ਚੰਡੀਗਡ਼੍ਹ ਦੀ ਸਫ਼ਾਈ ਵਿਵਸਥਾ ਲੀਹੋਂ ਲੱਥੀ

ਚੰਡੀਗੜ੍ਹ ਦੀ ਸਫਾਈ ਵਿਵਸਥਾ ਲੀਹੋਂ ਲੱਥ ਗਈ ਹੈ। ਸ਼ਹਿਰ ਦੀਆਂ ਗਲੀਆਂ, ਖਾਲੀ ਥਾਵਾਂ, ਸੜਕਾਂ ਦੇ ਕੰਢਿਆਂ ਸਮੇਤ ਡੱਡੂਮਾਜਰਾ ਦੇ ਡੰਪਿੰਗ ਗਰਾੳੂਂਡ ਤੱਕ ਲੱਗੇ ਕੂੜੇ ਦੇ ਢੇਰ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਖਡ਼੍ਹੇ ਕਰ ਰਹੇ ਹਨ। ਸ਼ਹਿਰ ਦੀ ਸਫ਼ਾਈ ਵਿਵਸਥਾ ਨਗਰ ਨਿਗਮ ਸਮੇਤ ਇੱਕ ਨਿੱਜੀ ਕੰਪਨੀ ਦੇ ਹਵਾਲੇ ਹੈ। ਚੰਡੀਗੜ੍ਹ ਦੇ ਸੈਕਟਰ-31 ਤੱਕ ਦੀ ਸਫ਼ਾਈ ਵਿਵਸਥਾ ਦੀ ਜ਼ਿੰਮੇਵਾਰੀ ਨਿਗਮ ਅਧੀਨ ਹੈ ਅਤੇ ਬਾਕੀ ਦੇ ਸੈਕਟਰਾਂ ਲਈ ਨਗਰ ਨਿਗਮ ਨੇ ਲਾਇਨਜ਼ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਹੈ। ਇਸ ਕੰਪਨੀ ’ਤੇ ਦੋਸ਼ ਲਗਾਇਆ ਜਾ ਰਿਹਾ ਕਿ ਉਸ ਦੇ ਕਰਮਚਾਰੀ ਕੂੜਾ ਇਕੱਠਾ ਕਰਕੇ ਉਸੇ ਸੈਕਟਰ ਵਿੱਚ ਖਾਲੀ ਪਈਆਂ ਥਾਵਾਂ ’ਤੇ ਸੁੱਟ ਦਿੰਦੇ ਹਨ ਅਤੇ ਨਿਗਮ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।
ਦਲਿਤ ਵੈਲਫੇਅਰ ਕਮੇਟੀ ਦੇ ਪ੍ਰਧਾਨ ਨਰੇਂਦਰ ਚੌਧਰੀ ਨੇ ਦੋਸ਼ ਲਗਾਇਆ ਹੈ ਲਾਇਨਜ਼ ਕੰਪਨੀ ਦੇ ਕਰਮਚਾਰੀਆਂ ਵੱਲੋਂ ਇਥੇ ਸੈਕਟਰ 38 (ਵੈਸਟ) ਸਮੇਤ ਸੈਕਟਰ 42 ਅਤੇ ਸੈਕਟਰ 43 ਦੇ ਜੰਗਲੀ ਇਲਾਕੇ ਵਿੱਚ ਕੂੜਾ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਨਿਗਮ ਕਮਿਸ਼ਨਰ ਸਮੇਤ ਮੇਅਰ ਨੂੰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਠੋਸ ਕਾਰਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜੰਗਲੀ ਇਲਾਕੇ ਵਿੱਚ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਿਗਮ ਕਮਿਸ਼ਨਰ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਵੀ ਸੈਨੀਟੇਸ਼ਨ ਕਮੇਟੀ ਦੇ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਵੱਲੋਂ ਇਸ ਮਾਮਲੇ ਨੂੰ ਲੈਕੇ ਲਾਇਨਜ਼ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਜੋ ਮਹਿਜ ਖਾਨਾਪੂਰਤੀ ਸਾਬਤ ਹੋਈ। ਇਸੇ ਦੌਰਾਨ ਨਿਗਮ ਦੀ ਸੈਨੀਟੇਸ਼ਨ ਕਮੇਟੀ ਦੇ ਚੇਅਰਮੈਨ ਤੇ ਕੌਂਸਲਰ ਸ਼ਕਤੀ ਪ੍ਰਸਾਦ ਦੇਵਸ਼ਾਲੀ ਨੇ ਕਿਹਾ ਕਿ ਉਨ੍ਹਾਂ ਨੇ ਨਿਗਮ ਦੇ ਮੈਡੀਕਲ ਅਫਸਰ ਨੂੰ ਹਦਾਇਤ ਦਿੱਤੀ ਹੈ ਕਿ ਸਫ਼ਾਈ ਦੇ ਮਾਮਲੇ ਬਾਰੇ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।

Previous articleਭਾਜਪਾ ਕਾਰਕੁਨਾਂ ਦੀ ਪੁਲੀਸ ਨਾਲ ਝੜਪ
Next articleਪ੍ਰਧਾਨ ਮੰਤਰੀ ਮੋਦੀ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਬ੍ਰਾਜ਼ੀਲ ਪੁੱਜੇ