜਪਾ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸੰਜੇ ਟੰਡਨ ਦੇ ਧੜਿਆਂ ਵਿਚ ਆਪਸੀ ਵੱਖਰੇਵਿਆਂ ਕਾਰਨ ਸ਼ਹਿਰ ਦਾ ਵਿਕਾਸ ਰੁਕ ਗਿਆ ਜਾਪਦਾ ਹੈ। ਨਗਰ ਨਿਗਮ ਦੀ ਹਰੇਕ ਮੀਟਿੰਗ ਵਿਚ ਟੰਡਨ ਧੜੇ ਦੇ ਕੌਸਲਰ ਤੇ ਸਾਬਕਾ ਮੇਅਰ ਅਰੁਣ ਸੂਦ ਅਤੇ ਕਿਰਨ ਧੜੇ ਦੇ ਕੌਂਸਲਰ ਤੇ ਸਾਬਕਾ ਮੇਅਰ ਦਿਵੇਸ਼ ਮੌਦਗਿੱਲ ਦੀ ਹਰੇਕ ਮੁੱਦੇ ਉਪਰ ਹੁੰਦੀ ਆ ਰਹੀ ਸ਼ਬਦੀ ਜੰਗ ਕਾਰਨ ਸ਼ਹਿਰ ਦਾ ਕੋਈ ਵੀ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਰਿਹਾ। ਨਿਗਮ ਵੱਲੋਂ ਪੇਡ ਪਾਰਕਿੰਗ ਦੇ ਪਹਿਲੇ ਠੇਕੇਦਾਰ ਦਾ ਠੇਕਾ ਰੱਦ ਕਰਨ ਤੋਂ ਲੰਮੇਂ ਸਮੇਂ ਬਾਅਦ ਵੀ ਭਾਜਪਾ ਵਿਚਲੇ ਵਿਵਾਦ ਕਾਰਨ ਪੇਡ ਪਾਰਕਿੰਗ ਦੀ ਨਵੀਂ ਨੀਤੀ ਨਹੀਂ ਬਣ ਸਕੀ। ਨਿਗਮ ਨੇ ਪੇਡ ਪਾਰਕਿੰਗ ਦੇ ਮਾਮਲੇ ਵਿਚ ਨਵੀਂ ਨੀਤੀ ਬਣਾਉਣ ਲਈ ਭਾਜਪਾ ਦੇ ਕੌਸਲਰ ਅਰੁਣ ਸੂਦ ਦੀ ਅਗਵਾਈ ਹੇਠ ਕਮੇਟੀ ਬਣਾਈ ਹੈ। ਇਸ ਕਮੇਟੀ ਨੇ ਨਿਗਮ ਦੀਆਂ ਚਾਰ ਮੀਟਿੰਗਾਂ ਵਿਚ ਨਵੀਂ ਨੀਤੀ ਰੱਖੀ ਸੀ ਪਰ ਕਿਰਨ ਧੜੇ ਦੇ ਸ੍ਰੀ ਮੌਦਗਿੱਲ ਤੇ ਡਿਪਟੀ ਮੇਅਰ ਕੰਵਰਜੀਤ ਸਿੰਘ ਰਾਣਾ ਅਤੇ ਟੰਡਨ ਧੜੇ ਦੇ ਅਰੁਣ ਸੂਦ ਤੇ ਆਸ਼ਾ ਜਸਵਾਲ ਵਿਚਕਾਰ ਇਸ ਮੁੱਦੇ ਉਪਰ ਸਿਆਸੀ ਤੌਰ ’ਤੇ ਇਕ-ਦੂਸਰੇ ਨੂੰ ਠਿੱਬੀ ਲਾਉਣ ਦੀ ਚਲਦੀ ਬਹਿਸ ਦੌਰਾਨ ਨਵੀਂ ਨੀਤੀ ਸਿਰੇ ਨਹੀਂ ਚੜ੍ਹ ਰਹੀ। ਦੱਸਣਯੋਗ ਹੈ ਕਿ ਨਿਗਮ ਦੀ ਜਨਰਲ ਮੀਟਿੰਗ ’ਤੇ ਹਜ਼ਾਰਾਂ ਰੁਪਏ ਖਰਚਾ ਆਉਂਦਾ ਹੈ ਅਤੇ ਭਾਜਪਾ ਦੇ ਕਲੇਸ਼ ਕਾਰਨ ਨਿਗਮ ਦੀਆਂ ਚਾਰ ਮੀਟਿੰਗਾਂ ਖੂਹਖਾਤੇ ਪੈ ਚੁੱਕੀਆਂ ਹਨ। ਇਸ ਤੋਂ ਇਲਾਵਾ ਪੇਡ ਪਾਰਕਿੰਗ ਦੀ ਨਵੀਂ ਨੀਤੀ ਬਣਾਉਣ ਲਈ ਸ੍ਰੀ ਸੂਦ ਦੀ ਅਗਵਾਈ ਹੇਠ ਬਣਾਈ ਕਮੇਟੀ ਵੀ ਕਈ ਮੀਟਿੰਗਾਂ ਕਰ ਚੁੱਕੀ ਹੈ। ਪੇਡ ਪਾਰਕਿੰਗ ਦੇ ਪਿੱਛਲੇ ਠੇਕੇਦਾਰ ਨੂੰ ਕਿਰਨ ਧੜੇ ਦੇ ਕੌਸਲਰ ਸ੍ਰੀ ਸੂਦ ਦੇ ਨਜ਼ਦੀਕੀ ਦੱਸਦੇ ਸਨ ਅਤੇ ਸ੍ਰੀ ਮੌਦਗਿਲ ਨੇ ਮੇਅਰ ਬਣਦਿਆਂ ਹੀ ਉਸ ਠੇਕੇਦਾਰ ਦਾ ਸ਼ਿਕੰਜ਼ਾ ਕੱਸ ਦਿੱਤਾ ਸੀ। ਇਸ ਕਾਰਨ ਦੋਵਾਂ ਧਿਰਾਂ ਵਿਚਕਾਰ ਪੇਡ ਪਾਰਕਿੰਗ ਦੇ ਮੁੱਦੇ ਉਪਰ ਪਿੱਛਲੇ ਸਮੇਂ ਤੋਂ ਹੀ ਸਿਆਸਤ ਚਲਦੀ ਆ ਰਹੀ ਹੈ। ਕਿਰਨ ਦਾ ਧੜਾ ਇਹ ਮਹਿਸੂਸ ਕਰਦਾ ਹੈ ਕਿ ਮੇਅਰ ਰਾਜੇਸ਼ ਕਾਲੀਆ ਨੂੰ ਪਰਦੇ ਪਿੱਛੇ ਸ੍ਰੀ ਸੂਦ ਹੀ ਚਲਾ ਰਿਹਾ ਹੈ। ਭਾਜਪਾ ਦੇ ਦੋ ਧੜਿਆਂ ਵਿਚਲੇ ਇਸ ਕਲੇਸ਼ ਕਾਰਨ ਹੁਕਮਰਾਨ ਪਾਰਟੀ ਲੋਕਾਂ ਦੇ ਮੁੱਦਿਆਂ ਤੋਂ ਮੁੱਖ ਮੋੜੀ ਬੈਠੀ ਹੈ। ਸੰਸਦ ਮੈਂਬਰ ਕਿਰਨ ਖੇਰ 23 ਮਈ ਨੂੰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਤਕਰੀਬਨ ਸ਼ਹਿਰ ਤੋਂ ਬਾਹਰ ਹੀ ਹਨ। ਪਹਿਲਾਂ ਉਹ ਕੁਝ ਸਮੇਂ ਲਈ ਘੁੰਮਣ ਵਿਦੇਸ਼ ਗਏ ਸਨ ਅਤੇ ਅੱਜਕੱਲ੍ਹ ਉਹ ਪਾਰਲੀਮੈਂਟ ਸੈਸ਼ਨ ਵਿਚ ਰੁਝੇ ਹੋਣ ਕਾਰਨ ਦਿੱਲੀ ਵਿੱਚ ਹਨ। ਉਨ੍ਹਾਂ ਦੇ ਸੈਸ਼ਨ ਤੋਂ ਬਾਅਦ ਹੀ ਚੰਡੀਗੜ੍ਹ ਆਉਣ ਦੀ ਸੰਭਾਵਨਾ ਹੈ। ਚੋਣਾਂ ਤੋਂ ਬਾਅਦ ਹਾਊਸਿੰਗ ਬੋਰਡ ਨੇ ਸੈਕਟਰ-41 ਦੇ ਤਕਰੀਬਨ 628 ਫਲੈਟਾਂ ਵਿਚ ਕੀਤੀਆਂ ਵਾਧੂ ਉਸਾਰੀਆਂ ਨੂੰ ਢਾਹੁਣ ਦੇ ਨੋਟਿਸ ਜਾਰੀ ਕਰ ਦਿੱਤੇ ਹਨ। ਬੋਰਡ ਨੇ ਅੱਜ ਤੋਂ ਇਨ੍ਹਾਂ ਫਲੈਟਾਂ ਉਪਰ ਕੁਹਾੜਾ ਚਲਾਉਣਾ ਸੀ ਪਰ ਪੁਲੀਸ ਪ੍ਰਬੰਧ ਨਾ ਹੋਣ ਕਾਰਨ ਇਹ ਮੁਹਿੰਮ ਅੱਗੇ ਪਾ ਦਿੱਤੀ ਗਈ ਹੈ। ਇਨ੍ਹਾਂ ਫਲੈਟਾਂ ਦੇ ਮਾਲਕ ਆਪਣੇ ਮਕਾਨਾਂ ਨੂੰ ਬਚਾਉਣ ਲਈ ਹਾੜੇ ਕੱਢ ਰਹੇ ਹਨ ਪਰ ਅੱਜ ਤਕ ਭਾਜਪਾ ਦੇ ਕਿਸੇ ਵੀ ਲੀਡਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ।

Previous articleਰਾਹੁਲ ਵੱਲੋਂ ਹਾਰ ਮਗਰੋਂ ਪਹਿਲੀ ਵਾਰ ਅਮੇਠੀ ਦਾ ਦੌਰਾ
Next articleਮੋਟਰਸਾਈਕਲ ਨਹਿਰ ’ਚ ਡਿੱਗਿਆ, ਨੌਜਵਾਨ ਦੀ ਮੌਤ; ਸਾਥੀ ਜ਼ਖ਼ਮੀ