ਚੋਕਸੀ ਨੂੰ ਲੈਣ ਗਈ ਟੀਮ ਖਾਲੀ ਪਰਤੀ

ਨਵੀਂ ਦਿੱਲੀ (ਸਮਾਜ ਵੀਕਲੀ): ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਵਾਪਸ ਲਿਆਉਣ ’ਚ ਭਾਰਤ ਖੁੰਝ ਗਿਆ ਹੈ ਅਤੇ ਭਾਰਤ ਵੱਲੋਂ ਭੇਜੀ ਗਈ ਵੱਖ ਵੱਖ ਏਜੰਸੀਆਂ ਦੇ ਅਧਿਕਾਰੀਆਂ ਦੀ ਟੀਮ ਕਤਰ ਏਅਰਵੇਜ਼ ਦੇ ਨਿੱਜੀ ਜਹਾਜ਼ ਰਾਹੀਂ ਵਾਪਸ ਆ ਰਹੀ ਹੈ।  ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਚੋਕਸੀ ਦੇ ਵਕੀਲਾਂ ਵੱਲੋਂ ਡੌਮੀਨਿਕਾ ਹਾਈ ਕੋਰਟ ’ਚ ਦਾਇਰ ਹੈਬੀਅਸ ਕੋਰਪਸ ਪਟੀਸ਼ਨ (ਮੁਲਜ਼ਮ ਨੂੰ ਅਦਾਲਤ ’ਚ ਨਿੱਜੀ ਤੌਰ ’ਤੇ ਪੇਸ਼ ਕਰਨਾ) ’ਤੇ ਸੁਣਵਾਈ ਮੁਲਤਵੀ ਹੋਣ ਹੋਣ ਮਗਰੋਂ ਇਹ ਟੀਮ ਵਾਪਸ ਆ ਰਹੀ ਹੈ।

ਸੀਬੀਆਈ ਦੇ ਡਿਪਟੀ ਡਾਇਰੈਕਟਰ ਜਨਰਲ ਸ਼ਰਦ ਰਾਊਤ ਦੀ ਅਗਵਾਈ ਵਾਲੀ ਅਧਿਕਾਰੀਆਂ ਦੀ ਇਹ ਟੀਮ ਤਕਰੀਬਨ ਸੱਤ ਦਿਨ ਡੌਮੀਨਿਕਾ ’ਚ ਰਹੀ। ਇਸ ਟੀਮ ’ਚ ਸੀਬੀਆਈ, ਈਡੀ ਤੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਸ਼ਾਮਲ ਸਨ। ਇਸ ਮਾਮਲੇ ’ਤੇ ਅਗਲੀ ਸੁਣਵਾਈ 14 ਜੂਨ ਨੂੰ ਹੋਵੇਗੀ। ਏਜੰਸੀਆਂ ਦੇ ਸੂਤਰਾਂ ਨੇ ਦੱਸਿਆ ਕਿ ਕਤਰ ਏਅਰਵੇਜ਼ ਦੇ ਨਿੱਜੀ ਜਹਾਜ਼ ਨੇ ਬੀਤੇ ਦਿਨ ਡੌਮੀਨਿਕਾ ਤੋਂ ਉਡਾਣ ਭਰੀ ਸੀ। ਇਸ ਜਹਾਜ਼ ’ਚ ਭਾਰਤ ਤੋਂ ਗਏ ਏਜੰਸੀਆਂ ਦੇ ਅਧਿਕਾਰੀਆਂ ਦੀ ਟੀਮ ਤੇ ਸੀਆਰਪੀਐੱਪ ਦੇ ਦੋ ਕਮਾਂਡੋ ਸਵਾਰ ਹਨ।

ਉਧਰ ਐਂਟੀਗਾ ਤੇ ਬਰਬੂਡਾ ਦੇ ਮੰਤਰੀ ਮੰਡਲ ਦੀ ਮੀਟਿੰਗ ’ਚ ਫ਼ੈਸਲਾ ਹੋਇਆ ਹੈ ਕਿ ਉਹ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੌਮੀਨਿਕਾ ਤੋਂ ਸਿੱਧੇ ਭਾਰਤ ਹਵਾਲੇ ਕਰਨ ਨੂੰ ਤਰਜੀਹ ਦੇੇਵੇਗਾ।

ਸਥਾਨਕ ਮੀਡੀਆ ’ਚ ਆਈਆਂ ਰਿਪੋਰਟਾਂ ’ਚ ਮੰਤਰੀ ਮੰਡਲ ਦੀ ਮੀਟਿੰਗ ਦਾ ਬਿਓਰਾ ਪ੍ਰਕਾਸ਼ਿਤ ਕੀਤਾ ਗਿਆ ਹੈ।

ਇਸ ’ਚ ਕਿਹਾ ਗਿਆ ਹੈ ਕਿ ਲੰਘੇ ਬੁੱਧਵਾਰ ਨੂੰ ਹੋਈ ਮੀਟਿੰਗ ’ਚ ਜੋ ਮਾਮਲੇ ਵਿਚਾਰੇ ਗਏ ਹਨ ਉਨ੍ਹਾਂ ’ਚੋਂ ਇੱਕ ਚੋਕਸੀ ਨਾਲ ਵੀ ਸਬੰਧਤ     ਸੀ। ਇਸ ’ਚ ਕਿਹਾ ਗਿਆ ਹੈ      ਕਿ ਉਹ ਹੁਣ ਡੌਮੀਨਿਕਾ ਦੀ ਸਮੱਸਿਆ ਹੈ ਅਤੇ ਜੇਕਰ ਚੋਕਸੀ ਵਾਪਸ ਐਂਟੀਗਾ ਤੇ ਬਰਬੂਡਾ  ਆਉਂਦਾ ਹੈ ਤਾਂ ਸਮੱਸਿਆ ਉਨ੍ਹਾਂ ਕੋਲ ਮੁੜ ਆਵੇਗੀ।

ਪ੍ਰਧਾਨ ਮੰਤਰੀ ਗਾਸਟਨ ਬ੍ਰਾਊਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ’ਚ ਸ਼ਾਮਲ ਹੋਏ ਮੰਤਰੀਆਂ ਨੇ ਕਿਹਾ, ‘ਐਂਟੀਗਾ ਤੇ ਬਰਬੂਡਾ ਮੰਤਰੀ ਮੰਡਲ ਚਾਹੁੰਦਾ ਹੈ ਕਿ ਚੋਕਸੀ ਨੂੰ ਡੌਮੀਨਿਕਾ ਤੋਂ ਸਿੱਧਾ ਭਾਰਤ ਹਵਾਲੇ ਕੀਤਾ ਜਾਵੇ।’

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਤੋਂ ਕੋਵਿਡ ਵੈਕਸੀਨ ਵਾਪਸ ਲੈਣ ਦੇ ਹੁਕਮ
Next articleProbe launched into racism allegations in S.African school