ਚੀਨ ਨੇ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਨੂੰ ‘ਅਤਿਵਾਦੀ’ ਦੱਸ ਕੇ ਭੰਡਿਆ

ਟਰੰਪ ਨੇ ਚੀਨ ਵੱਲੋਂ ਹਾਂਗ ਕਾਂਗ ਵਿੱਚ ਫ਼ੌਜੀ ਦਖ਼ਲ ਦਾ ਖ਼ਦਸ਼ਾ ਜਤਾਇਆ

ਚੀਨ ਨੇ ਹਾਂਗ ਕਾਂਗ ਹਵਾਈ ਅੱਡੇ ਉੱਤੇ ਜਮਹੂਰੀਅਤ ਪੱਖੀ ਪ੍ਰਦਰਸ਼ਨਕਾਰੀਆਂ ਵੱਲੋਂ ਚੀਨੀ ਨਾਗਰਿਕਾਂ ’ਤੇ ਕੀਤੇ ਹਮਲਿਆਂ ਨੂੰ ‘ਦਹਿਸ਼ਤੀ ਹਮਲੇ’ ਦੱਸਿਆ ਹੈ। ਉਂਜ ਇਹ ਲਗਾਤਾਰ ਦੂਜਾ ਦਿਨ ਹੈ ਜਦੋਂ ਹਾਂਗ ਕਾਂਗ ਹਵਾਈ ਅੱਡੇ ’ਤੇ ਕੀਤੇ ਜਾ ਰਹੇ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਲਿਆ ਹੈ। ਰੈਲੀਆਂ ਕਰਕੇ ਵਿਸ਼ਵ ਦੇ ਸਭ ਤੋਂ ਭੀੜ-ਭੜੱਕੇ ਵਾਲੇ ਹਵਾਈ ਅੱਡੇ ਦਾ ਕੰਮ ਬਿਲਕੁਲ ਖੜ੍ਹ ਗਿਆ ਹੈ। ਮੰਗਲਵਾਰ ਰਾਤ ਵੀ ਹਵਾਈ ਅੱਡੇ ’ਤੇ ਤਿੱਖੀਆਂ ਝੜਪਾਂ ਵੇਖਣ ਨੂੰ ਮਿਲੀਆਂ, ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੇ ਦੋ ਵਿਅਕਤੀਆਂ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਅਮਰੀਕੀ ਸਦਰ ਡੋਨਲਡ ਟਰੰਪ ਨੇ ਖ਼ਦਸ਼ਾ ਜਤਾਇਆ ਹੈ ਕਿ ਪੇਈਚਿੰਗ ਹਾਂਗ ਕਾਂਗ ਵਿੱਚ ਜਾਰੀ ਤਲਖੀ ਨੂੰ ਖ਼ਤਮ ਕਰਨ ਲਈ ਫ਼ੌਜੀ ਦਖ਼ਲ ਦੇ ਸਕਦਾ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਇੰਟੈਲੀਜੈਂਸ ਨੇ ਚੀਨੀ ਫੌਜਾਂ ਦੇ ਹਾਂਗ ਕਾਂਗ ਸਰਹੱਦ ਵੱਲ ਵਧਣ ਦੀ ਪੁਸ਼ਟੀ ਕੀਤੀ ਹੈ। ਸਟੇਟ ਕੌਂਸਲ ਦੀ ਹਾਂਗਕਾਂਗ ਤੇ ਮਕਾਓ ਮਾਮਲਿਆਂ ਬਾਰੇ ਤਰਜਮਾਨ ਸੂ ਲੁਇੰਗ ਨੇ ਕਿਹਾ, ‘ਅਸੀਂ ਇਸ ਦਹਿਸ਼ਤੀ ਹਮਲੇ ਜਿਹੀ ਕਾਰਵਾਈ ਦਾ ਸਖ਼ਤੀ ਨਾਲ ਨਿਖੇਧੀ ਕਰਦੇ ਹਾਂ।’ ਤਰਜਮਾਨ ਨੇ ਕਿਹਾ ਕਿ ਜਿਨ੍ਹਾਂ ਦੋ ਵਿਅਕਤੀਆਂ ਦੀ ਲੰਘੀ ਰਾਤ ਹਵਾਈ ਅੱਡੇ ’ਤੇ ਕੁੱਟਮਾਰ ਕੀਤੀ ਗਈ, ਉਹ ‘ਚੀਨੀ ਨਾਗਰਿਕ’ ਹਨ। ਚੀਨ ਨੇ ਕਿਹਾ ਕਿ ‘ਅਤਿਵਾਦ ਦੇ ਸਿਰ ਚੁੱਕਣ’ ਦੇ ਨਿਸ਼ਾਨ ਸਾਫ਼ ਵਿਖਾਈ ਦੇ ਰਹੇ ਹਨ। ਸਰਕਾਰੀ ਮੀਡੀਆ ਨੇ ਇਕ ਵੀਡੀਓ ਨਸ਼ਰ ਕੀਤੀ ਹੈ, ਜਿਸ ਵਿੱਚ ਕੁਝ ਹਥਿਆਰਬੰਦ ਵਿਅਕਤੀ ਹਾਂਗ ਕਾਂਗ ਨਾਲ ਲਗਦੀ ਸਰਹੱਦ ਵੱਲ ਵਧਦੇ ਵਿਖਾਈ ਦੇ ਰਹੇ ਹਨ।

Previous article‘ਅਖੰਡ ਭਾਰਤ’ ਲਈ 370 ਨੂੰ ਮਨਸੂਖ਼ ਕਰਨਾ ਜ਼ਰੂਰੀ ਸੀ: ਨਾਇਡੂ
Next articleਮਨੀ ਲਾਂਡਰਿੰਗ: ਰਤੁਲ ਪੁਰੀ ਨੂੰ ਗ੍ਰਿਫ਼ਤਾਰੀ ਤੋਂ ਅੰਤ੍ਰਿਮ ਰਾਹਤ