ਚੰਡੀਗੜ੍ਹ ’ਚੋਂ ਕਰਫਿਊ ਖ਼ਤਮ; ਲੌਕਡਾਊਨ ਰਹੇਗਾ ਜਾਰੀ

ਚੰਡੀਗੜ੍ਹ (ਸਮਾਜਵੀਕਲੀ) ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 3 ਮਈ ਦੀ ਅੱਧੀ ਰਾਤ ਤੋਂ ਸ਼ਹਿਰ ਵਿੱਚ ਕਰਫਿਊ ਹਟਾ ਦਿੱਤਾ ਜਾਵੇਗਾ ਜਦਕਿ ਲੌਕਡਾਊਨ 17 ਮਈ ਤੱਕ ਜਾਰੀ ਰਹੇਗਾ। ਇਸ ਗੱਲ ਦਾ ਪ੍ਰਗਟਾਵਾ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੋਮਵਾਰ ਤੋਂ ਸ਼ਹਿਰ ਵਿੱਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਔਡ-ਈਵਨ ਫਾਰਮੂਲੇ ਤਹਿਤ ਖੁੱਲ੍ਹਣਗੀਆਂ ਅਤੇ ਸੜਕਾਂ ’ਤੇ ਵਾਹਨ ਵੀ ਇਸੇ ਨੀਤੀ ਨਾਲ ਚੱਲਣਗੇ।

ਇਸੇ ਦੌਰਾਨ ਚੰਡੀਗੜ੍ਹ ਵਿਚ ਸ਼ਰਾਬ ਦੇ ਠੇਕੇ ਖੁੱਲ੍ਹ ਜਾਣਗੇ, ਪਰ ਅਹਾਤੇ ਬੰਦ ਰਹਿਣਗੇ। ਸ਼ਰਾਬ ਦੇ ਠੇਕੇ ਕਰੋਨਾ ਪ੍ਰਭਾਵਿਤ ਜ਼ੋਨ ਵਿਚ ਨਹੀਂ ਖੁੱਲ੍ਹਣਗੇ ਅਤੇ ਸ਼ਹਿਰ ਵਿਚ ਪੰਜ ਤੋਂ ਵੱਧ ਲੋਕਾਂ ਦੇ ਇਕੱਠ ’ਤੇ ਪਾਬੰਦੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ 4 ਮਈ ਹੈ ਅਤੇ ਜਿਨ੍ਹਾਂ ਦੁਕਾਨਾਂ ਅਤੇ ਵਾਹਨਾਂ ਦਾ ਆਖਰੀ ਨੰਬਰ 2, 4, 6 ਹੈ, ਉਨ੍ਹਾਂ ਦੁਕਾਨਦਾਰਾਂ ਨੂੰ ਹੀ ਦੁਕਾਨਾਂ ਖੋਲ੍ਹਣ ਦੀ ਇਜ਼ਾਜ਼ਤ ਦਿੱਤੀ ਜਾਵੇਗੀ ਤੇ ਸੜਕ ’ਤੇ ਇਸੇ ਈਵਨ ਨੰਬਰ ਵਾਲੇ ਵਾਹਨਾਂ ਨੂੰ ਚਲਣ ਦੀ ਪ੍ਰਵਾਨਗੀ ਦਿੱਤੀ ਜਾਵੇਗਾ।

ਇਸੇ ਤਰ੍ਹਾਂ ਔਡ ਨੰਬਰ ਵਾਲੇ ਵਾਹਨਾਂ ਨੂੰ ਪ੍ਰਵਾਨਗੀ ਵੀ ਇਸੇ ਨੀਤੀ ਤਹਿਤ 5 ਮਈ ਤੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਰਿਆਣਾ, ਸਬਜ਼ੀ ਅਤੇ ਦਵਾਈ ਦੀਆਂ ਦੁਕਾਨਾਂ ਰੋਜ਼ਾਨਾ ਖੁੱਲ੍ਹੀਆਂ ਰਹਿਣਗੀਆਂ ਤੇ ਸਰਕਾਰੀ ਅਤੇ ਗੈਰ-ਸਰਕਾਰੀ ਦਫ਼ਤਰ ਸੀਮਤ ਸਟਾਫ਼ ਨਾਲ ਖੁੱਲ੍ਹਣਗੇ ਅਤੇ ਸੋਸ਼ਲ ਡਿਸਟੈਸਿੰਗ ਕਾਇਮ ਰੱਖਣੀ ਅਤੇ ਮਾਸਕ ਪਹਿਨਣਾ ਲਾਜ਼ਮੀ ਹੈ। ਸ਼ਹਿਰ ਦੇ ਸੰਪਰਕ ਕੇਂਦਰ ਖੁੱਲ੍ਹੇ ਰਹਿਣਗੇ ਅਤੇ ਉੱਥੇ ਰੋਜ਼ਾਨਾ ਦੀ ਤਰ੍ਹਾਂ ਕੰਮਕਾਜ਼ ਹੋਵੇਗਾ।

ਸ਼ਹਿਰ ਵਿੱਚ ਸਥਿਤ ਮਾਲਜ਼, ਸਿਨੇਮਾ ਘਾਰ, ਸੈਲੂਨ, ਬਿਊਟੀ ਪਾਰਲਰ, ਸਪਾ ਕੇਂਦਰ, ਜਿੰਮ, ਰੈਸਟੋਰੈਂਟ ਤੇ ਸੈਕਟਰ-17 ਦੀ ਮਾਰਕੀਟ ਬੰਦ ਰਹੇਗੀ। ਇਸ ਤੋਂ ਇਲਾਵਾ ਘਰਾਂ ਵਿੱਚ ਮੰਗਵਾਏ ਜਾਣ ਵਾਲੇ ਪੱਕੇ ਹੋਏ ਖਾਣੇ ਦੀ ਸਪਲਾਈ ’ਤੇ ਵੀ ਪਾਬੰਦੀ ਰਹੇਗੀ। ਇਸੇ ਦੌਰਾਨ ਸ਼ਹਿਰ ਦੇ ਕੋਚਿੰਗ ਸੈਂਟਰ ਖੁੱਲੇ ਰਹਿਣਗੇ।

Previous articleਪਾਜ਼ੇਟਿਵ ਕੇਸਾਂ ਤੋਂ ਦੋ ਸੂਬਾ ਸਰਕਾਰਾਂ ਕਟਹਿਰੇ ਵਿੱਚ
Next article2 senior army officers among 7 killed in Kashmir gunbattle