ਚੋਹਲਾ ਸਾਹਿਬ ਤੇ ਪਠਾਨਕੋਟ ’ਚ ਘਰਾਂ ਦੇ ਸਾਮਾਨ ਦਾ ਨੁਕਸਾਨ

ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਬ੍ਰਹਮਪੁਰਾ ’ਚ ਬੀਤੀ ਰਾਤ ਮੀਂਹ ਤੇ ਤੂਫ਼ਾਨ ਦੌਰਾਨ ਦਲਿਤ ਪਰਿਵਾਰ ਦੇ ਘਰ ਉੱਪਰ ਅਸਮਾਨੀ ਬਿਜਲੀ ਡਿੱਗ ਗਈ। ਬਿਜਲੀ ਡਿੱਗਣ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਅੱਗ ਲੱਗਣ ਨਾਲ ਗ਼ਰੀਬ ਪਰਿਵਾਰ ਦੇ ਘਰ ’ਚ ਪਿਆ ਸਾਮਾਨ ਸੜ ਜਾਣ ਨਾਲ ਬਹੁਤ ਨੁਕਸਾਨ ਹੋਇਆ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਜ਼ੁਰਗ ਉਜਾਗਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਦਿਲਬਾਗ ਸਿੰਘ ਅਤੇ ਅਜੀਤ ਸਿੰਘ ਹਨ ਜੋ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਬੀਤੀ ਰਾਤ ਉਹ ਘਰ ਵਿੱਚ ਸੁੱਤੇ ਹੋਏ ਸੀ ਤਾਂ ਅਚਾਨਕ ਰਾਤ 12 ਵਜੇ ਦੇ ਕਰੀਬ ਇਕ ਧਮਾਕਾ ਹੋਇਆ। ਉਹ ਬਾਹਰ ਨਿਕਲ ਆਏ ਅਤੇ ਵੇਖਿਆ ਕਿ ਅਸਮਾਨੀ ਬਿਜਲੀ ਉਨ੍ਹਾਂ ਦੇ ਘਰ ਉੱਪਰ ਡਿੱਗਣ ਨਾਲ ਘਰ ਵਿਚ ਪਿਆ ਸਾਮਾਨ ਟੀਵੀ, ਫਰਿੱਜ, ਅਲਮਾਰੀ, ਬੈੱਡ, ਪੱਖੇ, ਬਿਸਤਰੇ ਅਤੇ ਕੱਪੜੇ ਆਦਿ ਹੋਰ ਵੀ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਏ ਸਨ। ਉਜਾਗਰ ਸਿੰਘ ਨੇ ਕਿਹਾ ਕਿ ਉਸ ਦਾ ਪਰਿਵਾਰ ਬਹੁਤ ਹੀ ਗ਼ਰੀਬ ਹੈ ਅਤੇ ਮਿਹਨਤ ਮਜ਼ਦੂਰੀ ਕਰਕੇ ਦੋ ਵਕਤ ਦੀ ਰੋਟੀ ਦਾ ਕੰਮ ਚੱਲਦਾ ਹੈ ਪਰ ਕੁਦਰਤ ਦੀ ਇਸ ਕਰੋਪੀ ਕਾਰਨ ਉਨ੍ਹਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਤੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ। ਉੱਧਰ ਪਿੰਡ ਦੇ ਮੋਹਤਬਰ ਬਖਸ਼ੀਸ਼ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਇਸ ਘਟਨਾ ਨਾਲ ਪਰਿਵਾਰ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਲਈ ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਗਰੀਬ ਪਰਿਵਾਰ ਨੂੰ ਯੋਗ ਮੁਆਵਜ਼ਾ ਦੇ ਕੇ ਵਿੱਤੀ ਸਹਾਇਤਾ ਕੀਤੀ ਜਾਵੇ।

Previous articleਸਫ਼ਾਈ ਕਾਮਿਆਂ ਦੇ ਹੱਕ ’ਚ ਨਿੱਤਰਿਆ ਕਰਮਚਾਰੀ ਸੰਗਠਨ
Next articleਨਗਰ ਨਿਗਮ ਲੁਧਿਆਣਾ ਵੱਲੋਂ 1044 ਕਰੋੜ ਦੇ ਬਜਟ ਨੂੰ ਝੰਡੀ