ਚੋਣ ਪ੍ਰਚਾਰ ਨੇ ਫੜੀ ਰਫ਼ਤਾਰ

ਵੜਿੰਗ ਤੇ ਮਨਪ੍ਰੀਤ ਵੱਲੋਂ ਰੋਡ ਸ਼ੋਅ

ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਰਾਜਾ ਵੜਿੰਗ ਨੇ ਅੱਜ ਬਠਿੰਡਾ ਸ਼ਹਿਰ ਵਿਚ ‘ਏਕਤਾ ਦਾ ਸ਼ੋਅ’ ਕਰ ਕੇ ਲੋਕਾਂ ਦੇ ਭੁਲੇਖੇ ਦੂਰ ਕਰਨ ਦਾ ਯਤਨ ਕੀਤਾ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਇਸ ਮੌਕੇ ਰਾਜਾ ਵੜਿੰਗ ਨੂੰ ਪੰਜਾਬ ਕਾਂਗਰਸ ਦਾ ਹਰੀ ਸਿੰਘ ਨਲੂਆ ਕਰਾਰ ਦਿੱਤਾ। ਦੋਵਾਂ ਨੇ ਇਸ ਮੌਕੇ ਇੱਕ-ਦੂਜੇ ਦੀ ਤਾਰੀਫ਼ ਕੀਤੀ। ਦੱਸਣਯੋਗ ਹੈ ਕਿ ਅੰਦਰੋਂ ਅੰਦਰੀ ਇਹ ਗੱਲ ਫੈਲ ਰਹੀ ਸੀ ਕਿ ਰਾਜਾ ਵੜਿੰਗ ਨੇ ਗਿੱਦੜਬਾਹਾ ਵਿਚ ਮਨਪ੍ਰੀਤ ਬਾਦਲ ਨੂੰ ਹਰਾਇਆ ਸੀ ਜਿਸ ਕਰਕੇ ਮਨਪ੍ਰੀਤ ਬਾਦਲ ਪੁਰਾਣੀ ਹਾਰ ਭੁੱਲਣਗੇ ਨਹੀਂ। ਮਨਪ੍ਰੀਤ ਬਾਦਲ ਨੇ ਸਾਫ਼ ਕਰ ਦਿੱਤਾ ਕਿ ਬਠਿੰਡਾ ਸ਼ਹਿਰੀ ਹਲਕਾ ਪੁਰਾਣੇ ਰਿਕਾਰਡ ਤੋੜ ਦੇਵੇਗਾ ਅਤੇ ਹਲਕੇ ਨੂੰ ਚੰਗਾ ਉਮੀਦਵਾਰ ਮਿਲਿਆ ਹੈ। ਰਾਜਾ ਵੜਿੰਗ ਨੇ ਆਖਿਆ ਕਿ ਜੋ ਉਸ ਨੂੰ ਹਲਕੇ ਤੋਂ ਬਾਹਰਲਾ ਦੱਸ ਰਹੇ ਹਨ, ਉਹ ਇਹ ਵੀ ਦੱਸਣ ਕਿ ਸੁਖਬੀਰ ਬਾਦਲ ਫਿਰੋਜ਼ਪੁਰ ਵਿਚ ਕਿਵੇਂ ਅੰਦਰਲਾ ਉਮੀਦਵਾਰ ਹੋਇਆ। ਉਸ ਦਾ ਹਲਕਾ ਗਿੱਦੜਬਾਹਾ ਤਾਂ ਬਠਿੰਡਾ ਦੇ ਐਨ ਨਾਲ ਲੱਗਦਾ ਹੈ। ਵੜਿੰਗ ਨੇ ਸ਼ਹਿਰੀ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਪਹਿਲੀ ਆਵਾਜ਼ ’ਤੇ ਲੋਕਾਂ ਦੇ ਦੁੱਖ-ਸੁੱਖ ਵਿਚ ਖੜ੍ਹੇਗਾ। ਰਾਜਾ ਵੜਿੰਗ ਨੇ ਬਾਦਲਾਂ ਨੂੰ ਰਗੜੇ ਲਾਉਂਦਿਆਂ ਬੇਅਦਬੀ ਦੇ ਮਾਮਲੇ ਨੂੰ ਉਭਾਰਿਆ। ਰਾਜਾ ਵੜਿੰਗ ਨੇ ਕਿਹਾ ਕਿ ਬਾਦਲ ਆਪਣੇ ਆਪ ਨੂੰ ਪੰਥ ਦੇ ਵਾਰਿਸ ਦੱਸਦੇ ਹਨ ਜਦਕਿ ਉਨ੍ਹਾਂ ਦੇ ਰਾਜ ਵਿਚ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ। ਰਾਜਾ ਵੜਿੰਗ ਨੇ ਇਸ ਮੌਕੇ ਬੇਅਦਬੀ ਕਾਂਡ ਦੀ ਜਾਂਚ ਲਈ ਬਣੇ ‘ਸਿਟ’ ਦੇ ਤਬਦੀਲ ਕੀਤੇ ਮੈਂਬਰ ਆਈਜੀ ਕੁੰਵਰ ਵਿਜੈ ਪ੍ਰਤਾਪ ਦੀ ਸਿਫ਼ਤ ਕੀਤੀ। ਇਸ ਮੌਕੇ ਜੈਜੀਤ ਸਿੰਘ ਜੌਹਲ, ਸਾਬਕਾ ਚੇਅਰਮੈਨ ਜਗਰੂਪ ਸਿੰਘ ਗਿੱਲ, ਕਾਂਗਰਸ ਦੇ ਸਕੱਤਰ ਕੇ.ਕੇ. ਅਗਰਵਾਲ, ਸ਼ਹਿਰੀ ਪ੍ਰਧਾਨ ਵਧਾਵਨ ਤੇ ਹੋਰ ਹਾਜ਼ਰ ਸਨ। ਦੋਵਾਂ ਆਗੂਆਂ ਨੇ ਸ਼ਹਿਰ ਵਿਚ ਇੱਕੋ ਖੁੱਲ੍ਹੀ ਗੱਡੀ ਵਿਚ ਗੇੜਾ ਲਾਇਆ। ਸਾਬਕਾ ਅਕਾਲੀ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਨੇ ਇਸ ਮੌਕੇ ਕਾਂਗਰਸ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।

Previous articleNASA lander detects ‘first Marsquake’
Next articleਤੀਜੇ ਗੇੜ ’ਚ 66 ਫੀਸਦ ਪੋਲਿੰਗ