ਚੜੂਨੀ ਵੱਲੋਂ ਕਰੋਨਾ ਨਾਲ ਨਜਿੱਠਣ ਲਈ ਸਰਕਾਰ ਨੂੰ ਮਦਦ ਦੀ ਪੇਸ਼ਕਸ਼

ਸ਼ਾਹਬਾਦ ਮਾਰਕੰਡਾ (ਸਮਾਜ ਵੀਕਲੀ) : ਸੰਯੁਕਤ ਕਿਸਾਨ ਮੋਰਚੇ ਦੀ ਰਾਸ਼ਟਰੀ ਕੋਰ ਕਮੇਟੀ ਦੇ ਸੀਨੀਅਰ ਮੈਂਬਰ ਤੇ ਹਰਿਆਣਾ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਅੱਜ ਸਰਕਾਰ ਨੂੰ ਪੇਸ਼ਕਸ਼ ਕੀਤੀ ਹੈ ਕਿ ਜੇਕਰ ਸਰਕਾਰ ਨੂੰ ਆਕਸੀਜਨ, ਬੈੱਡ ਜਾਂ ਹੋਰ ਸਮੱਗਰੀ ਦੀ ਢੋਆ-ਢੁਆਈ ਦੀ ਕੋਈ ਦਿੱਕਤ ਆ ਰਹੀ ਹੈ ਤਾਂ ਹਰਿਆਣਾ ਭਾਕਿਯੂ ਦੇ ਕਾਰਕੁਨ ਆਪਣੇ ਟਰੈਕਟਰ-ਟਰਾਲੀਆਂ ਰਾਹੀਂ ਇਹ ਸੇਵਾ ਮੁਫ਼ਤ ਕਰਨ ਲਈ ਤਿਆਰ ਹਨ ਅਤੇ ਇਸ ਲਈ ਉਹ ਤੇਲ ਦਾ ਖਰਚ ਵੀ ਖ਼ੁਦ ਕਰਨਗੇ। ਉਨ੍ਹਾਂ ਇਹ ਵੀ ਦੁਹਰਾਇਆ ਕਿ ਅੰਦੋਲਨਕਾਰੀ ਕਿਸਾਨ ਕੇਂਦਰ ਸਰਕਾਰ ਕੋਲੋਂ ਆਪਣੀਆਂ ਮੰਗਾਂ ਮੰਨਵਾਉਣ ਤਕ ਸੰਘਰਸ਼ ਜਾਰੀ ਰੱਖਣ ਲਈ ਦ੍ਰਿੜ ਹਨ। ਜ਼ਿਕਰਯੋਗ ਹੈ ਕਿ ਕਿਸਾਨਾਂ ਦਾ ਇਹ ਅੰਦੋਲਨ 26 ਨਵੰਬਰ 2020 ਤੋਂ ਨਿਰੰਤਰ ਜਾਰੀ ਹੈ।

ਕਿਸਾਨਾਂ ਦੀਆਂ ਮੰਗਾਂ ਵਿੱਚ ਤਿੰਨੇ ਖੇਤੀ ਕਾਨੂੰਨ ਵਾਪਸ ਕਰਵਾਉਣਾ, ਬਿਜਲੀ ਸੋਧ ਬਿੱਲ-2020 ਰੱਦ ਕਰਵਾਉਣਾ ਅਤੇ ਐੱਮਐੱਸਪੀ ’ਤੇ ਫ਼ਸਲ ਦੀ ਖ਼ਰੀਦ ਗਾਰੰਟੀ ਵਾਲਾ ਕਾਨੂੰਨ ਬਣਾਉਣਾ ਸ਼ਾਮਲ ਹਨ। ਚੜੂਨੀ ਨੇ ਕਿਹਾ ਕਿ ਕਿਸਾਨ ਅੰਦੋਲਨ ਵਿਸ਼ਵ ਦਾ ਪਹਿਲਾ ਅਜਿਹਾ ਅੰਦੋਲਨ ਹੈ, ਜੋ ਰਿਕਾਰਡ ਦਿਨਾਂ ਤੋਂ ਨਿਰਵਿਘਨ ਸ਼ਾਂਤੀ ਪੂਰਵਕ ਜਾਰੀ ਹੈ।

ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਮੱਥਾ ਲਾਉਣ ਵਾਲੀ ਸਰਕਾਰ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕਦੀ। ਕਿਸਾਨ ਆਗੂ ਨੇ ਦਾਅਵੇ ਨਾਲ ਕਿਹਾ ਕਿ ਅਜੇ ਤਾਂ ਭਾਜਪਾ ਬੰਗਾਲ ਵਿੱਚ ਚੋਣਾਂ ਹਾਰੀ ਹੈ, ਅਗਲਾ ਨੰਬਰ ਉੱਤਰ ਪ੍ਰਦੇਸ਼ ਤੇ ਉਤਰਾਖੰਡ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ। ਗੁਰਨਾਮ ਸਿੰਘ ਚੜੂਨੀ ਸ਼ਾਹਬਾਦ ਨਾਲ ਸਬੰਧਤ ਹਨ ਅਤੇ ਇਹ ਖੁਲਾਸਾ ਅੱਜ ਉਨ੍ਹਾਂ ਟੈਲੀਫੋਨ ’ਤੇ ਗੱਲਬਾਤ ਦੌਰਾਨ ਕੀਤਾ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਟਾਲਿਨ ਨੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ
Next articleਦੇਸ਼ ’ਚ ਕੋਵਿਡ-19 ਕਾਰਨ ਪੈਦਾ ਹੋਏ ਗੰਭੀਰ ਹਾਲਾਤ ’ਤੇ ਪਾਰਟੀ ਸੰਸਦ ਮੈਂਬਰਾਂ ਨਾਲ ਚਰਚਾ ਕਰ ਰਹੀ ਹੈ ਸੋਨੀਆ ਗਾਂਧੀ